ਕੋਰੋਨਾ ਵਾਇਰਸ ਨਾਲ ਨਜਿੱਠਣ ਦੀਆਂ ਤਿਆਰੀਆਂ ਦੇ ਸਬੰਧ ''ਚ ਜ਼ਿਲਾ ਪ੍ਰਸ਼ਾਸਨ ਵੱਲੋਂ ਮੌਕ ਡਰਿੱਲ ਰਿਹਰਸਲ

Thursday, Mar 12, 2020 - 04:10 PM (IST)

ਬਰਨਾਲਾ (ਵਿਵੇਕ ਸਿੰਧਵਾਨੀ): ਕੋਰੋਨਾ ਵਾਇਰਸ ਦੀ ਬੀਮਾਰੀ ਨਾਲ ਨਿਪਟਣ ਲਈ ਜ਼ਿਲਾ ਪ੍ਰਸ਼ਾਸਨ ਵੱਲੋਂ ਸਿਹਤ ਵਿਭਾਗ ਅਤੇ ਹੋਰ ਵਿਭਾਗਾਂ ਦੇ ਅਧਿਕਾਰੀਆਂ ਸਮੇਤ ਈਸ਼ਵਰ ਕਾਲੋਨੀ 'ਚ ਐੱਸ. ਡੀ. ਐੱਮ. ਅਨਮੋਲ ਸਿੰਘ ਧਾਲੀਵਾਲ ਅਤੇ ਐੱਸ. ਪੀ. ਡੀ. ਰੁਪਿੰਦਰ ਭਾਰਦਵਾਜ ਦੀ ਅਗਵਾਈ 'ਚ ਮੌਕ ਡਰਿੱਲ ਰਿਹਰਸਲ ਕੀਤੀ ਗਈ।

ਇਸ ਮੌਕੇ ਗੱਲਬਾਤ ਕਰਦਿਆਂ ਐੱਸ. ਡੀ. ਐੱਮ. ਅਨਮੋਲ ਸਿੰਘ ਧਾਲੀਵਾਲ ਨੇ ਕਿਹਾ ਕਿ ਕਈ ਦੇਸ਼ਾਂ 'ਚ ਕੋਰੋਨਾ ਵਾਇਰਸ ਦੀ ਬੀਮਾਰੀ ਫੈਲ ਚੁੱਕੀ ਹੈ। ਭਾਰਤ 'ਚ ਵੀ ਕੁਝ ਕੇਸ ਪਾਜ਼ੇਟਿਵ ਮਿਲੇ ਹਨ। ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਦੀਆਂ ਹਦਾਇਤਾਂ 'ਤੇ ਇਸ ਬੀਮਾਰੀ ਨਾਲ ਨਿਪਟਣ ਲਈ ਤਿਆਰੀਆਂ ਸ਼ੁਰੂ ਕੀਤੀਆਂ ਗਈਆਂ ਹਨ। ਇਸ ਸਬੰਧੀ ਇਕ ਰਿਹਰਸਲ ਵੀ ਸਾਰੇ ਵਿਭਾਗਾਂ ਨੂੰ ਨਾਲ ਲੈ ਕੇ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਜੇਕਰ ਕਿਸੇ ਥਾਂ 'ਤੇ ਕੋਰੋਨਾ ਵਾਇਰਸ ਦਾ ਮਰੀਜ਼ ਮਿਲਦਾ ਹੈ ਤਾਂ ਉਸ ਇਲਾਕੇ ਨੂੰ ਪੁਲਸ ਵੱਲੋਂ ਸੀਲ ਕੀਤਾ ਜਾਵੇਗਾ। ਕਿਸੇ ਵੀ ਬਾਹਰਲੇ ਵਾਹਨ ਨੂੰ ਉਥੇ ਜਾਣ ਦੀ ਮਨਜ਼ੂਰੀ ਨਹੀਂ ਹੋਵੇਗੀ। ਘਰ ਦੇ ਪਰਿਵਾਰ ਦੇ ਮੈਂਬਰ ਵੀ ਉਸ ਮਰੀਜ਼ ਨੂੰ ਨਹੀਂ ਮਿਲਣਗੇ। ਸਿਰਫ ਸਿਹਤ ਵਿਭਾਗ ਦੇ ਅਧਿਕਾਰੀ ਹੀ ਉਸ ਮਰੀਜ਼ ਦਾ ਇਲਾਜ ਕਰਨਗੇ। ਇਹ ਇਕ ਵਾਇਰਸ ਹੈ। ਇਸ ਤੋਂ ਬਚਣ ਲਈ ਸਾਨੂੰ ਮਰੀਜ਼ ਤੋਂ ਇਕ ਮੀਟਰ ਦੂਰ ਰਹਿਣਾ ਚਾਹੀਦਾ ਹੈ। ਕਿਸੇ ਵੀ ਵਿਅਕਤੀ ਨਾਲ ਹੱਥ ਨਹੀਂ ਮਿਲਾਉਣਾ ਚਾਹੀਦਾ ਅਤੇ ਆਪਣੇ ਹੱਥਾਂ ਨੂੰ ਸਾਬਣ ਨਾਲ ਸਾਫ ਕਰਨਾ ਚਾਹੀਦਾ ਹੈ।

ਫੂਡ ਸਪਲਾਈ ਵਿਭਾਗ, ਨਗਰ ਕੌਂਸਲ, ਸਿੱਖਿਆ ਵਿਭਾਗ, ਆਸ਼ਾ ਵਰਕਾਂ ਨੂੰ ਇਸ ਬੀਮਾਰੀ ਨਾਲ ