ਚੰਗੇ ਸ਼ਾਸਨ ਦੇ ਸਾਰੇ ਮਾਪਦੰਡਾਂ ਦੀਅਾਂ ਧੱਜੀਅਾਂ ਉਡਾਉਂਦਾ ਯੂ. ਪੀ.

Wednesday, Dec 05, 2018 - 07:10 AM (IST)

ਚੰਗੇ ਸ਼ਾਸਨ ਦੇ ਸਾਰੇ ਮਾਪਦੰਡਾਂ ਦੀਅਾਂ ਧੱਜੀਅਾਂ ਉਡਾਉਂਦਾ ਯੂ. ਪੀ.

ਗਊ ਹੱਤਿਆ ਦੀ ਅਫਵਾਹ ਕਾਰਨ ਅਰਾਜਕ ਹਿੰਦੂ ਸੰਗਠਨਾਂ ਦੀ ਭੀੜ ਨੇ ਯੂ. ਪੀ. ਦੇ ਬੁਲੰਦਸ਼ਹਿਰ ’ਚ ਇਕ ਪੁਲਸ ਇੰਸਪੈਕਟਰ ਦੀ ਹੱਤਿਆ ਕਰ ਦਿੱਤੀ, ਜਦਕਿ ਭੀੜ ਦੇ ਹਮਲੇ ’ਚ ਇਕ ਸਿਪਾਹੀ ਜ਼ਖ਼ਮੀ ਹੋ ਗਿਆ। ਅਜਿਹੀ ਹੀ ਭੀੜ ਨੇ ਪਿੱਛੇ  ਜਿਹੇ ਦਿੱਲੀ ਨਾਲ ਲੱਗਦੇ ਗੌਤਮਬੁੱਧ ਨਗਰ ਦੇ ਬਿਸਹਰਾ ਪਿੰਡ ’ਚ ਅਖਲਾਕ ਨੂੰ ਇਸੇ ਅਫਵਾਹ ਕਾਰਨ ਜਾਨੋਂ ਮਾਰ ਦਿੱਤਾ ਸੀ। 
ਕੁਝ ਮਹੀਨੇ ਪਹਿਲਾਂ ਯੂ. ਪੀ. ਪੁਲਸ ਦੇ ਇਕ ਸਿਪਾਹੀ ਨੇ  ਕਥਿਤ  ਚੈਕਿੰਗ  ਦੌਰਾਨ ਸੂਬੇ ਦੀ ਰਾਜਧਾਨੀ ਲਖਨਊ ’ਚ ਇਕ ਬਹੁਕੌਮੀ ਕੰਪਨੀ ਦੇ ਪ੍ਰਬੰਧਕ ਨੂੰ ਗੋਲੀ ਮਾਰ ਦਿੱਤੀ ਸੀ। ਬੁਲੰਦਸ਼ਹਿਰ ਵਾਲੀ ਘਟਨਾ ’ਚ ਦੋਸ਼ ਹੈ ਕਿ ਇੰਸਪੈਕਟਰ ਦੇ ਸਾਥੀ ਹਮਲਾ ਦੇਖ ਕੇ ਭੱਜ ਖੜ੍ਹੇ ਹੋਏ, ਜਦਕਿ ਲਖਨਊ ਵਾਲੀ ਘਟਨਾ ’ਚ ਉਸ ਸਿਪਾਹੀ ਦੀ ਅਪਰਾਧਿਕ ਕਰਤੂਤ ’ਤੇ ਕਾਰਵਾਈ ਵਿਰੁੱਧ ਪੁਲਸ ਦਾ ਸਮੂਹਿਕ ਦਬਾਅ ਦੇਖਣ ਨੂੰ ਮਿਲਿਆ। ਜੇ ਟ੍ਰੇਨਿੰਗ ਸਹੀ ਹੁੰਦੀ ਤਾਂ ਸਥਿਤੀ ਉਲਟੀ ਹੁੰਦੀ ਤੇ ਇੰਸਪੈਕਟਰ ਨੂੰ ਬਚਾਉਣ ਲਈ ਸਾਰੇ ਸਿਪਾਹੀ ਆਪਣੀ ਜਾਨ ’ਤੇ ਖੇਡ ਜਾਂਦੇ। 
