ਗੈਸ ਸਿਲੰਡਰ ਫਟਣ ਕਾਰਨ ਗੰਭੀਰ ਜ਼ਖ਼ਮੀ ਹੋਏ ਪਿਓ-ਪੁੱਤ ਨੂੰ ਮਿਲਣ ਪਹੁੰਚੀ ਵਿਧਾਇਕ ਭਰਾਜ, ਕੀਤੀ ਵਿੱਤੀ ਸਹਾਇਤਾ
Tuesday, Jan 31, 2023 - 11:49 AM (IST)

ਸੰਗਰੂਰ (ਬੇਦੀ, ਸਿੰਗਲਾ, ਵਿਵੇਕ ਸਿੰਧਵਾਨੀ, ਯਾਦਵਿੰਦਰ) : ਪਿਛਲੇ ਦਿਨੀਂ ਸੰਗਰੂਰ ਵਿਖੇ ਵਾਪਰੇ ਹਾਦਸੇ ਦੌਰਾਨ ਗੰਭੀਰ ਰੂਪ ’ਚ ਜ਼ਖ਼ਮੀ ਹੋਣ ਵਾਲੇ ਦੋ ਵਿਅਕਤੀਆਂ ਦੀ ਸਿਹਤ ਦੀ ਸਥਿਤੀ ਦਾ ਜਾਇਜ਼ਾ ਲੈਣ ਲਈ ਵਿਧਾਇਕਾ ਨਰਿੰਦਰ ਕੌਰ ਭਰਾਜ ਵੱਲੋਂ ਸਰਕਾਰੀ ਰਜਿੰਦਰਾ ਹਸਪਤਾਲ ਪਟਿਆਲਾ ਵਿਖੇ ਉਚੇਚੇ ਤੌਰ ’ਤੇ ਦੌਰਾ ਕੀਤਾ ਗਿਆ। ਇਸ ਦੌਰਾਨ ਭਰਾਜ ਨੇ ਜ਼ੇਰੇ ਇਲਾਜ ਵਿਅਕਤੀਆਂ ਦੇ ਪਰਿਵਾਰ ਨਾਲ ਹਮਦਰਦੀ ਦਾ ਪ੍ਰਗਟਾਵਾ ਕਰਦਿਆਂ ਵਿੱਤੀ ਸਹਾਇਤਾ ਵਜੋਂ ਦੋ ਲੱਖ ਰੁਪਏ ਦੀ ਰਾਸ਼ੀ ਦਾ ਚੈੱਕ ਭੇਟ ਕੀਤਾ। ਉਨ੍ਹਾਂ ਇਹ ਵੀ ਵਿਸ਼ਵਾਸ ਦਿਵਾਇਆ ਕਿ ਭਵਿੱਖ ’ਚ ਵੀ ਉਹ ਪੀੜਤ ਪਰਿਵਾਰ ਦੀ ਮਦਦ ਲਈ ਯਤਨਸ਼ੀਲ ਰਹਿਣਗੇ।
ਇਹ ਵੀ ਪੜ੍ਹੋ- ਮਹਿਲਾ ਕਾਂਸਟੇਬਲ ਕਤਲ ਮਾਮਲੇ 'ਚ ਨਵਾਂ ਖ਼ੁਲਾਸਾ, ਪ੍ਰੇਮ ਸਬੰਧਾਂ ਦੇ ਚੱਲਦਿਆਂ ਗੁਰਸੇਵਕ ਨੇ ਦਿੱਤਾ ਵਾਰਦਾਤ ਨੂੰ ਅੰਜ਼ਾਮ
ਇਸ ਮੌਕੇ ਵਿਧਾਇਕਾ ਭਰਾਜ ਨੇ ਦੱਸਿਆ ਕਿ ਸੰਗਰੂਰ ਵਿਖੇ ਪਿਛਲੇ ਦਿਨੀਂ ਗੁਬਾਰਿਆਂ ’ਚ ਗੈਸ ਭਰਨ ਵਾਲੇ ਸਿਲੰਡਰ ਦੇ ਫਟ ਜਾਣ ਕਾਰਨ ਤਿੰਨ ਜਣੇ ਜ਼ਖ਼ਮੀ ਹੋ ਗਏ ਸਨ, ਜਿਨ੍ਹਾਂ ’ਚੋਂ ਦੋ ਮਨੀਸ਼ ਕੁਮਾਰ ਤੇ ਸੌਰਵ ਕੁਮਾਰ, ਜੋ ਕਿ ਰਿਸ਼ਤੇ ’ਚ ਪਿਓ-ਪੁੱਤ ਲੱਗਦੇ ਹਨ, ਗੰਭੀਰ ਜ਼ਖ਼ਮੀ ਹੋ ਗਏ ਸਨ ਜਿਨ੍ਹਾਂ ਦਾ ਇਲਾਜ ਸੀਨੀਅਰ ਡਾਕਟਰਾਂ ਦੀ ਦੇਖ-ਰੇਖ ਹੇਠ ਸਰਕਾਰੀ ਰਜਿੰਦਰਾ ਹਸਪਤਾਲ ਵਿਖੇ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਡਾਕਟਰਾਂ ਵੱਲੋਂ ਦੱਸਿਆ ਗਿਆ ਹੈ ਕਿ ਦੋਵਾਂ ਦੀ ਹਾਲਤ ’ਚ ਹੁਣ ਪਹਿਲਾਂ ਨਾਲੋਂ ਕੁਝ ਸੁਧਾਰ ਹੈ। ਵਿਧਾਇਕਾ ਨੇ ਕਿਹਾ ਕਿ ਇਸੇ ਲਈ ਉਹ ਹਸਪਤਾਲ ’ਚ ਜ਼ੇਰੇ ਇਲਾਜ ਇਨ੍ਹਾਂ ਵਿਅਕਤੀਆਂ ਦਾ ਹਾਲਚਾਲ ਪੁੱਛਣ ’ਤੇ ਪਰਿਵਾਰ ਦੀ ਵਿੱਤੀ ਮਦਦ ਕਰਨ ਲਈ ਪੁੱਜੇ ਹਨ ਅਤੇ ਪਰਮਾਤਮਾ ਨੂੰ ਅਰਦਾਸ ਕਰਦੇ ਹਨ ਕਿ ਦੋਵਾਂ ਨੂੰ ਜਲਦੀ ਸਿਹਤਯਾਬੀ ਬਖਸ਼ਣ। ਇਸ ਮੌਕੇ ਵਿਧਾਇਕਾ ਦੇ ਨਾਲ ਸੰਗਰੂਰ ਦੇ ਪ੍ਰਸ਼ਾਸਨਿਕ ਅਧਿਕਾਰੀ ਵੀ ਮੌਜੂਦ ਸਨ।
ਇਹ ਵੀ ਪੜ੍ਹੋ- ਦੁਬਈ ਦਾ ਆਖ ਓਮਾਨ ਭੇਜੀ ਮਲੋਟ ਦੀ ਔਰਤ ਪਰਤੀ ਘਰ, ਰੋਂਦੀ-ਕੁਰਲਾਉਂਦੀ ਨੇ ਦੱਸੀ ਦਿਲ ਝੰਜੋੜਣ ਵਾਲੀ ਹੱਡਬੀਤੀ
ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।