ਬਾਪੂ ਦੇ ਸੁਪਨੇ ਪੂਰੇ ਕਰਨ ਲਈ ਇਕਜੁੱਟ ਹੋਇਆ ਭਾਰਤ

Tuesday, Oct 02, 2018 - 07:14 AM (IST)

ਅੱਜ ਅਸੀਂ ਪਿਆਰੇ ਬਾਪੂ ਮਹਾਤਮਾ ਗਾਂਧੀ ਦੇ 150ਵੇਂ ਜਨਮ ਦਿਨ ਦੇ ਆਯੋਜਨਾਂ ਦੀ ਸ਼ੁਰੂਆਤ ਕਰ ਰਹੇ ਹਾਂ। ਬਾਪੂ ਅੱਜ ਵੀ ਦੁਨੀਆ ’ਚ ਉਨ੍ਹਾਂ ਲੱਖਾਂ-ਕਰੋੜਾਂ ਲੋਕਾਂ ਲਈ ਆਸ ਦੀ ਕਿਰਨ ਹਨ, ਜੋ ਬਰਾਬਰੀ, ਸਨਮਾਨ ਤੇ ਸਸ਼ਕਤੀਕਰਨ ਨਾਲ ਭਰਪੂਰ ਜ਼ਿੰਦਗੀ ਜਿਊਣਾ ਚਾਹੁੰਦੇ ਹਨ। ਵਿਰਲੇ ਹੀ ਲੋਕ ਅਜਿਹੇ ਹੋਣਗੇ, ਜਿਨ੍ਹਾਂ ਨੇ ਮਨੁੱਖੀ ਸਮਾਜ ’ਤੇ ਉਨ੍ਹਾਂ ਵਰਗਾ ਡੂੰਘਾ ਪ੍ਰਭਾਵ ਛੱਡਿਆ ਹੋਵੇ।
ਮਹਾਤਮਾ ਗਾਂਧੀ ਨੇ ਭਾਰਤ ਨੂੰ ਸਹੀ ਅਰਥਾਂ ’ਚ ਸਿਧਾਂਤ ਤੇ ਰਵੱਈਏ ਨਾਲ ਜੋੜਿਆ ਸੀ। ਸਰਦਾਰ ਪਟੇਲ ਨੇ ਠੀਕ ਹੀ ਕਿਹਾ ਸੀ ਕਿ ‘‘ਭਾਰਤ ਵੰਨ-ਸੁਵੰਨਤਾਵਾਂ ਵਾਲਾ ਦੇਸ਼ ਹੈ। ਅਜਿਹਾ ਕੋਈ ਹੋਰ ਦੇਸ਼ ਇਸ ਧਰਤੀ ’ਤੇ ਨਹੀਂ ਹੈ।
 ਜੇ ਕੋਈ ਅਜਿਹਾ ਵਿਅਕਤੀ ਸੀ, ਜਿਸ ਨੇ ਬਸਤੀਵਾਦ ਵਿਰੁੱਧ ਸੰਘਰਸ਼ ਲਈ ਸਾਰਿਆਂ ਨੂੰ ਇਕਜੁੱਟ ਕੀਤਾ, ਲੋਕਾਂ ਨੂੰ ਮਤਭੇਦਾਂ ਤੋਂ ਉਪਰ ਚੁੱਕਿਆ ਅਤੇ ਵਿਸ਼ਵ ਮੰਚ ’ਤੇ ਭਾਰਤ ਦਾ ਮਾਣ ਵਧਾਇਆ ਤਾਂ ਉਹ ਸਿਰਫ ਮਹਾਤਮਾ ਗਾਂਧੀ ਹੀ ਸਨ। ਇਸ ਦੀ ਸ਼ੁਰੂਆਤ ਉਨ੍ਹਾਂ ਨੇ ਭਾਰਤ ਤੋਂ ਨਹੀਂ ਸਗੋਂ ਦੱਖਣੀ ਅਫਰੀਕਾ ਤੋਂ ਕੀਤੀ ਸੀ। ਬਾਪੂ ਨੇ ਭਵਿੱਖ ਦਾ ਅੰਦਾਜ਼ਾ ਲਾਇਆ  ਅਤੇ ਸਥਿਤੀਆਂ ਨੂੰ ਵਿਆਪਕ ਸੰਦਰਭ ’ਚ ਸਮਝਿਆ। ਉਹ ਆਪਣੇ ਸਿਧਾਂਤਾਂ ’ਤੇ ਆਖਰੀ ਦਮ  ਤਕ ਡਟੇ ਰਹੇ।’’