ਤਿੰਨੋਂ ਘਟਨਾਵਾਂ ਇਕ-ਦੂਜੀ ਤੋਂ ਵੱਖ ਨਹੀਂ
ਦੇਖਣ ’ਚ ਇਹ ਤਿੰਨੋਂ ਘਟਨਾਵਾਂ ਇਕ-ਦੂਜੀ ਦੇ ਉਲਟ ਲੱਗਦੀਅਾਂ ਹਨ ਪਰ ਡੂੰਘਾਈ ਨਾਲ ਵਿਸ਼ਲੇਸ਼ਣ ਕਰਨ ’ਤੇ ਪਤਾ ਲੱਗੇਗਾ ਕਿ ਇਹ ਇਕ-ਦੂਜੀ ਤੋਂ ਵੱਖ ਨਹੀਂ। ਜੇਕਰ ਸਿਆਸੀ ਆਕਿਅਾਂ ਦੇ ਇਸ਼ਾਰੇ ’ਤੇ ਕੋਈ ਵੱਡਾ ਪੁਲਸ ਅਧਿਕਾਰੀ ਰਾਮ ਭਗਤ ਜਾਂ ਸ਼ਿਵ ਭਗਤ ਕਾਂਵੜੀਅਾਂ ’ਤੇ ਫੁੱਲਾਂ ਦੀ ਵਰਖਾ ਕਰੇਗਾ ਤਾਂ ਉਨ੍ਹਾਂ ਹੀ ਭਗਤਾਂ ’ਚੋਂ ਕੁਝ ਅਗਲੇ ਪੜਾਅ ’ਤੇ ਕਿਸੇ ਟਰੈਫਿਕ ਪੁਲਸ ਮੁਲਾਜ਼ਮ ਨੂੰ ਕੁੱਟ-ਕੁੱਟ ਕੇ ਮਾਰ ਸਕਦੇ ਹਨ ਜਾਂ ਸੜਕ ’ਤੇ ਜਾ ਰਹੀ ਗੱਡੀ ਨੂੰ ਅੱਗ ਲਾ ਸਕਦੇ ਹਨ।
ਜੇ ਗਊ ਰੱਖਿਅਕ ਸਰਕਾਰ ਅਤੇ ਸਰਕਾਰੀ ਏਜੰਸੀਅਾਂ ਦੀਅਾਂ ਨਜ਼ਰਾਂ ’ਚ ਵੀ ਪੂਜਨੀਕ ਹਨ ਤਾਂ ਬੁਲੰਦਸ਼ਹਿਰ ਵਾਲੀ ਘਟਨਾ ਉਸ ਦਾ ਦਲੀਲੀ ਸਿੱਟਾ ਹੈ। ਅਸਲ ’ਚ ਭੜਕੇ ਹੋਏ ਗਊ ਭਗਤ ਜਾਂ ਓਨੇ ਹੀ ਹਮਲਾਵਰ ਓਵੈਸੀ-ਸਮਰਥਕ ਜਾਣਦੇ ਹਨ ਕਿ ਅਗਲੀਅਾਂ ਚੋਣਾਂ ’ਚ ਉਨ੍ਹਾਂ ’ਚੋਂ ਹੀ ਕਿਸੇ ਨੂੰ ਟਿਕਟ ਮਿਲੇਗੀ ਅਤੇ ਉਹ ਜਨੂੰਨ ਦੇ ਵਹਾਅ ’ਚ ਜਿੱਤ ਕੇ ਦੇਸ਼ ਜਾਂ ਸੂਬੇ ਦਾ ਕਾਨੂੰਨ ਵੀ ਬਣਾਏਗਾ ਅਤੇ ਮੰਤਰੀ ਬਣ ਕੇ ਸੰਵਿਧਾਨ ਪ੍ਰਤੀ ਵਫ਼ਾਦਾਰੀ ਦੀ ਸਹੁੰ ਵੀ ਚੁੱਕੇਗਾ। 
