ਮਈ ਦਿਵਸ ਮੌਕੇ ਮਹਿਲ ਕਲਾਂ ਅਤੇ ਠੁੱਲੀਵਾਲ ਵਿਚ ਲਾਲ ਝੰਡੇ ਲਹਿਰਾਏ

Friday, May 01, 2026 - 06:00 PM (IST)

ਮਈ ਦਿਵਸ ਮੌਕੇ ਮਹਿਲ ਕਲਾਂ ਅਤੇ ਠੁੱਲੀਵਾਲ ਵਿਚ ਲਾਲ ਝੰਡੇ ਲਹਿਰਾਏ

ਮਹਿਲ ਕਲਾਂ (ਹਮੀਦੀ): ਕੌਮਾਂਤਰੀ ਮਜ਼ਦੂਰ ਦਿਵਸ ਮੌਕੇ ਸਬ ਡਵੀਜ਼ਨ ਮਹਿਲ ਕਲਾਂ ਅਤੇ ਠੁੱਲੀਵਾਲ ਵਿਚ ਸਮੂਹ ਬਿਜਲੀ ਮੁਲਾਜ਼ਮਾਂ ਅਤੇ ਵੱਖ-ਵੱਖ ਜਥੇਬੰਦੀਆਂ ਵੱਲੋਂ ਸਾਂਝੇ ਤੌਰ ‘ਤੇ ਲਾਲ ਝੰਡਾ ਲਹਿਰਾ ਕੇ ਸਿਕਾਗੋ ਦੇ ਮਜ਼ਦੂਰ ਸ਼ਹੀਦਾਂ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ ਗਈਆਂ। ਇਸ ਮੌਕੇ ਮਜ਼ਦੂਰ ਹੱਕਾਂ ਦੀ ਰੱਖਿਆ ਅਤੇ ਮੌਜੂਦਾ ਮਜ਼ਦੂਰੀ ਹਾਲਾਤਾਂ ‘ਤੇ ਗੰਭੀਰ ਚਿੰਤਾ ਵੀ ਪ੍ਰਗਟ ਕੀਤੀ ਗਈ।ਸਮਾਗਮ ਦੌਰਾਨ ਟੈਕਨੀਕਲ ਸਰਵਿਸਿਜ਼ ਯੂਨੀਅਨ ਸਰਕਲ ਬਰਨਾਲਾ ਦੇ ਸਕੱਤਰ ਕੁਲਵੀਰ ਸਿੰਘ ਔਲਖ, ਐਮ.ਯੂ.ਓ. ਦੇ ਪ੍ਰਧਾਨ ਨਿਰਮਲ ਸਿੰਘ ਹਰਦਾਸਪੁਰਾ, ਹਰਭਜਨ ਸਿੰਘ ਠੀਕਰੀਵਾਲ, ਹਰਬੰਸ ਸਿੰਘ ਧਨੌਲਾ, ਸਿਕੰਦਰ ਸਿੰਘ ਮਹਿਲਖੁਰਦ, ਮਨਦੀਪ ਸਿੰਘ ਗਹਿਲ, ਜਸਵਿੰਦਰ ਸਿੰਘ ਚੰਨਣਵਾਲ, ਸੀ.ਐਚ.ਵੀ. ਸਰਕਲ ਆਗੂ ਚਰਨਜੀਤ ਸਿੰਘ ਖਿਆਲੀ, ਨਰਿੰਦਰ ਕੁਮਾਰ ਜਲਾਲਦੀਵਾਲ, ਕੁਲਵਿੰਦਰ ਸਿੰਘ ਸਹਿਜੜਾ, ਬਲਰਾਜ ਸਿੰਘ ਮਹਿਲਖੁਰਦ, ਮੁਖਤਿਆਰ ਸਿੰਘ ਠੁੱਲੀਵਾਲ ਅਤੇ ਇੰਜੀਨੀਅਰ ਜਗਸੀਰ ਸਿੰਘ ਠੁੱਲੀਵਾਲ ਸਮੇਤ ਹੋਰ ਆਗੂਆਂ ਨੇ ਸੰਬੋਧਨ ਕੀਤਾ।

