ਮੈਰੀਟੋਰੀਅਸ ਸਕੂਲ ਦੇ ਸਕਿਓਰਿਟੀ ਮੁਲਾਜ਼ਮਾਂ ਦੇ ਹੱਕ ਨਿੱਤਰੀਆਂ ਜਥੇਬੰਦੀਆਂ

08/25/2019 5:22:57 PM

ਭਵਾਨੀਗੜ੍ਹ (ਵਿਕਾਸ/ ਸੰਜੀਵ) : ਮੈਰੀਟੋਰੀਅਸ ਸਕੂਲ ਘਾਬਦਾ ਦੇ ਪ੍ਰਿੰਸੀਪਲ 'ਤੇ ਆਪਹੁਦਰੀਆ ਅਤੇ ਮੈਨੇਜਮੈਂਟ ਉਪਰ ਧੱਕੇਸ਼ਾਹੀ ਦਾ ਦੋਸ਼ ਲਗਾਉਂਦਿਆਂ ਅੱਜ ਪੰਜਾਬ ਐਕਸ ਸਰਵਿਸ ਸਕਿਓਰਿਟੀ ਯੂਨੀਅਨ ਵਲੋਂ ਦਰਜਨ ਭਰ ਦੇ ਕਰੀਬ ਭਰਾਤਰੀ ਜਥੇਬੰਦੀਆਂ ਨੂੰ ਨਾਲ ਲੈ ਕੇ ਸਕੂਲ ਅੱਗੇ ਧਰਨਾ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਪੰਜਾਬ ਐਕਸ ਸਰਵਿਸ ਮੈਨ ਸਕਿਓਰਿਟੀ ਯੂਨੀਅਨ ਸਮੇਤ ਧਰਨੇ 'ਚ ਹਾਜ਼ਰ ਲੋਕ ਇਨਸਾਫ ਪਾਰਟੀ, ਪੰਜਾਬ ਬੈਂਕ ਗਾਰਡ ਯੂਨੀਅਨ ਮੋਗਾ, ਸਾਬਕਾ ਫ਼ੌਜੀ ਜਥੇਬੰਦੀ ਰਾਜਪੁਰਾ, ਭਾਰਤੀ ਕਿਸਾਨ ਯੂਨੀਅਨ (ਏਕਤਾ) ਉਗਰਾਹਾਂ, ਗੋਸਲ ਸੰਘਰਸ਼ ਕਮੇਟੀ ਗੁਰਦਾਸਪੁਰ, ਸਾਬਕਾ ਸੰਘਰਸ਼ ਕਮੇਟੀ ਤਰਨਤਾਰਨ, ਆਲ ਇੰਡੀਆ ਟ੍ਰੇਡ ਯੂਨੀਅਨ, ਜਬਰ ਜ਼ੁਲਮ ਵਿਰੋਧੀ ਫਰੰਟ ਮੰਚ, ਡਾ. ਅੰਬੇਡਕਰ ਚੇਤਨਾ ਮੰਚ ਭਵਾਨੀਗੜ੍ਹ, ਅੰਬੇਡਕਰ ਕ੍ਰਾਂਤੀ ਗਰੁੱਪ ਪੰਜਾਬ ਦੇ ਆਗੂਆਂ ਨੇ ਕਿਹਾ ਕਿ ਸਕੂਲ 'ਚ ਸਕਿਓਰਿਟੀ ਮੁਲਾਜ਼ਮਾਂ ਵਜੋਂ ਕੰਮ ਕਰਦੇ ਗਾਰਡਾਂ ਨੂੰ ਪ੍ਰਿੰਸੀਪਲਅਤੇ ਮੈਨੇਜਮੈਂਟ ਦੀਆਂ ਧੱਕੇਸ਼ਾਹੀਆਂ ਦਾ ਸ਼ਿਕਾਰ ਹੋਣਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਮੈਨੇਜਮੈਂਟ ਵਲੋਂ ਸਕਿਓਰਿਟੀ ਮੁਲਾਜ਼ਮਾਂ ਤੋਂ ਕੰਮ ਲੈਣ ਦੇ ਮਾਮਲੇ 'ਚ ਮਨ-ਮਰਜ਼ੀਆਂ ਕੀਤੀਆਂ ਜਾ ਰਹੀਆਂ ਹਨ, ਜਿਸ ਤਹਿਤ ਗਾਰਡਾਂ ਤੋਂ ਅਪਣੇ ਰਿਹਾਇਸ਼ੀ ਕਮਰਿਆਂ ਦੀ ਸਫਾਈ ਕਰਵਾਉਣ ਇਥੋਂ ਤੱਕ ਕਿ ਕਪੜੇ ਧੋਣ ਤੱਕ ਮਜਬੂਰ ਕੀਤਾ ਜਾਂਦਾ ਹੈ। ਜੇਕਰ ਸਕਿਓਰਿਟੀ ਮੁਲਾਜ਼ਮ ਇਸ ਤਰ੍ਹਾਂ ਕਰਨ ਤੋਂ ਮਨ੍ਹਾ ਕਰਦੇ ਹਨ ਤਾਂ ਮੈਨੇਜਮੈਂਟ ਵਲੋਂ ਵਧੀਆ ਵਿਵਹਾਰ ਨਾ ਕਰਕੇ ਉਨ੍ਹਾਂ ਨੂੰ ਡਿਊਟੀ ਤੋਂ ਹਟਾ ਦਿੱਤਾ ਜਾਂਦਾ ਹੈ। ਪਿਛਲੇ ਸਮੇਂ ਦੌਰਾਨ ਸਕੂਲ ਮੈਨੇਜਮੈਂਟ ਕਈ ਸਕਿਓਰਿਟੀ ਮੁਲਾਜ਼ਮਾਂ ਨੂੰ ਡਿਊਟੀ ਤੋਂ ਹਟਾ ਚੁੱਕੀ ਹੈ, ਜਿਸ ਦੇ ਰੋਸ ਵਜੋਂ ਅੱਜ ਜਥੇਬੰਦੀਆਂ ਨੂੰ ਧਰਨਾ ਲਾਉਣ ਲਈ ਮਜਬੂਰ ਹੋਣਾ ਪਿਆ ਹੈ। ਆਗੂਆਂ ਨੇ ਸਕੂਲ ਪ੍ਰਬੰਧਾਂ 'ਚ ਹੋਰ ਕਈ ਬੇਨਿਯਮੀਆਂ ਦੇ ਦੋਸ਼ ਲਗਾ ਕੇ ਇਸ ਦੀ ਉਚ ਪੱਧਰੀ ਜਾਂਚ ਕਰਨ ਅਤੇ ਪ੍ਰਿੰਸੀਪਲ ਦੇ ਤਬਾਦਲੇ ਦੀ ਮੰਗ ਕੀਤੀ ਹੈ।