ਗਊ ਹੱਤਿਆ ਵਿਰੁੱਧ ਸੱਤਾਧਾਰੀ ਪਾਰਟੀ ਅਤੇ ਇਸ ਦੇ ਸਾਰੇ ਸਬੰਧਤ ਸੰਗਠਨ ਦਿਨ-ਰਾਤ ਬਿਆਨ ਦਿੰਦੇ ਹਨ। ਇਨ੍ਹਾਂ ਬਿਆਨਾਂ ਦੇ ਤਹਿਤ ਜੋ ਵੀ ਜੁਰਅੱਤ ਨਾਲ ਕਾਨੂੰਨ ਹੱਥ ’ਚ ਲੈਂਦਿਅਾਂ ਹਿੰਸਾ ਕਰਦਾ ਹੈ, ਉਹ ਜਾਣਦਾ ਹੈ ਕਿ ਕਾਨੂੰਨ ਵੀ ਸੱਤਾ ਦਾ ਇਸ਼ਾਰਾ ਸਮਝਦਾ ਹੈ ਤਾਂ ਹੀ ਪੁਲਸ ਦਾ ਉੱਚ ਅਧਿਕਾਰੀ ਫੁੱਲਾਂ ਦੀ ਵਰਖਾ ਕਰਦਾ ਹੈ। ਸਾਰੇ ਅਧਿਕਾਰੀ ਸਮਾਜ ਦੇ ਇਕ ਵਰਗ ਦੀ ਗੁੰਡਾਗਰਦੀ ਦੇ ਸਿਆਸੀ, ਸਮਾਜਿਕ ਅਤੇ ਕਈ ਵਾਰ ਆਰਥਿਕ ਕਾਰਕ ਵੀ ਹੁੰਦੇ ਹਨ ਅਤੇ ਸੂਬਾ ਇਕਾਈਅਾਂ ਦੀ ਭੂਮਿਕਾ ਉਨ੍ਹਾਂ ਨੂੰ ਰੋਕਣ ਦੇ ਮਾਮਲੇ ’ਚ ਮੱਠੀ ਪੈ ਜਾਂਦੀ ਹੈ ਪਰ ਜਦੋਂ ਇਨ੍ਹਾਂ ਇਕਾਈਅਾਂ ਨੂੰ ਹੀ ਆਪਹੁਦਰੇਪਣ ਦਾ ਸ਼ਿਕਾਰ ਹੋਣਾ ਪੈਂਦਾ ਹੈ ਤਾਂ ਸ਼ਾਇਦ ਸੰਵਿਧਾਨ, ਕਾਨੂੰਨ, ਸਿਸਟਮ ਤੇ ਲੋਕਤੰਤਰ ਸਭ ਟੁਕਰ-ਟੁਕਰ ਦੇਖਣ ਤੋਂ ਇਲਾਵਾ ਕੁਝ ਵੀ ਕਰਨ ’ਚ ਸਫਲ ਨਹੀਂ ਹੁੰਦੇ। 
