ਭਦੌੜ ’ਚ ਕਰੋੜਾਂ ਦੀ ਲਾਗਤ ਬਣਨ ਜਾ ਰਿਹਾ ਪਨਸੀਡ ਦਾ ਵੱਡਾ ਪ੍ਰਾਜੈਕਟ : ਵਿਧਾਇਕ ਉੱਗੋਕੇ

Monday, Mar 13, 2023 - 04:51 PM (IST)

ਭਦੌੜ ’ਚ ਕਰੋੜਾਂ ਦੀ ਲਾਗਤ ਬਣਨ ਜਾ ਰਿਹਾ ਪਨਸੀਡ ਦਾ ਵੱਡਾ ਪ੍ਰਾਜੈਕਟ : ਵਿਧਾਇਕ ਉੱਗੋਕੇ

ਤਪਾ ਮੰਡੀ (ਸ਼ਾਮ,ਗਰਗ) : ਮਾਰਕੀਟ ਕਮੇਟੀ ਤਪਾ, ਨੇੜੇ ਨਗਰ ਕੌਂਸਲ ਵਿਖੇ ਬਣਾਏ ਆਪਣੇ ਦਫ਼ਤਰ ’ਚ ਲੋਕਾਂ ਦੀਆਂ ਮੁਸ਼ਕਿਲਾਂ ਸੁਣਨ ਲਈ ਵਿਧਾਨ ਸਭਾ ਹਲਕਾ ਭਦੌੜ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਲਾਭ ਸਿੰਘ ਉੱਗੋਕੇ ਵੱਲੋਂ ਲੋਕ ਦਰਬਾਰ ਲਾਇਆ ਗਿਆ, ਜਿੱਥੇ ਹਲਕੇ ਦੇ ਲੋਕਾਂ ਦੀਆਂ ਸ਼ਿਕਾਇਤਾਂ ਅਤੇ ਸਮੱਸਿਆਵਾਂ ਸੁਣ ਕੇ ਉਚ-ਅਧਿਕਾਰੀਆਂ ਤੋਂ ਹੱਲ ਕਰਵਾਇਆ। ਇਸ ਮੌਕੇ ਗੱਲਬਾਤ ਕਰਦਿਆਂ ਹਲਕਾ ਵਿਧਾਇਕ ਨੇ ਬਜਟ ਸੈਸ਼ਨ ਦੌਰਾਨ ਵਿਧਾਨ ਸਭਾ ’ਚ ਹਲਕੇ ਦੀਆਂ ਮੁੱਖ ਮੰਗਾਂ ਅਤੇ ਮੁਸ਼ਕਿਲਾਂ ਨੂੰ ਸਾਹਮਣੇ ਰੱਖਿਆ ਸੀ। ਉਸ ਸਬੰਧੀ ਜਾਣਕਾਰੀ ਦਿੰਦਿਆਂ ਉਨ੍ਹਾਂ ਕਿਹਾ ਕਿ ਪਿੰਡ ਘੁੰਨਸ ਵਿਖੇ ਲੰਘ ਰਹੇ ਬਰਸਾਤੀ ਨਾਲੇ ਕਾਰਨ ਲੋਕਾਂ ਨੂੰ ਬੇਹੱਦ ਗੰਭੀਰ ਬੀਮਾਰੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਕਿਉਂਕਿ ਇਸ ’ਚ ਇਕ ਫੈਕਟਰੀ ਦਾ ਕੈਮੀਕਲ ਵਾਲਾ ਪਾਣੀ ਵਗਦਾ ਹੈ, ਜਿਸ ਨਾਲ ਲੋਕਾਂ ਨੂੰ ਬੇਹੱਦ ਗੰਭੀਰ ਬੀਮਾਰੀਆਂ ਚਿੰਬੜ ਰਹੀਆਂ ਹਨ ਅਤੇ ਉਨ੍ਹਾਂ ਦਾ ਸਾਜੋ-ਸਾਮਾਨ ਦੀ ਖ਼ਰਾਬ ਹੋ ਰਿਹਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੂੰ ਆਰਥਿਕ ਪੱਖੋਂ ਨੁਕਸਾਨ ਝੱਲਣਾ ਪੈ ਰਿਹਾ ਹੈ।

ਇਹ ਵੀ ਪੜ੍ਹੋ- ਫਿਰੋਜ਼ਪੁਰ ਪੁਲਸ ਨੇ ਜ਼ਿਲ੍ਹੇ 'ਚ 52 ਥਾਵਾਂ 'ਤੇ ਕੀਤੀ ਛਾਪੇਮਾਰੀ, ਗੈਂਗਸਟਰ ਚੰਦੂ ਦੇ ਘਰ ਦੀ ਵੀ ਲਈ ਤਲਾਸ਼ੀ