21ਵੀਂ ਸਦੀ ’ਚ ਵੀ ਮਹਾਤਮਾ ਗਾਂਧੀ ਦੇ ਵਿਚਾਰ ਓਨੇ ਹੀ ਢੁੱਕਵੇਂ ਹਨ, ਜਿੰਨੇ ਉਨ੍ਹਾਂ ਦੇ ਸਮੇਂ ’ਚ ਸਨ ਤੇ ਉਹ ਅਜਿਹੀਆਂ ਕਈ ਸਮੱਸਿਆਵਾਂ ਨੂੰ ਹੱਲ ਕਰ ਸਕਦੇ ਸਨ, ਜਿਨ੍ਹਾਂ ਦਾ ਸਾਹਮਣਾ ਅੱਜ ਦੁਨੀਆ ਕਰ ਰਹੀ ਹੈ। ਇਕ ਅਜਿਹੀ ਦੁਨੀਆ ’ਚ ਜਿਥੇ ਅੱਜ ਅੱਤਵਾਦ, ਕੱਟੜਵਾਦ ਤੇ ਵਿਚਾਰਹੀਣ ਨਫਰਤ ਦੇਸ਼ਾਂ, ਭਾਈਚਾਰਿਆਂ/ਸਮਾਜਾਂ ਨੂੰ ਵੰਡ ਰਹੀ ਹੈ, ਉਥੇ ਹੀ ਸ਼ਾਂਤੀ ਤੇ ਅਹਿੰਸਾ ਦੇ ਗਾਂਧੀ ਦੇ ਸਪੱਸ਼ਟ ਸੱਦੇ ’ਚ ਮਨੁੱਖਤਾ ਨੂੰ ਇਕਜੁੱਟ ਕਰਨ ਦੀ ਤਾਕਤ ਸੀ। 
ਅਜਿਹੇ ਯੁੱਗ ’ਚ ਜਿਥੇ ਨਾ-ਬਰਾਬਰੀ ਹੋਣੀ ਸੁਭਾਵਿਕ ਹੈ, ਬਾਪੂ ਦਾ ਬਰਾਬਰੀ ਤੇ ਸਮੁੱਚੇ ਵਿਕਾਸ ਦਾ ਸਿਧਾਂਤ ਵਿਕਾਸ ਦੇ ਆਖਰੀ ਪੌਡੇ ’ਤੇ ਰਹਿ ਰਹੇ ਲੱਖਾਂ ਲੋਕਾਂ ਲਈ ਖੁਸ਼ਹਾਲੀ ਦੇ ਇਕ ਨਵੇਂ ਯੁੱਗ ਦੀ ਸ਼ੁਰੂਆਤ ਕਰ ਸਕਦਾ ਹੈ। ਅੱਜ ਜਦੋਂ ਪੌਣ-ਪਾਣੀ ’ਚ ਤਬਦੀਲੀ ਤੇ ਚੌਗਿੰਰਦੇ ਦੀ ਰੱਖਿਆ ਦਾ ਵਿਸ਼ਾ ਚਰਚਾ ’ਚ ਹੈ, ਦੁਨੀਆ ਨੂੰ ਗਾਂਧੀ ਜੀ ਦੇ  ਵਿਚਾਰਾਂ ਨਾਲ ਸਹਾਰਾ ਮਿਲ ਸਕਦਾ ਹੈ। ਉਨ੍ਹਾਂ ਨੇ ਇਕ ਸਦੀ ਤੋਂ ਵੀ ਜ਼ਿਆਦਾ ਸਮਾਂ ਪਹਿਲਾਂ (1909 ’ਚ) ਮਨੁੱਖ ਦੀ ਲੋੜ ਤੇ ਉਸ ਦੇ ਲਾਲਚ ਵਿਚਾਲੇ ਫਰਕ ਸਪੱਸ਼ਟ ਕੀਤਾ ਸੀ।
