ਕੇਜਰੀਵਾਲ ਨੇ ਆਪਣੇ ਲੱਖਾਂ ਸਮਰਥਕਾਂ ਦਾ ਸਿਰ ਨੀਵਾਂ ਕਰਵਾ ਦਿੱਤੈ

03/22/2018 7:42:50 AM

'ਆਮ ਆਦਮੀ ਪਾਰਟੀ' ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਵਲੋਂ ਪਹਿਲਾਂ ਪੰਜਾਬ ਦੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਤੋਂ ਅਤੇ ਫਿਰ ਕੇਂਦਰੀ ਵਿੱਤ ਮੰਤਰੀ ਅਰੁਣ ਜੇਤਲੀ ਵਰਗੇ ਸੀਨੀਅਰ ਸਿਆਸੀ ਆਗੂਆਂ ਤੋਂ ਬਿਨਾਂ ਸ਼ਰਤ ਮੁਆਫੀ ਮੰਗਣ ਨਾਲ ਨਾ ਸਿਰਫ ਪਾਰਟੀ ਅੰਦਰ ਤੂਫਾਨ ਖੜ੍ਹਾ ਹੋ ਗਿਆ ਹੈ ਸਗੋਂ ਸਿਆਸੀ ਸਦਾਚਾਰ ਤੇ ਮਰਿਆਦਾਵਾਂ ਨੂੰ ਲੈ ਕੇ ਵੀ ਕਈ ਸਵਾਲ ਖੜ੍ਹੇ ਹੋ ਗਏ ਹਨ। ਕੀ ਕੇਜਰੀਵਾਲ ਨੂੰ ਇਹ ਅਹਿਸਾਸ ਹੈ ਕਿ ਅਜਿਹੇ ਬੇਬੁਨਿਆਦ ਬਿਆਨ ਦੇਣ ਅਤੇ ਬਿਨਾਂ ਸੋਚੇ-ਸਮਝੇ ਦੋਸ਼ ਮੜ੍ਹਨ ਨਾਲ ਉਹ ਸ਼ਾਇਦ ਚੋਣਾਂ ਤਾਂ ਜਿੱਤ ਸਕਦੇ ਹਨ ਪਰ ਅਜਿਹੇ ਦੋਸ਼ਾਂ ਨੇ ਉਨ੍ਹਾਂ ਸਾਰਿਆਂ ਦੀ ਸਾਖ ਨੂੰ ਧੱਬਾ ਲਾ ਦਿੱਤਾ ਹੈ, ਜਿਨ੍ਹਾਂ ਵਿਰੁੱਧ ਇਹ ਲਾਏ ਗਏ ਸਨ।
ਸਿਆਸਤਦਾਨਾਂ ਤੋਂ ਇਲਾਵਾ ਮੀਡੀਆ ਸੰਗਠਨਾਂ ਤੇ ਪੱਤਰਕਾਰਾਂ ਨੂੰ ਵੀ ਮਾਣਹਾਨੀ ਦੇ ਮਾਮਲੇ 'ਚ ਧਿਰ ਬਣਾਇਆ ਗਿਆ ਸੀ, ਜਿਸ ਦੇ ਸਿੱਟੇ ਵਜੋਂ ਅਦਾਲਤਾਂ 'ਚ ਬਹੁਤ ਸਾਰਾ ਸਮਾਂ ਬਰਬਾਦ ਹੋਇਆ। ਕੇਜਰੀਵਾਲ ਵਲੋਂ ਮੁਆਫੀ ਮੰਗਣਾ ਇਕ ਤਰ੍ਹਾਂ ਨਾਲ ਇਸ ਤੱਥ ਨੂੰ ਕਬੂਲਣਾ ਹੈ ਕਿ ਉਨ੍ਹਾਂ ਨੇ ਸਿਰਫ ਚੋਣਾਂ ਜਿੱਤਣ ਲਈ ਹੀ ਝੂਠੇ ਅਤੇ ਬੇਬੁਨਿਆਦ ਦੋਸ਼ ਲਾਏ ਸਨ। ਹੁਣ ਇਨ੍ਹਾਂ ਦੋਸ਼ਾਂ ਨੂੰ ਜਦੋਂ ਉਨ੍ਹਾਂ ਨੇ ਖੁਦ 'ਝੂਠ' ਮੰਨ ਲਿਆ ਹੈ ਤਾਂ ਕੀ ਇਹ ਉਨ੍ਹਾਂ ਦਾ ਨੈਤਿਕ ਫਰਜ਼ ਨਹੀਂ ਬਣਦਾ ਕਿ ਉਹ ਆਪਣੇ ਅਹੁਦੇ ਤੋਂ ਖੁਦ ਅਸਤੀਫਾ ਦੇ ਦੇਣ ਅਤੇ ਪਾਰਟੀ ਦੇ ਉਨ੍ਹਾਂ ਸਾਰੇ ਆਗੂਆਂ ਨੂੰ ਵੀ ਅਸਤੀਫਾ ਦੇਣ ਲਈ ਮਜਬੂਰ ਕਰਨ, ਜਿਹੜੇ ਇਨ੍ਹਾਂ ਝੂਠੇ ਦੋਸ਼ਾਂ ਦੇ ਆਧਾਰ 'ਤੇ ਚੋਣਾਂ ਜਿੱਤੇ ਸਨ?
'ਆਪ' ਦੇ ਉਤਸ਼ਾਹੀ ਸਮਰਥਕ ਤੇ ਉਨ੍ਹਾਂ ਦੇ ਨੇਤਾ ਹੋ ਸਕਦਾ ਹੈ ਕਿ ਇਹ ਬਹਾਨਾ ਬਣਾਉਣ ਕਿ ਚੋਣਾਂ ਤੋਂ ਪਹਿਲਾਂ ਸਾਰੀਆਂ ਪਾਰਟੀਆਂ ਬੇਬੁਨਿਆਦ ਦੋਸ਼ ਲਾਉਂਦੀਆਂ ਹਨ, ਇਸ ਲਈ ਜੇ ਉਨ੍ਹਾਂ ਨੇ ਕਿਸੇ ਤਰ੍ਹਾਂ ਦੇ ਅਜਿਹੇ ਦੋਸ਼ ਲਾਏ ਹਨ ਤਾਂ ਕਿਹੜਾ ਆਸਮਾਨ ਟੁੱਟ ਪਿਆ ਹੈ ਪਰ ਮੇਰਾ ਨੁਕਤਾ ਇਹ ਹੈ ਕਿ 'ਆਪ' ਨੇ ਤਾਂ ਖੁਦ ਨੂੰ 'ਵੱਖਰੀ ਕਿਸਮ ਦੀ ਪਾਰਟੀ' ਵਜੋਂ ਪੇਸ਼ ਕੀਤਾ ਸੀ ਅਤੇ ਸਾਫ-ਸੁਥਰੀ ਸਿਆਸਤ ਕਰਨ ਦਾ ਵਾਅਦਾ ਕੀਤਾ ਸੀ। ਕੇਜਰੀਵਾਲ ਨੇ ਕਿਹਾ ਕਿ ਦੂਜੀਆਂ ਪਾਰਟੀਆਂ ਵਲੋਂ ਫੈਲਾਈ ਗਈ ਗੰਦਗੀ ਤੋਂ ਆਮ ਆਦਮੀ ਪਾਰਟੀ ਦੂਰ ਰਹੇਗੀ।
