ਭਵਾਨੀਗੜ੍ਹ ''ਚ ਖੇਤੀ ਪ੍ਰਬੰਧਾਂ ''ਚ ਕੁਤਾਹੀ ਵਰਤਣ ਕਾਰਨ ਵਿਭਾਗੀ ਸੁਪਰਵਾਈਜ਼ਰ ਮੁਅੱਤਲ
Friday, Apr 14, 2023 - 12:18 PM (IST)

ਭਵਾਨੀਗੜ੍ਹ (ਕਾਂਸਲ) : ਨੇੜਲੇ ਪਿੰਡ ਭੜ੍ਹੋ ਦੇ ਖ਼ਰੀਦ ਕੇਂਦਰ ’ਚ ਹਾੜ੍ਹੀ ਦੇ ਸੀਜ਼ਨ ਮੌਕੇ ਖ਼ਰੀਦ ਕੇਂਦਰ ਦੀ ਸਫ਼ਾਈ, ਬਿਜਲੀ ਪਾਣੀ ਤੇ ਹੋਰ ਸਹੂਲਤਾਂ ਦੇ ਪ੍ਰਬੰਧ ਸਹੀ ਨਾ ਕਰਵਾਉਣ ਲਈ ਮਾਰਕੀਟ ਕਮੇਟੀ ਭਵਾਨੀਗੜ੍ਹ ਵੱਲੋਂ ਸਬੰਧਤ ਸੁਪਰਵਾਈਜ਼ਰ ਨੂੰ ਇਸ ਦਾ ਜ਼ਿੰਮੇਵਾਰ ਠਹਿਰਾਉਂਦਿਆਂ ਉਸਨੂੰ ਮੁਅੱਤਲ ਕਰ ਦਿੱਤਾ। ਜਾਣਕਾਰੀ ਦਿੰਦਿਆਂ ਮਾਰਕੀਟ ਕਮੇਟੀ ਦੇ ਇਕ ਅਧਿਕਾਰੀ ਕੁਲਵੰਤ ਸਿੰਘ ਨੇ ਦੱਸਿਆ ਕਿ ਮਾਰਕੀਟ ਕਮੇਟੀ ਵੱਲੋਂ ਸੁਪਵਾਈਜ਼ਰ ਮੇਜਰ ਸਿੰਘ ਨੂੰ 11 ਅਪ੍ਰੈਲ ਨੂੰ ਜਾਰੀ ਕੀਤੇ ਇਕ ਨੋਟਿਸ ਪੱਤਰ ਨੰਬਰ 15 ਰਾਹੀਂ ਸੁਪਰਵਾਈਜ਼ਰ ਤੋਂ ਖ਼ਰੀਦ ਕੇਂਦਰ ਭੜ੍ਹੋ ਵਿਖੇ ਹਾੜ੍ਹੀ ਦੇ ਸੀਜ਼ਨ ਨੂੰ ਮੁੱਖ ਰੱਖਦੇ ਹੋਏ ਖ਼ਰੀਦ ਕੇਂਦਰ ਦੇ ਯਾਰਡ ਦੀ ਸਾਫ਼-ਸਫਾਈ, ਬਿਜਲੀ ਪਾਣੀ ਦੇ ਪ੍ਰਬੰਧ ਕਰਨ ਲਈ ਡਿਊਟੀ ਲਾਈ ਗਈ ਸੀ ਪਰ ਉਸ ਵੱਲੋਂ ਆਪਣੀ ਡਿਊਟੀ ਸਹੀ ਢੰਗ ਨਾਲ ਨਹੀਂ ਨਿਭਾਈ, ਜਿਸ ਕਾਰਨ ਪ੍ਰਬੰਧਾਂ ’ਚ ਕੁਤਾਹੀ ਕਾਰਨ ਕਿਸਾਨਾਂ ਤੇ ਆੜ੍ਹਤੀਆਂ ਨੂੰ ਆਈਆਂ ਪ੍ਰੇਸ਼ਾਨੀਆਂ ਨਾਲ ਕਮੇਟੀ ਦਾ ਵੱਡੇ ਪੱਧਰ ’ਤੇ ਅਕਸ ਖ਼ਰਾਬ ਹੋਇਆ।
ਇਹ ਵੀ ਪੜ੍ਹੋ- ਕੁਦਰਤ ਦੀ ਮਾਰ ਨਾ ਸਹਾਰ ਸਕਿਆ ਕਿਸਾਨ, ਵਾਢੀ ਕਰਨ ਤੋਂ ਪਹਿਲਾਂ ਖ਼ਰਾਬ ਫ਼ਸਲ ਵੇਖ ਤੋੜਿਆ ਦਮ