ਗਾਂਧੀ ਜੀ ਨੇ ਕੁਦਰਤੀ ਸੋਮਿਆਂ ਦੀ ਵਰਤੋਂ ਕਰਦੇ ਸਮੇਂ ਸੰਜਮ ਤੇ ਦਇਆ ਦੀ ਪਾਲਣਾ ਕਰਨ ਦੀ ਸਲਾਹ ਦਿੱਤੀ ਤੇ ਖੁਦ ਇਨ੍ਹਾਂ ਦੀ  ਪਾਲਣਾ ਕਰ ਕੇ ਮਿਸਾਲ ਕਾਇਮ ਕਰਦਿਆਂ ਦੇਸ਼ ਦੀ ਅਗਵਾਈ ਕੀਤੀ। ਉਹ ਆਪਣਾ ਪਖਾਨਾ ਖੁਦ ਸਾਫ ਕਰਦੇ ਸਨ ਤੇ ਆਸ-ਪਾਸ ਦੇ ਵਾਤਾਵਰਣ ਦੀ ਸਫਾਈ ਯਕੀਨੀ ਬਣਾਉਂਦੇ ਸਨ। ਉਹ ਇਹ ਵੀ ਯਕੀਨੀ ਬਣਾਉਂਦੇ ਸਨ ਕਿ ਪਾਣੀ ਘੱਟ ਤੋਂ ਘੱਟ ਬਰਬਾਦ ਹੋਵੇ। ਅਹਿਮਦਾਬਾਦ ’ਚ ਉਨ੍ਹਾਂ ਨੇ ਇਸ ਗੱਲ ’ਤੇ ਵਿਸ਼ੇਸ਼ ਧਿਆਨ ਦਿੱਤਾ ਕਿ ਦੂਸ਼ਿਤ ਪਾਣੀ ਸਾਬਰਮਤੀ ਨਦੀ ਦੇ ਪਾਣੀ ’ਚ ਨਾ ਮਿਲੇ।
ਕੁਝ ਹੀ ਸਮਾਂ ਪਹਿਲਾਂ ਗਾਂਧੀ ਜੀ ਵਲੋਂ ਲਿਖੇ ਇਕ ਸਾਰਥਕ ਤੇ ਸੰਖੇਪ ਲੇਖ ਨੇ ਮੇਰਾ ਧਿਆਨ ਖਿੱਚਿਆ। ਸੰਨ 1941 ’ਚ ਬਾਪੂ ਨੇ ‘ਰਚਨਾਤਮਕ ਪ੍ਰੋਗਰਾਮ : ਉਸ ਦਾ ਅਰਥ ਤੇ ਸਥਾਨ’ ਨਾਂ ਨਾਲ ਇਕ ਲੇਖ ਲਿਖਿਆ ਸੀ, ਜਿਸ ’ਚ ਉਨ੍ਹਾਂ ਨੇ 1945 ’ਚ ਉਦੋਂ ਤਬਦੀਲੀਆਂ ਵੀ ਕੀਤੀਆਂ ਸਨ, ਜਦੋਂ ਆਜ਼ਾਦੀ ਅੰਦੋਲਨ ਨੂੰ ਲੈ ਕੇ ਲੋਕਾਂ ’ਚ ਇਕ ਨਵਾਂ ਉਤਸ਼ਾਹ ਸੀ। ਉਸ ਦਸਤਾਵੇਜ਼ ’ਚ ਬਾਪੂ ਨੇ ਵੱਖ-ਵੱਖ ਵਿਸ਼ਿਆਂ ’ਤੇ ਚਰਚਾ ਕੀਤੀ ਸੀ, ਜਿਨ੍ਹਾਂ ’ਚ  ਦਿਹਾਤੀ ਵਿਕਾਸ, ਖੇਤੀਬਾੜੀ ਨੂੰ  ਮਜ਼ਬੂਤ ਬਣਾਉਣਾ, ਸਾਫ-ਸਫਾਈ ਅਤੇ ਖਾਦੀ ਨੂੰ ਹੱਲਾਸ਼ੇਰੀ ਦੇਣ, ਮਹਿਲਾ ਸਸ਼ਕਤੀਕਰਨ ਤੇ ਆਰਥਿਕ ਬਰਾਬਰੀ ਸਮੇਤ ਕਈ ਵਿਸ਼ੇ ਸ਼ਾਮਲ ਸਨ।