ਯੂ. ਪੀ. ’ਚ 2017 ਦੀਅਾਂ ਚੋਣਾਂ ਤੋਂ ਬਾਅਦ ਸੱਤਾ ਬਦਲੀ ਸੀ ਤੇ ਸ਼ੁਰੂ ’ਚ ਲੱਗਾ ਸੀ ਕਿ ਇਕ ਬੇਬਾਕ ਭਗਵੇ ਚੋਲੇ ਵਾਲਾ ਸੰਤ ਬੇਸ਼ੱਕ ਹੀ ਵਿਚਾਰਧਾਰਾ ਪ੍ਰਤੀ ਅਟੁੱਟ ਵਚਨਬੱਧਤਾ ਰੱਖਦਾ ਹੋਵੇ, ਸੱਤਾ ’ਚ ਆਉਣ ਤੋਂ ਬਾਅਦ ਕਲਿਆਣਕਾਰੀ ਸੂਬੇ ਦੀਅਾਂ ਕਦਰਾਂ-ਕੀਮਤਾਂ ਪ੍ਰਤੀ ਆਪਣੀ ਸ਼ਰਧਾ ਨੂੰ ਸਾਰੀਅਾਂ ਤਰਜੀਹਾਂ ਤੋਂ ਉਪਰ ਰੱਖੇਗਾ ਪਰ ਸ਼ਾਇਦ ਤਵਾਇਫ ਵਾਂਗ ਸਿਆਸਤ ਦੇ ਵੀ ਕਈ ਰੂਪ ਹੁੰਦੇ ਹਨ, ਲਿਹਾਜ਼ਾ ਜਾਂ ਤਾਂ ਯੋਗੀ ਦੇ ਰੂਪ ’ਚ ਮੁੱਖ ਮੰਤਰੀ ਸਮਰੱਥ ਨਹੀਂ ਹਨ ਜਾਂ ਉਨ੍ਹਾਂ ਦੀ ਸਮਰੱਥਾ ’ਤੇ ਹੋਰਨਾਂ ਤਾਕਤਾਂ ਨੇ ਗ੍ਰਹਿਣ ਲਾ ਦਿੱਤਾ ਹੈ। 
ਨਤੀਜਾ ਇਹ ਨਿਕਲਿਆ ਕਿ ਜਿੱਥੇ ਸੂਬੇ ਦੀ ਵਿਵਸਥਾ ਬਣਾਈ ਰੱਖਣ ਵਾਲੀ ਪੁਲਸ ਬੇਰਹਿਮ ਅਤੇ ਅਣਮਨੁੱਖੀ ਹੁੰਦੀ ਗਈ, ਉਥੇ ਹੀ ਵਿਕਾਸ ’ਚ ਲੱਗੀਅਾਂ ਏਜੰਸੀਅਾਂ ਫਰਜ਼ੀ ਅੰਕੜੇ ਇਕੱਠੇ ਕਰਨ ਅਤੇ ਅਸਲੀਅਤ ’ਤੇ ਪਰਦਾ ਪਾਉਣ ’ਚ ਲੱਗ ਗਈਅਾਂ ਤੇ ਮੋਦੀ-ਯੋਗੀ ਦਾ ‘ਇਕਬਾਲ’ ਇਸ ਅਣਮਨੁੱਖੀ, ਫਰੇਬੀ ਨੌਕਰਸ਼ਾਹੀ ਅੱਗੇ ਦਮ ਤੋੜਨ ਲੱਗਾ। 
ਵਿਕਾਸ : ਅਫਸਰਸ਼ਾਹੀ ਦੇ ਫਰਜ਼ੀ ਅੰਕੜੇ
ਤਾਜ਼ਾ ਖ਼ਬਰ ਮੁਤਾਬਿਕ ਕੇਂਦਰ ਸਰਕਾਰ ਦੀ ਪਹਿਲ ’ਤੇ ਕੀਤੀ ਗਈ ਇਕ ਜਾਂਚ ’ਚ ਯੂ. ਪੀ. ਦੇ 1.88 ਲੱਖ ਅਾਂਗਨਵਾੜੀ ਕੇਂਦਰਾਂ ’ਚ ਇਸ ਖਾਹਿਸ਼ੀ ਪ੍ਰੋਗਰਾਮ ’ਚ ਦਰਜ ਬੱਚਿਅਾਂ ’ਚੋਂ 