ਜਿਸ ਦਾ ਉੱਚ ਅਧਿਕਾਰੀਆਂ ਨੇ ਗੰਭੀਰ ਨੋਟਿਸ ਲਿਆ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਵਿਭਾਗ ਵੱਲੋਂ ਸੁਪਰਵਾਈਜ਼ਰ ਕੱਢੇ ਨੋਟਿਸ ਦਾ ਜਵਾਬ ਵੀ ਉਸ ਵੱਲੋਂ ਤਸੱਲੀਬਕਸ਼ ਨਹੀਂ ਦਿੱਤਾ ਗਿਆ। ਜਿਸ ਕਰ ਕੇ ਕਮੇਟੀ ਦੇ ਸਕੱਤਰ ਦੇ ਹੁਕਮਾਂ ’ਤੇ ਜਾਰੀ ਪੱਤਰ ਨੰਬਰ 22 ਰਾਹੀਂ ਸੁਪਰਵਾਈਜ਼ਰ ਮੇਜਰ ਸਿੰਘ ਨੂੰ ਡਿਊਟੀ ਤੋਂ ਤੁਰੰਤ ਮੁਅੱਤਲ ਕਰਨ ਦੇ ਹੁਕਮ ਜਾਰੀ ਕਰਦਿਆਂ ਹੈੱਡ-ਕੁਆਟਰ ਸੰਦੌੜ ਵਿਖੇ ਫ਼ਿਕਸ ਕੀਤਾ ਗਿਆ। ਇਸ ਸਬੰਧੀ ਜਦੋਂ ਸੁਪਰਵਾਈਜ਼ਰ ਮੇਜਰ ਸਿੰਘ ਦਾ ਪੱਖ ਜਾਣਨ ਲਈ ਉਸ ਨਾਲ ਗੱਲ ਕੀਤੀ ਤਾਂ ਉਸਨੇ ਕਿਹਾ ਕਿ ਊਸ ਨਾਲ ਧੱਕਾ ਹੋਇਆ ਹੈ, ਕਿਉਂਕਿ ਉਹ ਬੀਮਾਰ ਹੋਣ ਕਾਰਨ ਮੈਡੀਕਲ ਛੁੱਟੀ ’ਤੇ ਸੀ ਅਤੇ ਹਸਪਤਾਲ ਵਿਚ ਭਰਤੀ ਸੀ ਤੇ ਇਸ ਸਬੰਧੀ ਉਸਨੇ ਕਮੇਟੀ ਦੇ ਸਕੱਤਰ ਨੂੰ ਵੀ ਸੂਚਿਤ ਕੀਤਾ ਹੋਇਆ ਸੀ। ਉਸਨੇ ਕਿਹਾ ਕਿ ਉਹ ਖ਼ਰੀਦ ਕੇਂਦਰ ਦਾ ਸਾਮਾਨ ਟਰਾਲੀ ’ਚ ਲਦਵਾ ਕੇ ਦਵਾਈ ਲੈਣ ਚਲਾ ਗਿਆ ਤਾਂ ਡਾਕਟਰਾਂ ਨੇ ਉਸਨੂੰ ਦਾਖ਼ਲ ਕਰ ਲਿਆ, ਜਿਸ ਨੂੰ ਅੱਜ ਛੁੱਟੀ ਮਿਲੀ ਹੈ। ਮੇਜਰ ਸਿੰਘ ਨੇ ਕਿਹਾ ਕਿ ਉਹ ਇਸ ਸਬੰਧੀ ਉੱਚ ਅਧਿਕਾਰੀਆਂ ਤੋਂ ਇਨਸਾਫ਼ ਦੀ ਮੰਗ ਕਰਨਗੇ।
ਇਹ ਵੀ ਪੜ੍ਹੋ- ਖ਼ਾਲਸਾ ਸਾਜਨਾ ਦਿਵਸ ਮੌਕੇ ਜਥੇਦਾਰ ਅਕਾਲ ਤਖ਼ਤ ਦਾ ਪੰਥ ਨੂੰ ਸੰਦੇਸ਼, ਹਰ ਸਿੱਖ ਆਪਣੇ ਘਰ 'ਚ ਰੱਖੇ ਕਿਰਪਾਨ
ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।