ਇਸ ਸਬੰਧੀ ਉਨ੍ਹਾਂ ਵੱਲੋਂ ਵਿਧਾਨ ਸਭਾ ’ਚ ਆਪਣੀ ਸਰਕਾਰ ਤੋਂ ਮੰਗ ਕੀਤੀ ਸੀ ਤੇ ਇਸ ਪਿੰਡ ਦੇ ਨੇੜੇ ਤੋਂ ਬਰਸਾਤੀ ਨਾਲਾ ਪੱਕਾ ਅੰਡਰਗਰਾਊਂਡ ਕੀਤਾ ਜਾਵੇ ਜਿਸ ਸਬੰਧੀ ਸਬੰਧਤ ਮੰਤਰੀ ਵੱਲੋਂ ਉਨ੍ਹਾਂ ਨੂੰ ਦੱਸਿਆ ਗਿਆ ਕਿ ਇਸ ਸਬੰਧੀ ਕੋਈ ਹਾਲੇ ਤੱਕ ਪ੍ਰਪੋਜ਼ਲ ਨਹੀਂ ਆਈ ਹੈ ਕਿ ਆਉਂਦੇ ਦਿਨਾਂ ’ਚ ਇਸ ਸਬੰਧੀ ਪ੍ਰਪੋਜਲ ਬਣਾ ਕੇ ਭੇਜ ਦੇਵਾਂਗੇ, ਫਿਲਹਾਲ ਇਸ ਦੀ ਸਫਾਈ ਕਰਵਾਉਣ ਲਈ ਕਿਹਾ ਗਿਆ। ਉਨ੍ਹਾਂ ਦੱਸਿਆ ਕਿ ਹਲਕੇ ਦੇ ਪਿੰਡ ਜੰਗੀਆਣਾ ਵਿਖੇ ਕਰੋੜਾਂ ਰੁਪਏ ਦੀ ਲਾਗਤ ਨਾਲ ਬਣਨ ਵਾਲਾ ਪਨਸੀਡ ਦਾ ਵੱਡਾ ਪ੍ਰਾਜੈਕਟ ਤਹਿਤ ਸ਼ੁਰੂ ਹੋ ਰਿਹਾ ਹੈ ਤੋਂ ਇਲਾਵਾ ਜ਼ਿਲਾ ਬਰਨਾਲਾ ਵਿਖੇ ਅੰਬੇਡਕਰ ਭਵਨ ਜਲਦੀ ਹੀ ਸ਼ੁਰੂ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਤਪਾ ਮੰਡੀ ਤੋਂ ਢਿੱਲਵਾਂ ਤੱਕ ਦਾ ਪੰਜ ਕਿਲੋਮੀਟਰ ਸੜਕ ਬਣ ਕੇ ਤਿਆਰ ਹੋ ਚੁੱਕੀ ਹੈ ਅਤੇ ਤਪਾ ਮੰਡੀ ਤੋਂ ਪੱਖੋ ਕਲਾਂ ਤਕ ਜਾਣ ਵਾਲੀ ਸੜਕ ਦਾ ਕੰਮ ਜਲਦ ਹੀ ਸ਼ੁਰੂ ਕੀਤਾ ਜਾਵੇਗਾ।

ਇਹ ਵੀ ਪੜ੍ਹੋ- ਪ੍ਰਤਾਪ ਬਾਜਵਾ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਲਿਖੀ ਚਿੱਠੀ, ਬਜਟ ਸਬੰਧੀ ਰੱਖੀਆਂ ਅਹਿਮ ਮੰਗਾਂ

ਉਨ੍ਹਾਂ ਇਸ ਸੜਕ ਬਣਨ ’ਚ ਦੇਰੀ ਦੇ ਸਵਾਲ ਦਾ ਜਵਾਬ ਦਿੰਦਿਆਂ ਦੱਸਿਆ ਕਿ ਸਬੰਧਤ ਠੇਕੇਦਾਰ ਨੂੰ ਪੀ. ਡਬਲਯੂ. ਡੀ. ਵੱਲੋਂ ਡਿਫਾਲਟਰ ਕਰਾਰ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਸਬੰਧਤ ਠੇਕੇਦਾਰ ਵੱਲੋਂ ਕੋਰਟ ’ਚ ਜਾ ਕੇ ਇਸ ਸੜਕ ’ਤੇ ਸਟੇਅ ਲੈ ਲਈ ਗਈ ਸੀ ਜਿਸ ਕਾਰਨ ਇਸ ਸੜਕ ਦਾ ਕੰਮ ਰੋਕਿਆ ਸੀ ਪਰ ਹੁਣ ਜਲਦ ਇਹ ਸਟੇਅ ਤੁੜਵਾ ਲਈ ਜਾਵੇਗੀ ਅਤੇ ਨਵੇਂ ਠੇਕੇਦਾਰ ਨੂੰ ਕੰਮ ਦੇ ਦਿੱਤਾ ਜਾਵੇਗਾ ਜਿਸ ਨਾਲ ਜਲਦ ਹੀ ਲੋਕਾਂ ਨੂੰ ਇਹ ਟੁੱਟੀ ਸੜਕ ਤੋਂ ਨਿਜ਼ਾਤ ਮਿਲ ਜਾਵੇਗੀ।

ਨੋਟ- ਇਸ ਖ਼ਬਰ ਬਾਰੇ ਤੁਹਾਡੇ ਕੀ ਹੈ ਰਾਏ? ਕੁਮੈਂਟ ਕਰਕੇ ਦਿਓ ਜਵਾਬ। 


author

Anuradha

Content Editor

Related News