14.57 ਲੱਖ ਬੱਚੇ ਇਸ ਦੁਨੀਆ ’ਚ ਕਦੇ ਆਏ ਹੀ ਨਹੀਂ ਪਰ ਸਾਰੇ ਵਰ੍ਹਿਅਾਂ ਤੋਂ ਅਤੇ ਅੱਜ ਵੀ ਹਰ ਰੋਜ਼ ਇਨ੍ਹਾਂ ਬੱਚਿਅਾਂ ਦੇ ਨਾਂ ’ਤੇ ਮਿਲਣ ਵਾਲੇ 8 ਰੁਪਏ (ਪ੍ਰਤੀ ਬੱਚਾ) ਅਫਸਰਸ਼ਾਹੀ ਹੜੱਪ ਲੈਂਦੀ ਹੈ, ਭਾਵ ਹਰ ਸਾਲ ਹਜ਼ਾਰਾਂ ਕਰੋੜ ਰੁਪਏ। 
ਇਹੋ ਵਜ੍ਹਾ ਹੈ ਕਿ ਬੱਚਾ ਮੌਤ ਦਰ ਯੂ. ਪੀ. ਤੇ ਬਿਹਾਰ ’ਚ ਹੇਠਾਂ ਆਉਣ ਦਾ ਨਾਂ ਨਹੀਂ ਲੈ ਰਹੀ। ਆਈ. ਏ. ਐੱਸ. ਅਫਸਰ ਜ਼ਿਲਿਅਾਂ ਜਾਂ ਵਿਕਾਸ ਅਥਾਰਿਟੀਅਾਂ ’ਚ ਹੀ ਨਹੀਂ, ਸਾਰੇ ਅਹਿਮ ਵਿਕਾਸ ਕਰਨ ਵਾਲੇ ਮਹਿਕਮਿਅਾਂ ’ਤੇ ਕੁੰਡਲੀ ਮਾਰ ਕੇ ਬੈਠੇ ਰਹਿੰਦੇ ਹਨ ਤੇ ਮੋਦੀ ਦੇ ਵਾਅਦੇ ਅਮਲ ’ਚ ਨਹੀਂ ਆਉਂਦੇ। ਕਹਿੰਦੇ ਹਨ ਕਿ ਦੇਗ ’ਚੋਂ ਚੌਲਾਂ ਦਾ ਇਕ ਦਾਣਾ ਦੇਖ ਕੇ ਹੀ ਪੂਰੀ ਦੇਗ ਦੇ ਚੌਲ ਪੱਕ ਜਾਣ ਦਾ ਅੰਦਾਜ਼ਾ ਲਾਇਆ ਜਾ ਸਕਦਾ ਹੈ। ਯੂ. ਪੀ. ’ਚ ਅੱਜ ਯੋਗੀ ਆਦਿੱਤਿਆਨਾਥ ਦੀ ਸਰਕਾਰ ਦੇ ਇਕ ਸਾਲ ਬਾਅਦ ਸ਼ਾਸਨ ਦੀ ਸਥਿਤੀ ਦੇਖਣ ਲਈ ਕੁਝ ਘਟਨਾਵਾਂ ਤੇ ਉਨ੍ਹਾਂ ਦਾ ਵਿਸ਼ਲੇਸ਼ਣ ਕਾਫੀ ਹੈ। 