ਭਾਰਤ ਵਾਸੀਆਂ ਨੂੰ ਅਪੀਲ ਹੈ ਕਿ ਉਹ ਗਾਂਧੀ ਜੀ ਦੇ ਇਸ ਲੇਖ ਨੂੰ ਜ਼ਰੂਰ ਪੜ੍ਹਨ, ਜੋ ਆਨਲਾਈਨ ਤੇ ਆਫਲਾਈਨ ਮੁਹੱਈਆ ਹੈ। ਅਸੀਂ ਗਾਂਧੀ ਜੀ ਦੇ ਸੁਪਨਿਆਂ ਦਾ ਭਾਰਤ ਕਿਵੇਂ ਬਣਾ ਸਕਦੇ ਹਾਂ। ਇਸ ਕੰਮ ਲਈ ਇਸ ਲੇਖ ਨੂੰ ਰਾਹ ਦਸੇਰਾ ਬਣਾਈਏ। ਇਸ ਲੇਖ ਦੇ ਬਹੁਤ ਸਾਰੇ ਵਿਸ਼ੇ ਅੱਜ ਵੀ ਢੁੱਕਵੇਂ ਹਨ ਤੇ ਭਾਰਤ ਸਰਕਾਰ ਅਜਿਹੇ ਬਹੁਤ ਸਾਰੇ ਬਿੰਦੂਆਂ ਨੂੰ ਪੂਰਾ ਕਰ ਰਹੀ ਹੈ, ਜਿਨ੍ਹਾਂ ਦੀ ਚਰਚਾ ਬਾਪੂ ਨੇ 7 ਦਹਾਕੇ ਪਹਿਲਾਂ ਕੀਤੀ ਸੀ ਪਰ ਉਹ ਬਿੰਦੂ ਅੱਜ ਤਕ ਪੂਰੇ ਨਹੀਂ ਹੋਏ।
ਗਾਂਧੀ ਜੀ ਨੇ ਹਰੇਕ ਭਾਰਤੀ ਨੂੰ ਇਸ ਗੱਲ ਦਾ ਅਹਿਸਾਸ ਦਿਵਾਇਆ ਸੀ ਕਿ ਉਹ ਭਾਰਤ ਦੀ ਆਜ਼ਾਦੀ ਲਈ ਕੰਮ ਕਰ ਰਹੇ ਹਨ। ਉਨ੍ਹਾਂ ਨੇ ਇਕ ਅਧਿਆਪਕ, ਵਕੀਲ, ਡਾਕਟਰ, ਕਿਸਾਨ, ਮਜ਼ਦੂਰ, ਉੱਦਮੀ ਭਾਵ ਸਾਰਿਆਂ ’ਚ ਆਤਮ-ਵਿਸ਼ਵਾਸ ਦੀ ਭਾਵਨਾ ਭਰ ਦਿੱਤੀ ਸੀ ਕਿ ਜੋ ਕੁਝ ਵੀ ਉਹ ਕਰ ਰਹੇ ਹਨ, ਉਸੇ ਨਾਲ ਉਹ ਭਾਰਤ ਦੇ ਆਜ਼ਾਦੀ ਸੰਗਰਾਮ ’ਚ ਆਪਣਾ ਯੋਗਦਾਨ ਦੇ ਰਹੇ ਹਨ। ਉਸੇ ਸੰਦਰਭ ’ਚ ਆਓ ਅੱਜ ਅਸੀਂ ਉਨ੍ਹਾਂ ਕੰਮਾਂ ਨੂੰ ਅਪਣਾਈਏ, ਜਿਨ੍ਹਾਂ ਲਈ ਸਾਨੂੰ ਲੱਗਦਾ ਹੈ ਕਿ ਗਾਂਧੀ ਦੇ ਸੁਪਨੇ ਪੂਰੇ ਕਰਨ ਲਈ ਅਸੀਂ ਕਰ ਸਕਦੇ ਹਾਂ। ਭੋਜਨ ਦੀ ਬਰਬਾਦੀ ਨੂੰ ਪੂਰੀ ਤਰ੍ਹਾਂ ਰੋਕਣ ਵਰਗੀ ਸਾਧਾਰਨ ਜਿਹੀ ਚੀਜ਼ ਤੋਂ ਲੈ ਕੇ ਅਹਿੰਸਾ ਤੇ ਅਪਣੱਤ ਦੀ ਭਾਵਨਾ ਨੂੰ ਅਪਣਾ ਕੇ ਇਸ ਦੀ ਸ਼ੁਰੂਆਤ ਕੀਤੀ ਜਾ ਸਕਦੀ ਹੈ।
