ਜੇਲ੍ਹਾਂ ''ਚ ਨਜ਼ਰਬੰਦ ਬੰਦੀ ਸਿੰਘਾਂ ਦੀ ਰਿਹਾਈ ਲਈ ਹਲਕਾ ਦਿੜ੍ਹਬਾ ''ਚ ਦਸਤਖ਼ਤ ਮੁਹਿੰਮ ਦੀ ਕੀਤੀ ਗਈ ਸ਼ੁਰੂਆਤ
12/06/2022 6:01:10 PM

ਦਿੜ੍ਹਬਾ ਮੰਡੀ (ਅਜੈ) : ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਤੋਂ ਬੰਦੀ ਸਿੰਘਾਂ ਦੀ ਰਿਹਾਈ ਲਈ ਸ਼ੁਰੂ ਕੀਤੀ ਗਈ ਦਸਤਖਤ ਮੁਹਿੰਮ ਨੂੰ ਹਲਕਾ ਦਿੜ੍ਹਬਾ ਅੰਦਰ ਵੀ ਸ਼੍ਰੋਮਣੀ ਕਮੇਟੀ ਮੈਂਬਰ ਮਲਕੀਤ ਕੌਰ ਕਮਾਲਪੁਰ ਦੀ ਅਗਵਾਈ ਹੇਠ ਗੁਰਦੁਆਰਾ ਸ੍ਰੀ ਤੇਗ ਬਹਾਦਰ ਸਾਹਿਬ ਵਿਖੇ ਸ਼ੁਰੂ ਕੀਤਾ ਗਿਆ। ਸ਼੍ਰੋਮਣੀ ਅਕਾਲੀ ਦਲ (ਬ) ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਅਤੇ ਮਲਕੀਤ ਕੌਰ ਕਮਲਪੁਰ ਦੇ ਪਤੀ ਜਥੇਦਾਰ ਤੇਜਾ ਸਿੰਘ ਕਮਾਲਪੁਰ ਨੇ ਸੰਗਤ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਬੰਦੀ ਸਿੰਘ ਪਿਛਲੇ ਲੰਮੇ ਸਮੇਂ ਤੋਂ ਦੇਸ਼ ਦੀਆਂ ਵੱਖ-ਵੱਖ ਜੇਲ੍ਹਾਂ ਵਿੱਚ ਆਪਣੀ ਸਜ਼ਾ ਪੂਰੀ ਹੋਣ ਤੋਂ ਬਾਅਦ ਵੀ ਬੰਦ ਹਨ।
ਇਹ ਵੀ ਪੜ੍ਹੋ- ਵਿਦੇਸ਼ੀ ਨੰਬਰ ਤੋਂ ਫੋਨ ਕਰ ਮੈਡੀਕਲ ਸਟੋਰ ਮਾਲਕ ਤੋਂ ਮੰਗੀ 25 ਲੱਖ ਦੀ ਫਿਰੌਤੀ, ਨਾ ਦੇਣ 'ਤੇ ਦਿੱਤੀ ਜਾਨੋਂ ਮਾਰਨ ਦੀ ਧਮਕੀ
ਸ਼੍ਰੋਮਣੀ ਕਮੇਟੀ, ਸ਼੍ਰੋਮਣੀ ਅਕਾਲੀ ਦਲ ਵੱਲੋਂ ਉਨ੍ਹਾਂ ਨੂੰ ਰਿਹਾਅ ਕਰਵਾਉਣ ਲਈ ਸਮੇਂ-ਸਮੇਂ ਦੀਆਂ ਸਰਕਾਰਾਂ ਨੂੰ ਬੇਨਤੀ ਕੀਤੀ ਜਾਂਦੀ ਰਹੀ ਹੈ ਪਰ ਕਿਸੇ ਵੀ ਸਰਕਾਰ ਵੱਲੋਂ ਨੂੰ ਉਨ੍ਹਾਂ ਨੂੰ ਰਿਹਾਅ ਨਹੀਂ ਕੀਤਾ ਗਿਆ। ਜਦਕਿ ਉਹ ਬੰਦੀ ਸਿੰਘ ਸੰਵਿਧਾਨਕ ਤੌਰ 'ਤੇ ਕਾਨੂੰਨ ਵੱਲੋਂ ਦਿੱਤੀ ਗਈ ਸਜ਼ਾ ਪੂਰੀ ਕਰ ਚੁੱਕੇ ਹਨ ਪਰ ਸਰਕਾਰਾਂ ਸਿੱਖਾਂ ਨਾਲ ਭੇਦਭਾਵ ਦੀ ਨੀਤੀ ਅਪਣਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਇਸ ਦਸਤਖਤ ਮੁਹਿੰਮ ਨੂੰ ਹਲਕਾ ਦਿੜ੍ਹਬਾ ਅੰਦਰ ਘਰ-ਘਰ ਜਾ ਕੇ ਪੂਰਾ ਕੀਤਾ ਜਾਵੇਗਾ, ਇਹ ਦਸਤਖਤ ਕੀਤੇ ਫਾਰਮ ਪੰਜਾਬ ਦੇ ਰਾਜਪਾਲ ਨੂੰ ਸੌਂਪੇ ਜਾਣਗੇ ਤਾਂ ਜੋ ਸਰਕਾਰ 'ਤੇ ਰਿਹਾਈ ਕਰਵਾਉਣ ਲਈ ਦਬਾਅ ਬਣਾਇਆ ਜਾ ਸਕੇ। ਇਸ ਮੌਕੇ ਜਥੇਦਾਰ ਗੁਰਮੇਲ ਸਿੰਘ, ਨਿਹੰਗ ਸੁਰਜੀਤ ਸਿੰਘ, ਨਿਰਮਲ ਸਿੰਘ ਚੱਠਾ, ਝੰਡਾ ਸਿੰਘ ਖੇਤਲਾ, ਭੂਪਿੰਦਰ ਸਿੰਘ ਘੁਮਾਣ, ਜਗਵਿੰਦਰ ਸਿੰਘ ਕਮਾਲਪੁਰ ਅਤੇ ਹੋਰ ਹਾਜ਼ਰ ਸਨ।
ਨੋਟ- ਇਸ ਖ਼ਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਦਿਓ ਜਵਾਬ।