ਆਗੂਆਂ ਨੇ ਕਿਹਾ ਕਿ ਦੇਸ਼ ਵਿਚ ਉਦਾਰੀਕਰਨ, ਨਿੱਜੀਕਰਨ ਅਤੇ ਵਿਸ਼ਵੀਕਰਨ ਦੀਆਂ ਨੀਤੀਆਂ ਦੇ ਨਤੀਜੇ ਵਜੋਂ 39 ਕਿਰਤ ਕਾਨੂੰਨਾਂ ਦੀ ਥਾਂ 4 ਨਵੇਂ ਲੇਬਰ ਕੋਡ ਲਾਗੂ ਕੀਤੇ ਜਾ ਰਹੇ ਹਨ, ਜਿਸ ਨਾਲ ਕਾਮਿਆਂ ਦੀ ਉਜਰਤ ਦੀ ਲੁੱਟ ਵਧ ਰਹੀ ਹੈ ਅਤੇ ਉਨ੍ਹਾਂ ਨੂੰ ਨਿਗੂਣੀਆਂ ਤਨਖਾਹਾਂ ‘ਤੇ ਲੰਬੇ ਸਮੇਂ ਤੱਕ ਕੰਮ ਕਰਨ ਲਈ ਮਜਬੂਰ ਕੀਤਾ ਜਾ ਰਿਹਾ ਹੈ। ਨੋਇਡਾ, ਫਰੀਦਾਬਾਦ, ਮਨੇਸਰ ਅਤੇ ਬਠਿੰਡਾ ਵਰਗੇ ਉਦਯੋਗਿਕ ਕੇਂਦਰਾਂ ਵਿੱਚ ਚੱਲ ਰਹੇ ਮਜ਼ਦੂਰ ਸੰਘਰਸ਼ਾਂ ਨੂੰ ਦਬਾਉਣ ਦੀ ਕੋਸ਼ਿਸ਼ਾਂ ਦੀ ਵੀ ਨਿੰਦਾ ਕੀਤੀ ਗਈ। ਉਨ੍ਹਾਂ ਦੱਸਿਆ ਕਿ ਪਾਵਰਕੌਮ ਵਿੱਚ ਲੰਮੇ ਸਮੇਂ ਤੋਂ ਸੀ.ਐਚ.ਵੀ. ਕਾਮੇ ਨਿਗੂਣੀਆਂ ਤਨਖਾਹਾਂ ‘ਤੇ ਕੰਮ ਕਰ ਰਹੇ ਹਨ ਅਤੇ ਕਈ ਵਾਰ ਪੱਕੇ ਰੁਜ਼ਗਾਰ ਦੀ ਮੰਗ ਲਈ ਹੜਤਾਲਾਂ ਕਰ ਚੁੱਕੇ ਹਨ, ਪਰ ਸਰਕਾਰ ਅਤੇ ਮੈਨੇਜਮੈਂਟ ਵੱਲੋਂ ਟਾਲਮਟੋਲ ਦੀ ਨੀਤੀ ਅਪਣਾਈ ਜਾ ਰਹੀ ਹੈ। ਆਗੂਆਂ ਨੇ ਮੰਗ ਕੀਤੀ ਕਿ ਕੱਚੇ ਕਾਮਿਆਂ ਨੂੰ ਤੁਰੰਤ ਪੱਕਾ ਕੀਤਾ ਜਾਵੇ ਅਤੇ ਖਾਲੀ ਅਸਾਮੀਆਂ ‘ਤੇ ਜਲਦੀ ਪੱਕੀ ਭਰਤੀ ਕੀਤੀ ਜਾਵੇ।ਸਮਾਗਮ ਦੇ ਅੰਤ ‘ਤੇ “ਮਈ ਦਿਵਸ ਦੇ ਸ਼ਹੀਦਾਂ ਨੂੰ ਲਾਲ ਸਲਾਮ”, “ਅਮਰ ਸ਼ਹੀਦਾਂ ਦਾ ਪੈਗਾਮ—ਜਾਰੀ ਰੱਖਣਾ ਹੈ ਸੰਗਰਾਮ”, “ਇਨਕਲਾਬ ਜਿੰਦਾਬਾਦ” ਅਤੇ “ਸਾਮਰਾਜਵਾਦ ਮੁਰਦਾਬਾਦ” ਦੇ ਨਾਅਰੇ ਲਗਾਏ ਗਏ। ਇਸ ਮੌਕੇ ਸਬ ਡਵੀਜ਼ਨ ਮਹਿਲ ਕਲਾਂ ਅਤੇ ਠੁੱਲੀਵਾਲ ਦੇ ਸਮੂਹ ਬਿਜਲੀ ਕਾਮੇ ਵੱਡੀ ਗਿਣਤੀ ਵਿੱਚ ਮੌਜੂਦ ਸਨ।


author

Anmol Tagra

Content Editor

Related News