ਆਓ ਇਸ ਗੱਲ ’ਤੇ ਵਿਚਾਰ ਕਰੀਏ  ਕਿ ਕਿਵੇਂ ਸਾਡੀ ਕਾਰਗੁਜ਼ਾਰੀ ਆਉਣ ਵਾਲੀਆਂ ਪੀੜ੍ਹੀਆਂ ਲਈ ਇਕ ਸਾਫ-ਸੁਥਰਾ ਤੇ ਹਰਿਆ-ਭਰਿਆ ਵਾਤਾਵਰਣ ਬਣਾਉਣ ’ਚ ਯੋਗਦਾਨ ਦੇ ਸਕਦੀ ਹੈ।  ਲਗਭਗ 8 ਦਹਾਕੇ ਪਹਿਲਾਂ ਜਦੋਂ ਪ੍ਰਦੂਸ਼ਣ ਦਾ ਖਤਰਾ ਇੰਨਾ ਨਹੀਂ ਵਧਿਆ ਸੀ, ਉਦੋਂ ਮਹਾਤਮਾ ਗਾਂਧੀ ਨੇ ਸਾਈਕਲ ਚਲਾਉਣਾ ਸ਼ੁਰੂ ਕੀਤਾ ਸੀ। ਜੋ ਲੋਕ ਉਦੋਂ ਅਹਿਮਦਾਬਾਦ ’ਚ ਸਨ, ਉਹ ਇਹ ਗੱਲ ਯਾਦ ਕਰਦੇ ਹਨ ਕਿ ਗਾਂਧੀ ਜੀ ਕਿਸ ਤਰ੍ਹਾਂ ਗੁਜਰਾਤ ਵਿੱਦਿਆਪੀਠ ਤੋਂ ਸਾਬਰਮਤੀ ਆਸ਼ਰਮ ਤਕ ਸਾਈਕਲ ’ਤੇ ਜਾਂਦੇ ਸਨ। ਮੈਂ ਪੜ੍ਹਿਆ ਹੈ ਕਿ ਗਾਂਧੀ ਜੀ ਦੇ ਸਭ ਤੋਂ ਪਹਿਲੇ ਵਿਰੋਧ-ਮੁਜ਼ਾਹਰਿਆਂ ’ਚ ਉਹ ਘਟਨਾ ਸ਼ਾਮਲ ਹੈ, ਜਦੋਂ ਉਨ੍ਹਾਂ ਨੇ ਦੱਖਣੀ ਅਫਰੀਕਾ ’ਚ ਉਨ੍ਹਾਂ ਕਾਨੂੰਨਾਂ ਦਾ ਵਿਰੋਧ ਕੀਤਾ, ਜੋ ਲੋਕਾਂ ਨੂੰ ਸਾਈਕਲ ਦੀ ਵਰਤੋਂ ਕਰਨ ਤੋਂ ਰੋਕਦੇ ਸਨ। 
ਕਾਨੂੰਨ ਦੇ ਖੇਤਰ ’ਚ ਇਕ ਖੁਸ਼ਹਾਲ ਭਵਿੱਖ ਹੋਣ ਦੇ ਬਾਵਜੂਦ ਜੋਹਾਨਸਬਰਗ ’ਚ ਆਉਣ-ਜਾਣ ਲਈ ਗਾਂਧੀ ਜੀ ਸਾਈਕਲ ਦੀ ਵਰਤੋਂ ਕਰਦੇ ਸਨ। ਕਿਹਾ ਜਾਂਦਾ ਹੈ ਕਿ ਇਕ ਵਾਰ ਜਦੋਂ ਜੋਹਾਨਸਬਰਗ ’ਚ ਪਲੇਗ ਫੈਲੀ ਤਾਂ ਗਾਂਧੀ ਜੀ ਸਾਈਕਲ ’ਤੇ ਹੀ ਸਭ ਤੋਂ ਜ਼ਿਆਦਾ ਪ੍ਰਭਾਵਿਤ ਜਗ੍ਹਾ ’ਤੇ ਪਹੁੰਚੇ ਤੇ ਉਥੇ ਰਾਹਤ ਕਾਰਜਾਂ ’ਚ ਜੁਟ ਗਏ। ਕੀ ਅੱਜ ਅਸੀਂ ਉਸ ਭਾਵਨਾ ਨੂੰ ਅਪਣਾ ਸਕਦੇ ਹਾਂ?
