2 ਮਾਸੂਮਾਂ ਦੇ ਸਿਰ ਤੋਂ ਉੱਠਿਆ ਪਿਓ ਦਾ ਹੱਥ, ਕਰਜ਼ੇ ਤੋਂ ਪ੍ਰੇਸ਼ਾਨ ਵਿਅਕਤੀ ਨੇ ਚੁੱਕਿਆ ਖੌਫ਼ਨਾਕ ਕਦਮ
Sunday, May 07, 2023 - 05:34 PM (IST)

ਭਵਾਨੀਗੜ੍ਹ (ਵਿਕਾਸ) : ਪਿੰਡ ਭੱਟੀਵਾਲ ਕਲਾਂ ਦੇ ਅਨੁਸੂਚਿਤ ਜਾਤੀ ਨਾਲ ਸਬੰਧਤ ਇੱਕ ਵਿਅਕਤੀ ਨੇ ਪਿੰਡ ਨੇੜਿਓਂ ਲੰਘਦੀ ਨਹਿਰ ਵਿੱਚ ਛਾਲ ਮਾਰ ਦਿੱਤੀ। ਪਾਣੀ ਦੇ ਤੇਜ਼ ਵਹਾਅ 'ਚ ਰੁੜ ਜਾਣ ਕਾਰਨ 24 ਘੰਟੇ ਤੋਂ ਵੱਧ ਸਮੇਂ ਤੋਂ ਬਾਅਦ ਵੀ ਉਕਤ ਵਿਅਕਤੀ ਦਾ ਕੁਝ ਪਤਾ ਨਹੀਂ ਲੱਗ ਸਕਿਆ। ਇਹ ਘਟਨਾ ਸ਼ਨੀਵਾਰ ਸਵੇਰ ਦੀ ਦੱਸੀ ਜਾ ਰਹੀ ਹੈ। ਇਸ ਸਬੰਧੀ ਪਿੰਡ ਦੇ ਸਰਪੰਚ ਜਸਕਰਨ ਸਿੰਘ ਲੈਂਪੀ ਨੇ ਦੱਸਿਆ ਕਿ ਅਨੁਸੂਚਿਤ ਜਾਤੀ ਨਾਲ ਸਬੰਧਤ ਜੋਗਾ ਸਿੰਘ (42) ਪੁੱਤਰ ਮੇਘਾ ਸਿੰਘ, ਜੋ ਮਿਹਨਤ ਮਜਦੂਰੀ ਕਰਦਾ ਸੀ, ਅਤਿ ਗਰੀਬੀ ਦੇ ਚੱਲਦਿਆਂ ਆਰਥਿਕ ਤੰਗੀ ਕਾਰਨ ਮੁਸ਼ਕਿਲ ਨਾਲ ਆਪਣੇ ਘਰ ਦਾ ਗੁਜ਼ਾਰਾ ਚਲਾ ਰਿਹਾ ਸੀ।
ਇਹ ਵੀ ਪੜ੍ਹੋ- ਪੈਸਿਆਂ ਦੇ ਲੈਣ-ਦੇਣ ਤੋਂ ਦੁਖ਼ੀ ਫਰੀਦਕੋਟ ਦੇ ਵਿਅਕਤੀ ਨੇ ਕੀਤੀ ਖ਼ੁਦਕੁਸ਼ੀ, ਮਰਨ ਤੋਂ ਪਹਿਲਾਂ ਬਣਾਈ ਵੀਡੀਓ
ਪਰਿਵਾਰ ਅਨੁਸਾਰ ਜੋਗਾ ਸਿੰਘ ਦੇ ਸਿਰ ਕਰੀਬ 3 ਲੱਖ ਰੁਪਏ ਦਾ ਕਰਜ਼ਾ ਸੀ ਤੇ ਇਸੇ ਪ੍ਰੇਸ਼ਾਨੀ ਦੇ ਚੱਲਦਿਆਂ ਬੀਤੇ ਕੱਲ੍ਹ ਉਸਨੇ ਨਾਲ ਲੱਗਦੇ ਪਿੰਡ ਭੱਟੀਵਾਲ ਖੁਰਦ ਨੇੜੇ ਨਹਿਰ 'ਚ ਛਾਲ ਮਾਰ ਦਿੱਤੀ। ਸਰਪੰਚ ਲੈਂਪੀ ਨੇ ਦੱਸਿਆ ਕਿ ਘਟਨਾ ਸਬੰਧੀ ਪਤਾ ਲੱਗਦਿਆਂ ਹੀ ਸਥਾਨਕ ਲੋਕਾਂ ਦੀ ਮਦਦ ਨਾਲ ਪਰਿਵਾਰ ਨੇ ਜੋਗਾ ਸਿੰਘ ਦੀ ਨਹਿਰ 'ਚੋਂ ਭਾਲ ਕਰਨੀ ਸ਼ੁਰੂ ਕਰ ਦਿੱਤੀ ਪਰ ਨਹਿਰ ਡੂੰਘੀ ਤੇ ਪਾਣੀ ਦਾ ਵਹਾਅ ਤੇਜ਼ ਹੋਣ ਕਾਰਨ ਐਤਵਾਰ ਸ਼ਾਮ ਤੱਕ ਵੀ ਜੋਗਾ ਸਿੰਘ ਦਾ ਕੋਈ ਸੁਰਾਗ ਹੱਥ ਨਹੀਂ ਲੱਗਾ। ਉਨ੍ਹਾਂ ਦੱਸਿਆ ਕਿ ਨਹਿਰ 'ਚ ਕਈ ਥਾਵਾਂ 'ਤੇ ਜਾਲ ਵਗੈਰਾ ਲਗਾ ਕੇ ਗੋਤਾਖੋਰਾ ਤੇ ਪਿੰਡ ਵਾਸੀਆਂ ਵੱਲੋਂ ਲਗਾਤਾਰ ਪਾਣੀ 'ਚ ਉਸਦੀ ਤਲਾਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਘਟਨਾ ਸਬੰਧੀ ਪਰਿਵਾਰ ਵੱਲੋਂ ਪੁਲਸ ਨੂੰ ਸੂਚਿਤ ਕੀਤਾ ਗਿਆ ਹੈ। ਦੱਸ ਦੇਈਏ ਕਿ ਜੋਗਾ ਸਿੰਘ ਦੋ ਮਾਸੂਮ ਬੱਚਿਆਂ ਦਾ ਪਿਤਾ ਸੀ।
ਇਹ ਵੀ ਪੜ੍ਹੋ- ਕੈਨੇਡਾ 'ਚ ਇਕ ਹੋਰ ਪੰਜਾਬੀ ਨੇ ਤੋੜਿਆ ਦਮ, ਭਰੀ ਜਵਾਨੀ ’ਚ ਜਹਾਨੋਂ ਤੁਰ ਗਿਆ ਮਾਪਿਆਂ ਦਾ ਗੱਭਰੂ ਪੁੱਤ
ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।