ਇਹੋ ਵਜ੍ਹਾ ਸੀ ਕਿ ਪਹਿਲਾਂ ਦਿੱਲੀ ਤੇ ਫਿਰ ਪੰਜਾਬ 'ਚ ਉਸ ਨੂੰ ਭਾਰੀ ਜਨ-ਸਮਰਥਨ ਮਿਲਿਆ। ਸੈਂਕੜੇ ਪੇਸ਼ੇਵਰਾਂ ਤੇ ਮੁਲਾਜ਼ਮਾਂ ਨੇ ਆਪਣੀਆਂ ਨੌਕਰੀਆਂ ਤੋਂ ਜਾਂ ਤਾਂ ਅਸਤੀਫਾ ਦੇ ਦਿੱਤਾ ਸੀ ਜਾਂ ਫਿਰ ਚੋਣ ਮੁਹਿੰਮ 'ਚ ਹਿੱਸਾ ਲਿਆ ਸੀ। ਜਿਹੜੇ ਲੋਕਾਂ ਨੇ ਆਪਣੀਆਂ ਨੌਕਰੀਆਂ ਹੀ ਛੱਡ ਦਿੱਤੀਆਂ ਸਨ, ਉਹ ਮੰਨੀਆਂ-ਪ੍ਰਮੰਨੀਆਂ ਕੰਪਨੀਆਂ 'ਚ ਉੱਚ ਅਹੁਦਿਆਂ 'ਤੇ ਸਨ ਤੇ ਚੋਣ ਮੁਹਿੰਮ ਲਈ ਉਨ੍ਹਾਂ ਨੇ ਪੈਸਾ ਵੀ ਆਪਣੇ ਪੱਲਿਓਂ ਖਰਚ ਕੀਤਾ ਸੀ। ਅਜਿਹੇ ਲੋਕਾਂ ਨੂੰ ਪੱਕਾ ਯਕੀਨ ਸੀ ਕਿ ਆਜ਼ਾਦੀ ਤੋਂ ਬਾਅਦ ਜੇ ਕੋਈ ਸਭ ਤੋਂ ਚੰਗੀ ਘਟਨਾ ਹੋਈ ਹੈ ਤਾਂ ਉਹ ਹੈ 'ਆਮ ਆਦਮੀ ਪਾਰਟੀ' ਦਾ ਉੱਭਰਨਾ।
ਇਹ ਸਾਰੇ ਲੋਕ ਇਸ ਪਾਰਟੀ ਦੀ ਸਾਦਗੀ, ਸਵੱਛਤਾ, ਇਸ ਦੇ ਉਮੀਦਵਾਰਾਂ ਦੇ ਸਾਫ-ਸੁਥਰੇ ਅਕਸ ਤੇ ਭ੍ਰਿਸ਼ਟਾਚਾਰ ਵਿਰੁੱਧ ਉਨ੍ਹਾਂ ਦੇ 'ਧਰਮ ਯੁੱਧ' ਦਾ ਗੁਣਗਾਨ ਕਰਦੇ ਨਹੀਂ ਥੱਕਦੇ ਸਨ ਪਰ ਬਾਅਦ 'ਚ ਅਜਿਹਾ ਦੇਖਣ ਨੂੰ ਨਹੀਂ ਮਿਲਿਆ ਅਤੇ ਹੁਣ ਮੁਆਫੀਆਂ ਮੰਗਣ ਦੇ ਸਿਲਸਿਲੇ ਨੇ ਤਾਂ ਇਹ ਗੱਲ ਸਿੱਧ ਕਰ ਦਿੱਤੀ ਹੈ ਕਿ ਆਮ ਆਦਮੀ ਪਾਰਟੀ ਦੇ ਨੇਤਾਵਾਂ ਨੇ ਚੋਣਾਂ ਜਿੱਤਣ ਲਈ ਕਿੰਨੇ ਵੱਡੇ ਝੂਠ ਦਾ ਸਹਾਰਾ ਲਿਆ ਸੀ।
ਇਨ੍ਹਾਂ 'ਚੋਂ ਕਈ ਤਾਂ ਚੋਣਾਂ ਜਿੱਤ ਜਾਣ ਤੋਂ ਬਾਅਦ ਵੀ ਖੁਦ ਦੋਸ਼ਾਂ 'ਚ ਘਿਰੇ ਹੋਏ ਹਨ। ਇਸ ਤੋਂ ਵੀ ਬੁਰੀ ਗੱਲ ਇਹ ਹੈ ਕਿ ਦਿੱਲੀ ਦੀ 'ਆਪ' ਸਰਕਾਰ 'ਚ ਲੱਗਭਗ 18 ਵਿਧਾਇਕ ਅਪਰਾਧਿਕ ਮਾਮਲਿਆਂ ਦਾ ਸਾਹਮਣਾ ਕਰ ਰਹੇ ਹਨ ਤੇ ਕੁਝ ਨੂੰ ਕਈ ਦਿਨ ਜੇਲ 'ਚ ਵੀ ਬਿਤਾਉਣੇ ਪਏ ਹਨ।
ਜਿਥੋਂ ਤਕ ਕੇਜਰੀਵਾਲ ਦਾ ਸਵਾਲ ਹੈ, ਉਨ੍ਹਾਂ ਨੇ ਖੁਦ ਰਾਜ ਸਭਾ ਸੀਟਾਂ ਅਜਿਹੇ ਧਨਾਢਾਂ ਨੂੰ ਦਿੱਤੀਆਂ ਹਨ, ਜਿਨ੍ਹਾਂ ਦੀ ਇਕੋ-ਇਕ ਯੋਗਤਾ ਇਹੋ ਹੈ ਕਿ ਉਨ੍ਹਾਂ ਕੋਲ ਅਥਾਹ ਪੈਸਾ ਹੈ। ਸਪੱਸ਼ਟ ਹੈ ਕਿ ਅਜਿਹੇ ਲੋਕਾਂ ਨੂੰ ਟਿਕਟਾਂ ਕਿਸੇ ਯੋਗਤਾ ਦੇ ਆਧਾਰ 'ਤੇ ਨਹੀਂ ਦਿੱਤੀਆਂ ਗਈਆਂ ਪਰ ਅਜਿਹੇ ਲੋਕਾਂ ਨੂੰ ਟਿਕਟ ਦੇਣ ਲਈ ਯਕੀਨੀ ਤੌਰ 'ਤੇ ਪਾਰਟੀ ਦੇ ਪੁਰਾਣੇ ਤੇ ਭਰੋਸੇਮੰਦ ਵਰਕਰਾਂ ਨੂੰ ਅਣਡਿੱਠ ਕੀਤਾ ਗਿਆ ਹੈ। 
ਇਸ ਤੋਂ ਇਲਾਵਾ ਯੋਗੇਂਦਰ ਯਾਦਵ, ਪ੍ਰਸ਼ਾਂਤ ਭੂਸ਼ਣ ਤੇ ਹੋਰਨਾਂ ਵਰਗੇ ਹੀ ਹੋਰ ਚੋਟੀ ਦੇ ਨੇਤਾਵਾਂ ਨੂੰ ਪਾਰਟੀ 'ਚੋਂ ਬਾਹਰ ਕੱਢਣ ਤੇ ਪੰਜਾਬ ਦੀ ਚੋਣ ਮੁਹਿੰਮ ਨੂੰ ਘਟੀਆ ਢੰਗ ਨਾਲ 'ਹੈਂਡਲ' ਕਰਨ ਕਰਕੇ ਹੀ ਪੰਜਾਬ 'ਚ ਪਾਰਟੀ ਦੀ ਕਾਰਗੁਜ਼ਾਰੀ ਮੁਕਾਬਲਤਨ ਘਟੀਆ ਰਹੀ ਹੈ। 
ਪਹਿਲਾਂ ਉਨ੍ਹਾਂ ਨੇ ਸੂਬੇ ਦੇ ਪ੍ਰਮੁੱਖ ਨੇਤਾਵਾਂ 'ਚੋਂ ਇਕ ਸੁੱਚਾ ਸਿੰਘ ਛੋਟੇਪੁਰ ਨੂੰ ਪਾਰਟੀ 'ਚੋਂ ਕੱਢ ਦਿੱਤਾ ਤੇ ਫਿਰ ਉਮੀਦਵਾਰਾਂ ਦੀ ਚੋਣ ਕਰਨ ਲਈ ਕੇਂਦਰੀ ਟੀਮ ਠੋਸ ਦਿੱਤੀ। ਉਸ ਟੀਮ ਨੇ ਉਮੀਦਵਾਰਾਂ ਦੀ ਚੋਣ ਕਰਨ ਵੇਲੇ ਵੱਡੀਆਂ ਗਲਤੀਆਂ ਕੀਤੀਆਂ।
