ਅਣਪਛਾਤੇ ਚੋਰਾਂ ਵੱਲੋਂ ਸਵਾ ਸੌ ਪਾਲਤੂ ਕਬੂਤਰ ਚੋਰੀ, ਮਾਮਲਾ ਦਰਜ

02/24/2024 5:23:34 PM

ਭਵਾਨੀਗੜ੍ਹ (ਵਿਕਾਸ ਮਿੱਤਲ) : ਪਿੰਡ ਘਰਾਚੋਂ ਵਿਖੇ ਚੋਰੀ ਦਾ ਇਕ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਅਣਪਛਾਤੇ ਚੋਰ ਰਾਤ ਸਮੇਂ ਪਿੰਡ ਦੇ ਇਕ ਵਿਅਕਤੀ ਦੇ ਸਵਾ ਸੌ ਪਾਲਤੂ ਕਬੂਤਰ ਚੋਰੀ ਕਰ ਲੈ ਗਏ। ਚੋਰੀ ਦੀ ਘਟਨਾ ਸੀਸੀਟੀਵੀ ਵਿਚ ਕੈਦ ਹੋ ਗਈ। ਘਟਨਾ 10 ਫਰਵਰੀ ਅੱਧੀ ਰਾਤ ਤੋਂ ਬਾਅਦ ਨੂੰ ਵਾਪਰੀ ਜਿਸ ਸਬੰਧੀ ਪੁਲਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਸਬੰਧੀ ਮਨਪ੍ਰੀਤ ਸਿੰਘ ਪੁੱਤਰ ਜਗਪਾਲ ਸਿੰਘ ਵਾਸੀ ਘਰਾਚੋਂ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਉਸ ਨੇ ਆਪਣੇ ਘਰ ਦੇ ਨਾਲ ਲੱਗਦੇ ਬਾਗਲ ਵਿਚ ਪਾਲਤੂ ਕਬੂਤਰ ਰੱਖੇ ਹੋਏ ਹਨ ਤੇ ਉਨ੍ਹਾਂ ਦੀ ਦੇਖ-ਭਾਲ ਲਈ ਉਸ ਕੋਲ ਇਕ ਨੌਕਰ ਵੀ ਹੈ। 

ਮਨਪ੍ਰੀਤ ਸਿੰਘ ਨੇ ਦੱਸਿਆ ਕਿ 10 ਫਰਵਰੀ ਦੀ ਰਾਤ ਕਰੀਬ ਡੇਢ ਵਜੇ ਉਨ੍ਹਾਂ ਦੇ ਬਾਗਲ ਨੇੜੇ ਇਕ ਬੰਦ ਬਾਡੀ ਵੈਨ ਆ ਕੇ ਰੁਕੀ ਜਿਸ ਵਿਚ ਸਵਾਰ 3 ਨੌਜਵਾਨ ਬਾਗਲ ਵਿਚ ਦਾਖਲ ਹੋ ਕੇ ਉਥੋਂ 125 ਦੇ ਕਰੀਬ ਕਬੂਤਰਾਂ ਨੂੰ ਜਾਅਲੀ ਵਾਲੀਆਂ ਥੈਲੀਆਂ 'ਚ ਪਾ ਕੇ ਚੋਰੀ ਕਰ ਲੈ ਗਏ। ਇਸ ਸਬੰਧੀ ਸਵੇਰੇ ਜਦੋਂ ਨੌਕਰ ਨੇ ਉਨ੍ਹਾਂ ਨੂੰ ਸਾਰੀ ਘਟਨਾ ਬਾਰੇ ਦੱਸਿਆ ਤਾਂ ਕੈਮਰੇ ਚੈੱਕ ਕਰਨ ਤੋਂ ਬਾਅਦ ਕਾਰ ਦੇ ਨੰਬਰ ਦੀ ਪਛਾਣ ਹੋ ਗਈ ਪਰ ਅਜੇ ਤੱਕ ਕਬੂਤਰ ਚੋਰੀ ਕਰਨ ਵਾਲੇ ਨੌਜਵਾਨ ਦਾ ਕੋਈ ਸੁਰਾਗ ਨਹੀਂ ਲੱਗ ਸਕਿਆ। ਉੱਧਰ, ਪੁਲਸ ਚੌਕੀ ਘਰਾਚੋਂ ਦੇ ਇੰਚਾਰਜ ਐੱਸ.ਆਈ ਸੁਰਜੀਤ ਸਿੰਘ ਨੇ ਦੱਸਿਆ ਕਿ ਪੁਲਸ ਨੇ ਸ਼ਿਕਾਇਤ ਦੇ ਆਧਾਰ ’ਤੇ ਅਣਪਛਾਤੇ ਚੋਰਾਂ ਖ਼ਿਲਾਫ਼ ਕੇਸ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਪੁਲਸ ਵੱਲੋਂ ਜਲਦ ਹੀ ਕਬੂਤਰ ਚੋਰਾਂ ਨੂੰ ਕਾਬੂ ਕਰ ਲਿਆ ਜਾਵੇਗਾ।


Gurminder Singh

Content Editor

Related News