ਇਹ ਤਿਉਹਾਰਾਂ ਦਾ ਸਮਾਂ ਹੈ ਅਤੇ ਪੂਰੇ ਦੇਸ਼ ’ਚ ਲੋਕ ਨਵੇਂ ਕੱਪੜੇ, ਤੋਹਫੇ, ਖਾਣ-ਪੀਣ ਵਾਲੀਆਂ ਚੀਜ਼ਾਂ ਤੇ ਹੋਰ ਵਸਤਾਂ ਖਰੀਦਣਗੇ। ਅਜਿਹਾ ਕਰਦੇ ਸਮੇਂ ਸਾਨੂੰ ਗਾਂਧੀ ਜੀ ਦੀ ਇਕ ਗੱਲ ਧਿਆਨ ’ਚ ਰੱਖਣੀ ਚਾਹੀਦੀ ਹੈ, ਜੋ ਉਨ੍ਹਾਂ ਨੇ ਸਾਨੂੰ ਇਕ ‘ਤਬੀਤ’ ਦੇ ਰੂਪ ’ਚ ਦਿੱਤੀ ਸੀ। ਆਓ ਇਸ ਗੱਲ ’ਤੇ ਵਿਚਾਰ ਕਰੀਏ ਕਿ ਸਾਡੀਆਂ ਕਾਰਗੁਜ਼ਾਰੀਆਂ ਕਿਸ ਤਰ੍ਹਾਂ ਹੋਰਨਾਂ ਭਾਰਤੀਆਂ ਦੇ ਜੀਵਨ ’ਚ ਖੁਸ਼ਹਾਲੀ ਦਾ ਦੀਪਕ ਜਗਾ ਸਕਦੀਆਂ ਹਨ, ਚਾਹੇ ਉਹ ਖਾਦੀ ਉਤਪਾਦ ਹੋਣ ਜਾਂ ਤੋਹਫੇ ਵਾਲੀਆਂ ਚੀਜ਼ਾਂ ਜਾਂ ਫਿਰ ਖਾਣ-ਪੀਣ ਦਾ ਸਾਮਾਨ। ਜਿਹੜੀਆਂ ਵੀ ਚੀਜ਼ਾਂ ਦਾ ਉਹ ਉਤਪਾਦਨ ਕਰਦੇ ਹਨ, ਉਨ੍ਹਾਂ ਨੂੰ ਖਰੀਦ ਕੇ ਉਨ੍ਹਾਂ ਦੀ ਇਕ ਬਿਹਤਰ ਜ਼ਿੰਦਗੀ ਜਿਊਣ ’ਚ ਮਦਦ ਕਰ ਸਕਦੇ ਹਨ। ਇਸ ਨਾਲ ਬਾਪੂ ਨੂੰ ਸਾਡੇ ’ਤੇ ਮਾਣ ਹੋਵੇਗਾ ਕਿ ਅਸੀਂ ਆਪਣੀਆਂ ਕਾਰਗੁਜ਼ਾਰੀਆਂ ਨਾਲ ਆਪਣੇ ਸਾਥੀ ਭਾਰਤੀਆਂ ਦੀ ਮਦਦ ਕਰ ਰਹੇ ਹਾਂ।
ਪਿਛਲੇ ਚਾਰ ਸਾਲਾਂ ’ਚ ‘ਸਵੱਛ ਭਾਰਤ ਅਭਿਅਾਨ’ ਦੇ ਜ਼ਰੀਏ 130 ਕਰੋੜ ਭਾਰਤੀਆਂ ਨੇ ਮਹਾਤਮਾ ਗਾਂਧੀ ਨੂੰ ਆਪਣੀ ਸ਼ਰਧਾਂਜਲੀ ਭੇਟ ਕੀਤੀ ਹੈ। ਹਰੇਕ ਭਾਰਤੀ ਦੀ ਸਖਤ ਮਿਹਨਤ ਸਦਕਾ ਇਹ ਮੁਹਿੰਮ ਅੱਜ ਇਕ ਅਜਿਹੇ ਸਜੀਵ ਜਨ-ਅੰਦੋਲਨ ’ਚ ਬਦਲ ਚੁੱਕੀ ਹੈ, ਜਿਸ ਦੇ ਨਤੀਜੇ ਸ਼ਲਾਘਾਯੋਗ ਹਨ। ਲਗਭਗ ਸਾਢੇ 8 ਕਰੋੜ ਪਰਿਵਾਰਾਂ ਕੋਲ ਪਹਿਲੀ ਵਾਰ ਪਖਾਨੇ ਦੀ ਸਹੂਲਤ ਹੈ, 