ਸਥਾਨਕ ਲੀਡਰਸ਼ਿਪ 'ਤੇ ਭਰੋਸਾ ਨਾ ਕਰਨ ਤੇ ਅਹਿਮ ਫੈਸਲਿਆਂ 'ਚ ਉਨ੍ਹਾਂ ਨੂੰ ਖੁੱਲ੍ਹੀ ਛੋਟ ਨਾ ਦੇਣ ਕਾਰਨ ਪਾਰਟੀ ਨੂੰ ਵੱਡੀ ਕੀਮਤ ਚੁਕਾਉਣੀ ਪਈ। ਪੰਜਾਬ 'ਚ ਪਾਰਟੀ ਨੇ ਨਸ਼ੀਲੇ ਪਦਾਰਥਾਂ ਦੀ ਲਾਹਨਤ ਨੂੰ ਖਤਮ ਕਰਨ ਤੇ ਨਸ਼ਾ ਸਮੱਗਲਰਾਂ ਨਾਲ ਸਿਆਸਤਦਾਨਾਂ ਦੀ ਕਥਿਤ ਮਿਲੀਭੁਗਤ ਨੂੰ ਬੇਨਕਾਬ ਕਰਨ ਦੇ ਮੁੱਦੇ 'ਤੇ ਹੀ ਚੋਣ ਮੁਹਿੰਮ ਚਲਾਈ ਸੀ। 
ਸੂਬੇ ਦੇ ਤਤਕਾਲੀ ਉਪ-ਮੁੱਖ ਮੰਤਰੀ ਸੁਖਬੀਰ ਬਾਦਲ ਦੇ ਸਾਲਾ ਸਾਹਿਬ ਬਿਕਰਮ ਮਜੀਠੀਆ ਦਾ ਨਾਂ ਕਿਸੇ ਨਾ ਕਿਸੇ ਢੰਗ ਨਾਲ ਇਸ ਮਨਹੂਸ ਮਿਲੀਭੁਗਤ ਦੇ ਪ੍ਰਤੀਕ ਵਜੋਂ ਪ੍ਰਚਾਰਿਆ ਗਿਆ।
ਪੰਜਾਬ ਦੇ ਇਕ ਅਮੀਰ ਜ਼ਿਮੀਂਦਾਰ ਪਰਿਵਾਰ ਨਾਲ ਸਬੰਧ ਰੱਖਣ ਵਾਲੇ ਮਜੀਠੀਆ ਇਸ 'ਚ ਕਿਸੇ ਵੀ ਤਰ੍ਹਾਂ ਦੀ ਸ਼ਮੂਲੀਅਤ ਹੋਣ ਤੋਂ ਇਨਕਾਰ ਕਰਦੇ ਰਹੇ ਹਨ ਪਰ 'ਆਪ' ਦੇ ਨਾਲ-ਨਾਲ ਕਾਂਗਰਸ ਨੇ ਵੀ ਉਨ੍ਹਾਂ 'ਤੇ ਨਿਸ਼ਾਨਾ ਲਾਈ ਰੱਖਿਆ। 'ਡਰੱਗ ਮਾਫੀਆ' ਤੇ ਮਜੀਠੀਆ ਵਿਚਾਲੇ ਮਿਲੀਭੁਗਤ ਦੇ ਸਬੂਤ ਵਜੋਂ ਜੋ ਗੱਲ ਪੇਸ਼ ਕੀਤੀ ਗਈ, ਉਹ ਸਾਬਕਾ ਨਸ਼ਾ ਸਮੱਗਲਰ ਤੇ ਪੰਜਾਬ ਪੁਲਸ 'ਚ ਡੀ. ਐੱਸ. ਪੀ. ਰਹੇ ਜਗਦੀਸ਼ ਭੋਲਾ ਵਲੋਂ ਤਫਤੀਸ਼ ਦੌਰਾਨ ਦਿੱਤਾ ਗਿਆ ਬਿਆਨ ਸੀ। 
