ਮਜ਼ਦੂਰ ਜਥੇਬੰਦੀਆਂ ਨੇ ਕੀਤੀ ਮੁੱਖ ਮੰਤਰੀ ਮਾਨ ਦੀ ਰਿਹਾਇਸ਼ ਅੱਗੇ 3 ਰੋਜ਼ਾ ਧਰਨੇ ਦੀ ਸ਼ੁਰੂਆਤ
Tuesday, Sep 13, 2022 - 10:54 AM (IST)
ਸੰਗਰੁਰ(ਸਿੰਗਲਾ) : ਪੰਜਾਬ ਭਰ ਦੀਆਂ ਸੰਘਰਸ਼ਸ਼ੀਲ ਪੇਂਡੂ ਅਤੇ ਖੇਤ ਮਜ਼ਦੂਰ ਜਥੇਬੰਦੀਆਂ ਦੇ ਸਾਂਝੇ ਮਜ਼ਦੂਰ ਮੋਰਚਾ ਵੱਲੋਂ ਸੂਬਾ ਸਰਕਾਰ ਦੇ ਜਾਬਰ ਆਦੇਸ਼ਾਂ ਤਹਿਤ ਮੜ੍ਹੀਆਂ ਪਾਬੰਦੀਆਂ ਨੂੰ ਤੋੜਦੇ ਹੋਏ ਬੀਤੇ ਦਿਨ ਇੱਥੇ ਪਟਿਆਲਾ ਰੋਡ ਸਥਿਤ ਮੁੱਖ ਮੰਤਰੀ ਦੇ ਘਰ ਅੱਗੇ ਜੀ.ਟੀ.ਰੋਡ ’ਤੇ ਤਿੰਨ ਰੋਜ਼ਾ ਮੋਰਚਾ ਸ਼ੁਰੂ ਕੀਤਾ ਗਿਆ। ਮੋਰਚੇ ’ਚ ਪੰਜਾਬ ਭਰ ਤੋਂ ਹਜ਼ਾਰਾਂ ਦੀ ਗਿਣਤੀ ’ਚ ਮਰਦ-ਔਰਤਾਂ ਨੇ ਸ਼ਮੂਲੀਅਤ ਕੀਤੀ।
ਇਹ ਵੀ ਪੜ੍ਹੋ- ਨਸ਼ੇ ਦੀ ਆਦਤ ਨੇ 32 ਸਾਲਾਂ ’ਚ ਉਜਾੜ ਦਿੱਤੇ ਕਰੋੜਾਂ ਰੁਪਏ, ਮਾਸੂਮ ਪੁੱਤ ਦੇ ਬੋਲਾਂ ਨੇ ਬਦਲ ਦਿੱਤੀ ਜ਼ਿੰਦਗੀ
ਮੋਰਚੇ ’ਚ ਡਟੇ ਇਕੱਠ ਨੂੰ ਸੰਬੋਧਨ ਕਰਦਿਆਂ ਸਾਂਝੇ ਮੋਰਚੇ ਦੇ ਸੂਬਾਈ ਆਗੂ ਅਤੇ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਪ੍ਰਧਾਨ ਮੁਕੇਸ਼ ਮਾਲੌਦ, ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਸੂਬਾ ਪ੍ਰਧਾਨ ਜ਼ੋਰਾ ਸਿੰਘ ਨਸਰਾਲੀ, ਦਿਹਾਤੀ ਮਜ਼ਦੂਰ ਸਭਾ ਦੇ ਪ੍ਰਧਾਨ ਦਰਸ਼ਨ ਨਾਹਰ, ਪੰਜਾਬ ਖੇਤ ਮਜ਼ਦੂਰ ਸਭਾ ਦੇ ਗੁਲਜ਼ਾਰ ਗੌਰੀਆ, ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੇ ਜਨਰਲ ਸਕੱਤਰ ਲਖਵੀਰ ਲੌਂਗੋਵਾਲ, ਮਜ਼ਦੂਰ ਮੁਕਤੀ ਮੋਰਚਾ ਪੰਜਾਬ ਦੇ ਪ੍ਰਧਾਨ ਭਗਵੰਤ ਸਮਾਉਂ ਅਤੇ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਤਰਸੇਮ ਪੀਟਰ ਨੇ ਕਿਹਾ ਕਿ ਮਜ਼ਦੂਰਾਂ ਦੀਆਂ ਹੱਕੀ ਮੰਗਾਂ ਨੂੰ ਹੱਲ ਕਰਨ ਦੀ ਥਾਂ ਆਰ. ਐੱਸ. ਐੱਸ. ਭਾਜਪਾ ਦੀ ਬੀ ਟੀਮ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠਲੀ ਸੂਬਾ ਸਰਕਾਰ ਨੇ ਮਜ਼ਦੂਰਾਂ ਦੀ ਆਵਾਜ਼ ਦਬਾਉਣ ਲਈ ਜਾਬਰ ਹਮਲਾ ਕਰਦਿਆਂ ਦਫ਼ਾ 144 ਲਾ ਕੇ ਮਜ਼ਦੂਰਾਂ ਦੇ ਮੋਰਚੇ ਨੂੰ ਗੈਰ-ਕਾਨੂੰਨੀ ਕਰਾਰ ਦੇ ਕੇ ਮਨਾਹੀ ਦੇ ਹੁਕਮ ਥੋਪ ਕੇ ਦਹਿਸ਼ਤ ਪਾਉਣ ਦਾ ਕੋਝਾ ਯਤਨ ਕੀਤਾ ਹੈ।
ਇਹ ਵੀ ਪੜ੍ਹੋ- ਕੁਝ ਇਸ ਤਰ੍ਹਾਂ ਮਨਾਈ ਦੋਸਤਾਂ ਨੇ ਜਨਮਦਿਨ ਦੀ ਪਾਰਟੀ, ਤਲਵਾਰ ਨਾਲ ਕੱਟਿਆ ਕੇਕ ਤੇ ਕੀਤੇ ਫਾਇਰ (ਵੀਡੀਓ)
ਸਰਕਾਰ ਦੇ ਮਜ਼ਦੂਰ ਵਿਰੋਧੀ ਫੈਸਲਿਆਂ, ਨੀਤੀਆਂ ਦਾ ਵਿਰੋਧ ਕਰਦਿਆਂ ਮਜ਼ਦੂਰਾਂ ਦੀਆਂ ਮੰਗਾਂ ਦੇ ਹੱਲ ਤੱਕ ਸੰਘਰਸ਼ ਨੂੰ ਜਾਰੀ ਰੱਖਿਆ ਜਾਵੇਗਾ। ਮਜ਼ਦੂਰ ਮੋਰਚੇ ਦੇ ਆਗੂਆਂ ਨੇ ਨਰੇਗਾ ਤਹਿਤ ਟੱਬਰ ਦੇ ਸਾਰੇ ਬਾਲਗ ਮੈਂਬਰਾਂ ਨੂੰ ਸਾਰਾ ਸਾਲ ਕੰਮ ਦੇਣ, ਨਰੇਗਾ ਸਮੇਤ ਹੋਰਨਾਂ ਕੰਮਾਂ ਦੀ ਦਿਹਾੜੀ 700 ਰੁਪਏ ਕਰਨ, ਪੰਚਾਇਤੀ ਜ਼ਮੀਨ ਦਾ ਤੀਜੇ ਹਿੱਸੇ ਦਾ ਹੱਕ ਦਲਿਤਾਂ ਨੂੰ ਅਮਲ ’ਚ ਦੇਣ, ਅਲਾਟ ਪਲਾਟਾਂ ਦੇ ਮਜ਼ਦੂਰਾਂ ਨੂੰ ਕਬਜ਼ੇ ਦੇਣ, ਲੋੜਵੰਦ ਪਰਿਵਾਰਾਂ ਨੂੰ ਰਿਹਾਇਸ਼ੀ ਪਲਾਟ ਅਲਾਟ ਕਰਨ, ਲਾਲ ਲਕੀਰ ਰਹਿੰਦੇ ਪਰਿਵਾਰਾਂ ਨੂੰ ਮਾਲਕੀ ਹੱਕ ਦੇਣ, ਮਕਾਨ ਉਸਾਰੀ ਲਈ ਗ੍ਰਾਂਟ ਦਿੱਤੀ ਜਾਵੇ, ਤਿੱਖੇ ਭੂਮੀ ਸੁਧਾਰ ਕਰ ਕੇ ਵਾਧੂ ਜ਼ਮੀਨਾਂ ਬੇਜ਼ਮੀਨੇ ਲੋਕਾਂ ’ਚ ਵੰਡ ਕਰਨ, ਬੁਢਾਪਾ,ਵਿਧਵਾ, ਅੰਗਹੀਣ ਪੈਨਸ਼ਨਾਂ ਦੀ ਰਾਸ਼ੀ 5 ਹਜ਼ਾਰ ਰੁਪਏ ਕੀਤੀ ਜਾਵੇ ਅਤੇ ਉਮਰ ਹੱਦ ਘਟਾ ਕੇ 55-58 ਸਾਲ ਕੀਤੀ ਜਾਵੇ। ਮੋਰਚੇ ਦੀ ਅਗਵਾਈ ਮਜ਼ਦੂਰ ਆਗੂਆਂ ਵੱਲੋਂ ਕੀਤਾ ਜਾ ਰਹੀ ਹੈ।
ਨੋਟ- ਇਸ ਖ਼ਬਰ ਸੰਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।