ਸੂਬੇ ਦੀ ਰਾਜਧਾਨੀ ਲਖਨਊ ’ਚ ਜਦੋਂ ਇਕ ਸਿਪਾਹੀ ਕਾਰ ’ਚ ਜਾ ਰਹੇ ਦੋ ਵਿਅਕਤੀਅਾਂ ’ਚੋਂ ਇਕ ਨੂੰ ਕਥਿਤ ਚੈਕਿੰਗ ਦੌਰਾਨ ਸਿੱਧਾ ਗੋਲੀ ਮਾਰ ਦਿੰਦਾ ਹੈ ਅਤੇ ਮੀਡੀਆ, ਸਮਾਜ ਇਸ ਵਿਰੁੱਧ ਆਵਾਜ਼ ਉਠਾਉਂਦਾ ਹੈ ਤਾਂ ਲੋਕਤੰਤਰ ਦੇ ਮੂਲ ਸਿਧਾਂਤ ‘ਸਮੂਹਿਕ ਦਬਾਅ’ ਦਾ ਇਸਤੇਮਾਲ ਕਰਦਿਅਾਂ ਪੁਲਸ ਸਮੂਹਿਕ ਤੌਰ ’ਤੇ ਵਿਰੋਧ ਕਰਦੀ ਹੈ, ਸ਼ਾਇਦ ਇਹ ਦੱਸਣ ਲਈ ਕਿ ‘ਬੰਦੂਕ ਹੈ, ਤਾਂ ਚੱਲੇਗੀ ਹੀ, ਮਰਨਾ ਤਾਂ ਉਸ ਨੌਜਵਾਨ ਦੀ ਕਿਸਮਤ ਦੀ ਗੱਲ ਹੈ।’
ਅੰਗਰੇਜ਼ੀ ਅਖਬਾਰਾਂ ’ਚ ਛਪੇ ਲੇਖਾਂ ’ਚ ਇਸ ਨੂੰ ‘ਬਰੂਟਲਾਈਜ਼ੇਸ਼ਨ ਆਫ ਪੁਲਸ’ ਕਿਹਾ ਗਿਆ ਤੇ ਦੱਸਿਆ ਗਿਆ ਕਿ ਜੇ ਸੱਤਾ ਦੇ ਸਿਖਰ ’ਤੇ ਬੈਠੇ ਸਿਆਸੀ ਵਰਗ ਦਾ ਇਸ਼ਾਰਾ ‘ਐਨਕਾਊਂਟਰ’ ਦਾ ਹੋਵੇਗਾ ਤਾਂ ਕਪਤਾਨ ਅਤੇ ਉਸ ਦੇ ਥਾਣੇਦਾਰ ਸਿਆਸੀ ਵਰਗ ਨੂੰ ਖੁਸ਼ ਕਰਨ ਲਈ ਕਿਸੇ ਨੂੰ ਵੀ ਰਾਤ ਦੇ ਹਨੇਰੇ ’ਚ ਚੁੱਕ ਕੇ ‘ਠੋਕ’ ਦੇਣਗੇ। ਕੁਝ ਸਮੇਂ ’ਚ ਇਹੋ ਪੁਲਸ, ਜਿਸ ਤੋਂ ਅਸੀਂ ਯੂਰਪੀ ਪੁਲਸ ਵਾਂਗ ਸੇਵਾ-ਭਾਵਨਾ ਦੀ ਉਮੀਦ ਕਰਦੇ ਹਾਂ, ਕਰੂਰਤਾ ਦਾ ਸੁਭਾਅ ਅਖ਼ਤਿਆਰ ਕਰ ਲਵੇਗੀ। 
ਸੀਤਾਪੁਰ ’ਚ ਜਦੋਂ ਕੁਝ ਗੁੰਡੇ ਇਕ ਔਰਤ ਨੂੰ ਬਲਾਤਕਾਰ ਦੀ ਸ਼ਿਕਾਰ ਬਣਾਉਣਾ ਚਾਹੁੰਦੇ ਹਨ ਅਤੇ ਉਹ ਪੁਲਸ ਥਾਣੇ ’ਚ ਸ਼ਿਕਾਇਤ ਕਰਦੀ ਹੈ ਤਾਂ ਥਾਣੇਦਾਰ ਦੇ ਕੰਨ ’ਤੇ ਜੂੰ ਤਕ ਨਹੀਂ ਸਰਕਦੀ। ਕਰੂਰਤਾ ਬਲਾਤਕਾਰ ਦਾ ਸਿੱਟਾ ਹੈ। ਉਨ੍ਹਾਂ ਗੁੰਡਿਅਾਂ ਨੂੰ ਵੀ ਇਹ ਨਾਗਵਾਰ ਲੱਗਦਾ ਹੈ ਅਤੇ ਇਸ ਨੂੰ ਉਸ ਔਰਤ ਦੀ ‘ਜੁਰਅੱਤ’ ਮੰਨਦੇ ਹੋਏ ਉਹ ‘ਨਾਰਾਜ਼’ ਹੋ ਜਾਂਦੇ ਹਨ। 
ਦੂਜੇ ਪਾਸੇ ਪੀੜਤ ਔਰਤ ਮੋਦੀ-ਯੋਗੀ ਤੇ ਭਾਜਪਾ ਦੇ ‘ਨਾਰੀ ਸਨਮਾਨ’ ਦੇ ਨਿੱਤ ਕੀਤੇ ਜਾਣ ਵਾਲੇ ਦਾਅਵਿਅਾਂ ’ਤੇ ਭਰੋਸਾ ਕਰਦਿਅਾਂ ਜਦੋਂ ਮੁੜ ਪੁਲਸ ਥਾਣੇ ਜਾ ਕੇ ਪੁੱਛਣਾ ਚਾਹੁੰਦੀ ਹੈ ਤਾਂ ਰਸਤੇ ’ਚ  ਉਹੀ ਗੁੁੰਡੇ ਉਸ ਨੂੰ ਘੇਰ ਕੇ ਸਾੜ ਦਿੰਦੇ ਹਨ। 
ਅਜੇ ਵੀ ਸਮਾਂ ਹੈ, ਜੇ ਸੂਬਿਅਾਂ ’ਚ ਭਾਜਪਾ ਦੀਅਾਂ ਸਰਕਾਰਾਂ  ਭਾਵਨਾਤਮਕ ਮੁੱਦੇ ’ਤੇ ਧਿਆਨ ਦੇਣ ਦੀ ਬਜਾਏ ਪੱਖਪਾਤਹੀਣ ‘ਗਵਰਨੈਂਸ’ ਉੱਤੇ ਧਿਆਨ ਦੇਣ ਲੱਗ ਪੈਣ ਤਾਂ ਨਾ ਬੁਲੰਦਸ਼ਹਿਰ ’ਚ ਕੋਈ ਪੁਲਸ ਇੰਸਪੈਕਟਰ ਮਾਰਿਆ ਜਾਵੇਗਾ ਅਤੇ ਨਾ ਹੀ ਲਖਨਊ ’ਚ ਕੋਈ ਕਿਸੇ ਸਿਰਫਿਰੇ ਸਿਪਾਹੀ ਦੀ ਗੋਲੀ ਦਾ ਸ਼ਿਕਾਰ ਹੋਵੇਗਾ। 
ਜੇ ਸੂਬਾਈ ਪੁਲਸ ਨੂੰ ਸ਼ਿਵ ਭਗਤ ਕਾਂਵੜੀਅਾਂ ’ਤੇ ਹੈਲੀਕਾਪਟਰ ਰਾਹੀਂ ਫੁੱਲਾਂ ਦੀ ਵਰਖਾ ਕਰਨ ਦੀ ਮਜਬੂਰੀ ਹੋਵੇ ਤਾਂ ‘ਇਸਤਮਾ’ ਵਿਚ ਦੇਸ਼ ਦੇ ਕੋਨੇ-ਕੋਨੇ ਤੋਂ ਆਏ 8 ਲੱਖ ਮੁਸਲਿਮ ਜ਼ਾਏਰੀਨਾਂ ਪ੍ਰਤੀ ਵੀ ਇਹੋ ਭਾਵਨਾ ਰੱਖਣੀ ਪਵੇਗੀ। 

 


Related News