ਇਨ੍ਹਾਂ ਦੋਸ਼ਾਂ ਦੇ ਜਵਾਬ 'ਚ ਮਜੀਠੀਆ ਨੇ ਨਾ ਸਿਰਫ 'ਆਪ' ਦੇ ਨੇਤਾਵਾਂ ਸਗੋਂ ਕਈ ਮੀਡੀਆ ਸੰਗਠਨਾਂ ਦੇ ਵਿਰੁੱਧ ਮਾਣਹਾਨੀ ਦੇ ਮਾਮਲੇ ਦਰਜ ਕਰਵਾਏ। ਤੱਥ ਇਹ ਹੈ ਕਿ ਕੇਜਰੀਵਾਲ ਤੇ ਉਨ੍ਹਾਂ ਦੀ ਪਾਰਟੀ ਨੇ ਲੱਖਾਂ ਸਮਰਥਕਾਂ ਦਾ ਸਿਰ ਨੀਵਾਂ ਕਰਵਾ ਦਿੱਤਾ ਹੈ। ਇਕ ਪੂਰੀ ਦੀ ਪੂਰੀ ਪੀੜ੍ਹੀ ਦੇ ਸੁਪਨਿਆਂ ਦੀ ਹੱਤਿਆ ਕਰਨ ਦੇ ਦੋਸ਼ ਤੋਂ ਕੇਜਰੀਵਾਲ ਬਚ ਕੇ ਨਹੀਂ ਨਿਕਲ ਸਕਦੇ। 
ਇਸ ਪੀੜ੍ਹੀ ਨੇ ਉਨ੍ਹਾਂ ਤੋਂ ਉਮੀਦ ਰੱਖੀ ਹੋਈ ਸੀ ਕਿ ਕੇਜਰੀਵਾਲ ਇਕ ਵੱਖਰਾ ਰਾਹ ਅਪਣਾਉਣਗੇ ਅਤੇ ਦੇਸ਼ ਨੂੰ ਤੇਜ਼ ਰਫਤਾਰ ਵਿਕਾਸ ਦੇ ਰਾਹ 'ਤੇ ਅੱਗੇ ਵਧਾਉਣਗੇ। ਉਨ੍ਹਾਂ ਤੋਂ ਸਾਫ-ਸੁਥਰੀ ਅਤੇ ਭ੍ਰਿਸ਼ਟਾਚਾਰ ਤੋਂ ਮੁਕਤ ਗਵਰਨੈਂਸ ਦੀਆਂ ਉਮੀਦਾਂ ਵੀ ਕੋਈ ਘੱਟ ਅਹਿਮ ਨਹੀਂ ਸਨ।
ਕੇਜਰੀਵਾਲ ਦੀਆਂ ਗਲਤੀਆਂ ਨੂੰ ਭੁਲਾਉਣ 'ਚ ਇਸ ਪੀੜ੍ਹੀ ਦੇ ਲੋਕਾਂ ਨੂੰ ਕਈ ਦਹਾਕੇ ਲੱਗ ਜਾਣਗੇ ਅਤੇ ਉਦੋਂ ਉਹ ਕਿਸੇ ਨਵੇਂ ਨੇਤਾ 'ਚ ਭਰੋਸਾ ਕਰ ਸਕਣਗੇ ਕਿ ਉਹ ਦੇਸ਼ ਨੂੰ ਅੱਗੇ ਲਿਜਾ ਸਕਦਾ ਹੈ।                 
                         vipinpubby@gmail.com


Related News