...ਜਦੋਂ ਦੇਵੀ ਲਾਲ ਨੇ ਪ੍ਰਧਾਨ ਮੰਤਰੀ ਦਾ ਅਹੁਦਾ ਠੁਕਰਾ ਦਿੱਤਾ

09/25/2017 7:39:48 AM

ਉਨ੍ਹਾਂ ਦਾ ਜਨਮ 25 ਸਤੰਬਰ, 1914 ਨੂੰ ਪਿੰਡ ਤੇਜਾਖੇੜਾ ਤਹਿਸੀਲ ਮੰਡੀ ਡੱਬਵਾਲੀ, ਜ਼ਿਲਾ ਹਿਸਾਰ (ਹੁਣ ਜ਼ਿਲਾ ਸਿਰਸਾ) 'ਚ ਮਾਤਾ ਸ਼ੁਗਨਾ ਦੇਵੀ ਤੇ ਪਿਤਾ ਚੌਧਰੀ ਲੇਖਰਾਮ ਸਿਹਾਗ ਦੇ ਘਰ ਹੋਇਆ। ਉਨ੍ਹਾਂ ਦੇ ਵੱਡੇ ਭਰਾ ਦਾ ਨਾਂ ਸਾਹਬ ਰਾਮ ਸਿਹਾਗ ਸੀ, ਜਿਨ੍ਹਾਂ ਨੇ ਹਮੇਸ਼ਾ ਉਨ੍ਹਾਂ ਦਾ ਸਾਥ ਦਿੱਤਾ। ਉਨ੍ਹਾਂ ਨੇ ਆਪਣੀ 8ਵੀਂ ਕਲਾਸ ਦੀ ਪੜ੍ਹਾਈ ਡੀ. ਸੀ. ਮਾਡਲ ਸਕੂਲ ਫਿਰੋਜ਼ਪੁਰ ਤੋਂ ਕੀਤੀ। ਇਸ ਤੋਂ ਬਾਅਦ ਉਹ ਸਰਕਾਰੀ ਹਾਈ ਸਕੂਲ ਮੰਡੀ ਡੱਬਵਾਲੀ ਵਿਚ ਦਾਖਲ ਹੋ ਗਏ। ਸ਼ੁਰੂ ਤੋਂ ਉਨ੍ਹਾਂ ਦੀ ਰੁਚੀ ਪਹਿਲਵਾਨੀ ਵਿਚ ਸੀ ਅਤੇ ਉਨ੍ਹਾਂ ਨੇ ਹਮੇਸ਼ਾ ਪਹਿਲਵਾਨੀ ਦੇ ਅਖਾੜਿਆਂ ਵਿਚ ਪ੍ਰਸਿੱਧ ਪਹਿਲਵਾਨਾਂ ਨੂੰ ਮਾਤ ਦਿੱਤੀ। ਉਨ੍ਹਾਂ ਦੇ ਪਿਤਾ ਕੋਲ ਚੌਟਾਲਾ ਅਤੇ ਤੇਜਾਖੇੜਾ ਵਿਚ 2750 ਵਿੱਘਾ ਜ਼ਮੀਨ ਸੀ ਪਰ ਉਨ੍ਹਾਂ ਨੇ ਖੇਤੀਬਾੜੀ ਕਰਵਾਉਣ ਦੀ ਬਜਾਏ ਦੇਸ਼ਭਗਤੀ ਵਿਚ ਜ਼ਿਆਦਾ ਧਿਆਨ ਦਿੱਤਾ ਅਤੇ ਆਜ਼ਾਦੀ ਦੀ ਜੰਗ 'ਚ ਕੁੱਦ ਪਏ।ਪਹਿਲੀ ਵਾਰਨ੍ਹਾਂ ਨੂੰ 8 ਅਕਤੂਬਰ, 1930 ਨੂੰ ਹਿਸਾਰ ਦੀ ਜੇਲ 'ਚ ਬੰਦ ਕਰ ਦਿੱਤਾ ਗਿਆ ਕਿਉੁਂਕਿ ਉਨ੍ਹਾਂ ਦੀਆਂ ਸਰਗਰਮੀਆਂ ਅੰਗਰੇਜ਼ ਸਰਕਾਰ ਬਰਦਾਸ਼ਤ ਨਹੀਂ ਕਰ ਸਕੀ। ਫਿਰ 1932 ਵਿਚ ਦਿੱਲੀ ਜੇਲ ਭੇਜੇ ਗਏ। ਪਹਿਲੀ ਵਾਰ ਉਹ 1956 'ਚ ਪੰਜਾਬ ਵਿਧਾਨ ਸਭਾ ਦੇ ਮੈਂਬਰ ਚੁਣੇ ਗਏ। ਇਸ ਤੋਂ ਬਾਅਦ 1958 'ਚ ਸਿਰਸਾ ਵਿਧਾਨ ਸਭਾ ਤੋਂ ਚੋਣ ਜਿੱਤ ਗਏ। 1956 'ਚ ਉਨ੍ਹਾਂ ਦੀਆਂ ਸਰਗਰਮੀਆਂ ਨੂੰ ਮੱਦੇਨਜ਼ਰ ਰੱਖਦੇ ਹੋਏ ਉਨ੍ਹਾਂ ਨੂੰ ਪੰਜਾਬ ਪ੍ਰਦੇਸ਼ ਕਾਂਗਰਸ ਦਾ ਪ੍ਰਧਾਨ ਬਣਾ ਦਿੱਤਾ ਗਿਆ। ਲਗਾਤਾਰ 39 ਸਾਲ ਕਾਂਗਰਸ ਵਿਚ ਰਹਿ ਕੇ ਉਨ੍ਹਾਂ ਨੇ ਦੇਸ਼ ਨੂੰ ਆਜ਼ਾਦ ਕਰਵਾਉਣ ਲਈ ਮਹੱਤਵਪੂਰਨ ਭੂਮਿਕਾ ਨਿਭਾਈ ਪਰ 1971 ਵਿਚ ਉਨ੍ਹਾਂ ਦੇ ਕੁਝ ਕਾਂਗਰਸੀ ਨੇਤਾਵਾਂ ਨਾਲ ਮੱਤਭੇਦ ਹੋ ਗਏ ਅਤੇ ਉਨ੍ਹਾਂ ਨੇ ਕਾਂਗਰਸ ਨੂੰ ਸਦਾ ਲਈ ਅਲਵਿਦਾ ਕਹਿ ਦਿੱਤਾ। ਉਨ੍ਹਾਂ ਨੇ 1974 'ਚ ਸਿਰਸਾ ਜ਼ਿਲੇ ਦੇ ਰੋੜੀ ਵਿਧਾਨ ਸਭਾ ਹਲਕੇ ਦੀ ਉਪ-ਚੋਣ ਚੌਧਰੀ ਇੰਦਰਾਜ ਸਿੰਘ ਬੈਨੀਵਾਲ, ਜੋ ਕਿ ਤੱਤਕਾਲੀ ਮੁੱਖ ਮੰਤਰੀ ਚੌਧਰੀ ਬੰਸੀ ਲਾਲ ਦੇ ਨਜ਼ਦੀਕੀ ਰਿਸ਼ਤੇਦਾਰ ਸਨ, ਦੇ ਵਿਰੁੱਧ ਲੜੀ ਅਤੇ ਲੱਗਭਗ 18 ਹਜ਼ਾਰ ਵੋਟਾਂ ਨਾਲ ਜਿੱਤ ਹਾਸਲ ਕੀਤੀ।
ਫਿਰ 1975 'ਚ ਉਸ ਸਮੇਂ ਦੀ ਪ੍ਰਧਾਨ ਮੰਤਰੀ ਸਵ. ਸ਼੍ਰੀਮਤੀ ਇੰਦਰਾ ਗਾਂਧੀ ਨੇ ਲੋਕਤੰਤਰ ਦਾ ਗਲਾ ਘੁੱਟਦੇ ਹੋਏ ਪੂਰੇ ਦੇਸ਼ 'ਚ ਐਮਰਜੈਂਸੀ ਲਾਗੂ ਕਰ ਦਿੱਤੀ। ਇਸ ਦੇ ਨਾਲ ਹੀ ਚੌਧਰੀ ਦੇਵੀ ਲਾਲ ਨੂੰ ਗ੍ਰਿਫਤਾਰ ਕਰ ਲਿਆ ਗਿਆ ਅਤੇ ਉਹ ਲਗਾਤਾਰ 19 ਮਹੀਨੇ ਹਿਸਾਰ ਜੇਲ ਅਤੇ ਮਹਿੰਦਰਗੜ੍ਹ ਕਿਲੇ 'ਚ ਕੈਦ ਰੱਖੇ ਗਏ। 