ਅੰਤਰਰਾਸ਼ਟਰੀ ਦਿਵਿਆਂਗਤਾ ਦਿਵਸ ਮੌਕੇ ਜ਼ਿਲਾ ਪੱਧਰੀ ਕੈਂਪ ਦਾ ਆਯੋਜਨ
Thursday, Dec 06, 2018 - 12:49 PM (IST)

ਸੰਗਰੂਰ (ਵਿਵੇਕ ਸਿੰਧਵਾਨੀ) - ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਦੇ ਦਿਸ਼ਾ-ਨਿਰਦੇਸ਼ਾਂ ਹੇਠ ਅੱਜ ਸਿਵਲ ਹਸਪਤਾਲ ਵਿਖੇ ਅੰਤਰਰਾਸ਼ਟਰੀ ਦਿਵਿਅਾਂਗਤਾ ਦਿਵਸ ਮੌਕੇ ਜ਼ਿਲਾ ਪੱਧਰੀ ਕੈਂਪ ਲਾਇਆ ਗਿਆ, ਜਿਸ ਦਾ ਜ਼ਿਲੇ ਭਰ ਤੋਂ ਪੁੱਜੇ 1300 ਤੋਂ ਵੀ ਵੱਧ ਦਿਵਿਆਂਗਜਨ ਨੇ ਲਾਭ ਉਠਾਇਆ। ਕੈਂਪ ਦੌਰਾਨ ਡਿਪਟੀ ਕਮਿਸ਼ਨਰ ਵੱਲੋਂ ਐੱਸ.ਡੀ.ਐੱਮ ਅਵਿਕੇਸ਼ ਗੁਪਤਾ ਨੇ ਸ਼ਮੂਲੀਅਤ ਕੀਤੀ ਅਤੇ ਪ੍ਰਾਰਥੀਆਂ ਨੂੰ ਵਿਸ਼ਵਾਸ ਦਿਵਾਇਆ ਕਿ ਜ਼ਿਲਾ ਪ੍ਰਸ਼ਾਸਨ ਉਨ੍ਹਾਂ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਇਸ ਦੌਰਾਨ ਸਿਵਲ ਸਰਜਨ ਡਾ. ਅਰੁਣ ਗੁਪਤਾ ਅਤੇ ਸੀਨੀਅਰ ਮੈਡੀਕਲ ਅਫ਼ਸਰ ਡਾ. ਕਿਰਪਾਲ ਸਿੰਘ ਦੀ ਅਗਵਾਈ ਹੇਠ 8 ਸੀਨੀਅਰ ਡਾਕਟਰਾਂ ਨੇ ਮੌਕੇ ’ਤੇ ਅਪੰਗ ਬਿਨੈਕਾਰਾਂ ਦੀ ਡਾਕਟਰੀ ਜਾਂਚ ਕੀਤੀ ਅਤੇ ਪਡ਼ਤਾਲ ਤੋਂ ਉਪਰੰਤ 555 ਯੋਗ ਪਾਏ ਗਏ ਬਿਨੈਕਾਰਾਂ ਨੂੰ ਅਪੰਗਤਾ ਸਰਟੀਫਿਕੇਟ ਜਾਰੀ ਕੀਤੇ ਗਏ। ਇਨ੍ਹਾਂ ਡਾਕਟਰਾਂ ਦੀ ਟੀਮ ਵਿਚ ਡਾ. ਪੀ.ਐੱਸ ਕਲੇਰ, ਡਾ. ਇੰਦਰਜੋਤ ਕੌਰ, ਡਾ. ਚਮਨਦੀਪ ਸਿੰਘ ਰੇਖੀ, ਡਾ. ਪਿਊਸ਼, ਡਾ. ਹਰਬੰਸ ਸਿੰਘ, ਡਾ. ਦਿਨੇਸ਼, ਡਾ. ਸੁਨੀਤਾ, ਡਾ. ਜਗਮੋਹਨ ਸ਼ਾਮਲ ਸਨ। ਇਸ ਸਮੇਂ ਐੱਸ.ਡੀ.ਐੱਮ. ਗੁਪਤਾ ਨੇ ਦੱਸਿਆ ਕਿ ਕੈਂਪ ਪ੍ਰਤੀ ਲੋਡ਼ਵੰਦਾਂ ਨੇ ਭਾਰੀ ਉਤਸ਼ਾਹ ਦਿਖਾਇਆ ਅਤੇ ਜ਼ਿਲੇ ਵਿਚ ਪੁੱਜੇ ਇਨ੍ਹਾਂ ਪ੍ਰਾਰਥੀਆਂ ’ਚੋਂ 785 ਬਿਨੈਕਾਰਾਂ ਨੇ ਯੂਨੀਕ ਡਿਸਅਬੈਲਿਟੀ ਇਡੈਂਟੀਫਿਕੇਸ਼ਨ ਨੰਬਰ ਹਾਸਲ ਕਰਨ ਲਈ ਬਿਨੈ ਕੀਤਾ ਹੈ, ਜਿਸ ਸਬੰਧੀ ਵਿਭਾਗੀ ਪ੍ਰਕਿਰਿਆ ਨੂੰ ਅਮਲ ’ਚ ਲਿਆਂਦਾ ਜਾਵੇਗਾ। ਉਨ੍ਹਾਂ ਕਿਹਾ ਕਿ ਜ਼ਿਲਾ ਸਮਾਜਕ ਸੁਰੱਖਿਆ ਵਿਭਾਗ ਦੀ ਤਰਫੋਂ ਸਮੇਂ-ਸਮੇਂ ’ਤੇ ਜ਼ਿਲੇ ਵਿਚ ਦਿਵਿਆਂਗਜਨ ਲਈ ਸਰਕਾਰ ਦੀਆਂ ਸੁਵਿਧਾਵਾਂ ਬਾਰੇ ਜਾਗਰੂਕਤਾ ਹਿੱਤ ਕੈਂਪ ਲਗਾਏ ਜਾਂਦੇ ਹਨ ਅਤੇ ਇਸ ਤੋਂ ਪਿਛਲੇ ਮਹੀਨਿਆਂ ਵਿੱਚ ਵੀ ਵੱਖ-ਵੱਖ ਸਬ ਡਵੀਜ਼ਨਾਂ ਵਿੱਚ ਅੰਗਹੀਣਾਂ ਦੀ ਭਲਾਈ ਲਈ ਕੈਂਪ ਲਗਾ ਕੇ ਦਿਵਿਆਂਗਜਨ ਨੂੰ ਉਨ੍ਹਾਂ ਦੇ ਘਰਾਂ ਨਜ਼ਦੀਕ ਹੀ ਲਾਭ ਮੁਹੱਈਆ ਕਰਵਾਉਣ ਦਾ ਉਪਰਾਲਾ ਕੀਤਾ ਗਿਆ ਹੈ।