40 ਕਰੋੜ ਤੋਂ ਜ਼ਿਆਦਾ ਭਾਰਤੀਆਂ ਨੂੰ ਹੁਣ ਖੁੱਲ੍ਹੇ ’ਚ ਜੰਗਲ-ਪਾਣੀ ਨਹੀਂ ਜਾਣਾ ਪੈਂਦਾ। ਇਨ੍ਹਾਂ ਚਾਰ ਸਾਲਾਂ ’ਚ ਸਵੱਛਤਾ (ਸਾਫ-ਸਫਾਈ) ਦਾ ਦਾਇਰਾ 39% ਤੋਂ ਵਧ ਕੇ 95% ਤਕ ਪਹੁੰਚ ਗਿਆ। 21 ਸੂਬੇ ਅਤੇ  ਕੇਂਦਰ ਸ਼ਾਸਿਤ ਪ੍ਰਦੇਸ਼ ਤੇ ਸਾਢੇ ਚਾਰ ਲੱਖ ਪਿੰਡ ਹੁਣ ਖੁੱਲ੍ਹੇ ’ਚ ਜੰਗਲ-ਪਾਣੀ ਜਾਣ ਤੋਂ ਮੁਕਤ ਹਨ।   
‘ਸਵੱਛ ਭਾਰਤ ਅਭਿਆਨ’ ਆਤਮ ਸਨਮਾਨ ਤੇ ਬਿਹਤਰ ਭਵਿੱਖ ਨਾਲ ਸਬੰਧਤ ਹੈ। ਇਹ ਉਨ੍ਹਾਂ ਕਰੋੜਾਂ ਔਰਤਾਂ ਦੇ ਭਲੇ ਦੀ ਗੱਲ ਹੈ, ਜੋ ਹਰ ਰੋਜ਼ ਸਵੇਰੇ ਖੁੱਲ੍ਹੇ ’ਚ ਜੰਗਲ-ਪਾਣੀ ਜਾਣ ਸਮੇਂ ਆਪਣਾ ਮੂੰਹ ਲੁਕਾਉਂਦੀਆਂ ਸਨ ਪਰ ਹੁਣ ਮੂੰਹ ਲੁਕਾਉਣ ਦੀ ਗੱਲ ਇਤਿਹਾਸ ਬਣ ਚੁੱਕੀ ਹੈ। ਸਾਫ-ਸਫਾਈ ਦੀ ਘਾਟ ਕਾਰਨ ਜੋ ਬੱਚੇ ਬੀਮਾਰੀਆਂ ਦਾ ਸ਼ਿਕਾਰ ਬਣਦੇ ਸਨ, ਘਰ ’ਚ ਪਖਾਨਾ ਉਨ੍ਹਾਂ ਲਈ ਵਰਦਾਨ ਬਣਿਆ ਹੈ। 
ਕੁਝ ਦਿਨ ਪਹਿਲਾਂ ਰਾਜਸਥਾਨ ਤੋਂ ਇਕ ਦਿਵਿਆਂਗ ਨੇ ਮੇਰੇ ‘ਮਨ ਕੀ ਬਾਤ’ ਪ੍ਰੋਗਰਾਮ ਦੌਰਾਨ ਮੈਨੂੰ ਫੋਨ ਕੀਤਾ ਕਿ ਉਹ ਦੋਹਾਂ ਅੱਖਾਂ ਤੋਂ ਦੇਖਣ ਤੋਂ ਲਾਚਾਰ ਹੈ ਪਰ ਜਦੋਂ ਤੋਂ ਉਸ ਦੇ ਘਰ ’ਚ ਪਖਾਨਾ ਬਣਿਆ ਹੈ, ਉਸ ਦੀ ਜ਼ਿੰਦਗੀ ’ਚ ਕਿੰਨੀ ਵੱਡੀ ਹਾਂ-ਪੱਖੀ ਤਬਦੀਲੀ ਆਈ ਹੈ। ਉਸ ਵਰਗੇ ਕਈ ਹੋਰ ਦਿਵਿਆਂਗ ਭੈਣ-ਭਰਾ ਖੁੱਲ੍ਹੇ ’ਚ ਜੰਗਲ-ਪਾਣੀ  ਜਾਣ ਦੀ ਸਮੱਸਿਆ ਤੋਂ ਮੁਕਤ ਹੋਏ ਹਨ।  