1977 'ਚ ਆਮ ਚੋਣਾਂ ਵਿਚ ਉਨ੍ਹਾਂ ਨੇ ਵੱਡੀ ਜਿੱਤ ਹਾਸਲ ਕਰਦੇ ਹੋਏ ਮੁੱਖ ਮੰਤਰੀ ਦੀ ਕੁਰਸੀ ਹਾਸਲ ਕੀਤੀ। ਉਹ ਸਾਰੀ ਉਮਰ ਸੰਘਰਸ਼ਸ਼ੀਲ ਰਹੇ। ਹਰ ਵਾਰ ਗਰੀਬ ਲੋਕਾਂ, ਕਿਸਾਨਾਂ, ਦੁਕਾਨਦਾਰਾਂ, ਮਜ਼ਦੂਰਾਂ ਅਤੇ ਛੋਟੇ ਕਰਮਚਾਰੀਆਂ ਦੇ ਹੱਕਾਂ ਲਈ ਲੜਦੇ ਰਹੇ। ਇਸ ਤੋਂ ਬਾਅਦ ਉਹ ਦੁਬਾਰਾ 1987 'ਚ ਹਰਿਆਣਾ ਦੇ ਮੁੱਖ ਮੰਤਰੀ ਬਣੇ।
1989 'ਚ ਜਦੋਂ ਭਾਰਤ ਵਿਚ ਲੋਕ ਸਭਾ ਦੀਆਂ ਆਮ ਚੋਣਾਂ ਹੋਈਆਂ ਤਾਂ ਲੋਕ ਸਭਾ ਹਲਕਾ ਸੀਕਰ (ਰਾਜਸਥਾਨ) ਅਤੇ ਹਰਿਆਣਾ ਦੇ ਲੋਕ ਸਭਾ ਹਲਕੇ ਰੋਹਤਕ ਤੋਂ ਭਾਰੀ ਜਿੱਤ ਹਾਸਲ ਕੀਤੀ। ਉਨ੍ਹਾਂ ਨੂੰ ਲੋਕ ਸਭਾ 'ਚ ਸਾਰੇ ਸੰਸਦ ਮੈਂਬਰਾਂ ਨੇ ਸਰਬਸੰਮਤੀ ਨਾਲ ਆਪਣਾ ਨੇਤਾ ਚੁਣ ਲਿਆ। ਜੇਕਰ ਉਹ ਚਾਹੁੰਦੇ ਤਾਂ ਪ੍ਰਧਾਨ ਮੰਤਰੀ ਅਹੁਦੇ ਦੀ ਸਹੁੰ ਚੁੱਕ ਸਕਦੇ ਸਨ ਪਰ ਉਨ੍ਹਾਂ ਨੇ ਤਿਆਗ ਦੀ ਭਾਵਨਾ ਦਿਖਾਉਂਦੇ ਹੋਏ ਪ੍ਰਧਾਨ ਮੰਤਰੀ ਦੇ ਅਹੁਦੇ ਦਾ ਤਾਜ ਆਪਣੇ ਸਿਰ ਤੋਂ ਉਤਾਰ ਕੇ ਸ਼੍ਰੀ ਵੀ. ਪੀ. ਸਿੰਘ ਦੇ ਸਿਰ 'ਤੇ ਰੱਖ ਦਿੱਤਾ।
ਫਿਰ ਉਹ 19 ਅਕਤੂਬਰ, 1989 ਨੂੰ ਭਾਰਤ ਦੇ ਉਪ-ਪ੍ਰਧਾਨ ਮੰਤਰੀ ਬਣ ਗਏ ਅਤੇ ਇਸ ਅਹੁਦੇ 'ਤੇ ਉਹ 21 ਜੂਨ, 1991 ਤਕ ਬਿਰਾਜਮਾਨ ਰਹੇ। ਸਾਰੇ ਦੇਸ਼ਵਾਸੀ ਉਨ੍ਹਾਂ ਨੂੰ ਪਿਆਰ ਨਾਲ ਤਾਊ ਦੇਵੀ ਲਾਲ ਕਹਿ ਕੇ ਬੁਲਾਉਂਦੇ ਸਨ ਅਤੇ ਲੋਕਾਂ ਨੇ ਉਨ੍ਹਾਂ ਨੂੰ ਸ਼ੇਰ-ਏ-ਹਰਿਆਣਾ ਦਾ ਖਿਤਾਬ ਵੀ ਦਿੱਤਾ।
ਉਨ੍ਹਾਂ ਨੇ ਆਪਣਾ ਪੂਰਾ ਜੀਵਨ ਲੋਕਾਂ ਦੀ ਸੇਵਾ 'ਚ ਲਾਇਆ ਅਤੇ 86 ਸਾਲ ਦੀ ਉਮਰ ਵਿਚ 6 ਅਪ੍ਰੈਲ, 2001 ਨੂੰ ਇਸ ਸੰਸਾਰ ਨੂੰ ਅਲਵਿਦਾ ਕਹਿ ਗਏ।


Related News