ਦੂਜੇ ਪਾਸੇ ਸਕੂਲ ਦੇ ਪ੍ਰਿੰਸੀਪਲ ਡਾ. ਐੱਮ.ਐੱਮ. ਸ਼ਰਮਾਂ ਨੇ ਆਪਣਾ ਪੱਖ ਰੱਖਦਿਆਂ ਕਿਹਾ ਕਿ ਸਕੂਲ ਪ੍ਰਬੰਧਾਂ 'ਚ ਬੇਨਿਯਮੀਆਂ ਦੇ ਲਗਾਏ ਜਾ ਰਹੇ ਦੋਸ਼ ਬੇਬੁਨਿਆਦ ਹਨ ਤੇ ਨਾ ਹੀ ਸਕੂਲ ਦੇ ਸਕਿਓਰਿਟੀ ਮੁਲਾਜਮਾਂ ਨਾਲ ਕਿਸੇ ਤਰ੍ਹਾਂ ਦੀ ਧੱਕੇਸ਼ਾਹੀ ਕੀਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਮੁਲਾਜ਼ਮਾਂ ਦੀ ਤਾਇਨਾਤੀ ਇੱਕ ਨਿੱਜੀ ਕੰਪਨੀ ਦੇ ਰਾਹੀਂ ਹੁੰਦੀ ਹੈ, ਕੰਪਨੀ ਹੀ ਆਪਣੇ ਮੁਲਾਜ਼ਮਾਂ ਨੂੰ ਕਿਸੇ ਸਥਾਨ ਤੋਂ ਹਟਾ ਕੇ ਹੋਰ ਕਿਸੇ ਥਾਂ 'ਤੇ ਡਿਊਟੀ 'ਤੇ ਭੇਜਦੀ ਹੈ। ਇਸ 'ਚ ਉਨ੍ਹਾਂ ਦੀ ਜਾਂ ਸਕੂਲ ਮੈਨੇਜਮੈਂਟ ਦਾ ਕੋਈ ਦਖਲਅੰਦਾਜ਼ੀ ਨਹੀਂ ਹੁੰਦੀ। ਪ੍ਰਿੰਸੀਪਲ ਨੇ ਕਿਹਾ ਕਿ ਪ੍ਰਦਰਸ਼ਨ ਕਰਨ ਤੋਂ ਪਹਿਲਾਂ ਸਮੱਸਿਆ ਸਬੰਧੀ ਉਹ ਲੋਕ ਸਾਨੂੰ ਨਹੀਂ ਮਿਲੇ ਪਰ ਫਿਰ ਵੀ ਗੱਲਬਾਤ ਨਾਲ ਮਸਲਾ ਸੁਲਝਾਉਣ ਦੀ ਉਹ ਕੋਸ਼ਿਸ਼ ਜਰੂਰ ਕਰਨਗੇ।


Baljeet Kaur

Content Editor

Related News