ਅੱਜ ਬਹੁਤ ਵੱਡੀ ਗਿਣਤੀ ਉਨ੍ਹਾਂ ਭਾਰਤੀਆਂ ਦੀ ਹੈ, ਜਿਨ੍ਹਾਂ ਨੂੰ ਆਜ਼ਾਦੀ ਸੰਗਰਾਮ ’ਚ ਹਿੱਸਾ ਲੈਣ ਦਾ ਮੌਕਾ ਨਹੀਂ ਮਿਲਿਆ। ਸਾਨੂੰ ਉਦੋਂ ਦੇਸ਼ ਲਈ ਆਪਣੀ ਜਾਨ ਕੁਰਬਾਨ ਕਰਨ ਦਾ ਮੌਕਾ ਤਾਂ ਨਹੀਂ ਮਿਲਿਆ ਪਰ ਹੁਣ ਸਾਨੂੰ ਹਰ ਹਾਲ ’ਚ ਦੇਸ਼ ਦੀ ਸੇਵਾ ਕਰਨੀ ਚਾਹੀਦੀ ਹੈ ਤੇ ਇਕ ਅਜਿਹੇ ਭਾਰਤ ਦਾ ਨਿਰਮਾਣ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ, ਜਿਹੋ ਜਿਹੇ ਭਾਰਤ ਦਾ ਸੁਪਨਾ ਸਾਡੇ ਆਜ਼ਾਦੀ ਘੁਲਾਟੀਆਂ ਨੇ ਦੇਖਿਆ ਸੀ। 
ਅੱਜ ਗਾਂਧੀ ਜੀ ਦੇ ਸੁਪਨਿਆਂ ਨੂੰ ਪੂਰੇ ਕਰਨ ਦਾ ਸਾਡੇ ਕੋਲ ਬਿਹਤਰੀਨ ਮੌਕਾ ਹੈ। ਅਸੀਂ ਕਾਫੀ ਕੁਝ ਕੀਤਾ ਹੈ ਤੇ ਮੈਨੂੰ ਪੂਰਾ ਯਕੀਨ ਹੈ ਕਿ ਆਉਣ ਵਾਲੇ ਸਮੇਂ ’ਚ ਅਸੀਂ ਹੋਰ ਬਹੁਤ ਕੁਝ ਕਰਨ ’ਚ ਸਫਲ ਹੋਵਾਂਗੇ।
‘ਵੈਸ਼ਣਵ ਜਨ ਤੋ ਤੇਨੇ ਕਹੀਏ, ਜੋ ਪੀਰ  ਪਰਾਈ   ਜਾਨੇ  ਰੇ’–ਇਹ  ਬਾਪੂ  ਦੀਆਂ  ਸਭ  ਤੋਂ  ਪਸੰਦੀਦਾ   ਸਤਰਾਂ ’ਚੋਂ ਇਕ ਹੈ। ਇਸ ਦਾ ਅਰਥ ਇਹ ਹੈ ਕਿ ਭਲੀ ਆਤਮਾ ਉਹ ਹੈ, ਜੋ ਦੂਜਿਆਂ ਦੇ ਦੁੱਖ ਨੂੰ ਮਹਿਸੂਸ ਕਰ ਸਕੇ। 
ਇਹੋ ਉਹ ਭਾਵਨਾ ਸੀ, ਜਿਸ ਨੇ ਗਾਂਧੀ ਜੀ ਨੂੰ ਦੂਜਿਆਂ ਲਈ ਜ਼ਿੰਦਗੀ ਜਿਊਣ ਵਾਸਤੇ ਪ੍ਰੇਰਿਤ ਕੀਤਾ। ਅਸੀਂ, ਭਾਰਤੀ  ਅੱਜ ਉਨ੍ਹਾਂ ਸੁਪਨਿਆਂ ਨੂੰ ਪੂਰੇ ਕਰਨ ਲਈ ਮਿਲ ਕੇ ਕੰਮ ਕਰਨ ਵਾਸਤੇ ਵਚਨਬੱਧ ਹਾਂ, ਜੋ ਬਾਪੂ ਨੇ ਦੇਸ਼ ਲਈ ਦੇਖੇ  ਤੇ ਜਿਸ ਦੇ ਲਈ ਉਨ੍ਹਾਂ ਨੇ ਆਪਣੇ ਜੀਵਨ ਦਾ ਬਲੀਦਾਨ ਦਿੱਤਾ ਸੀ।


Related News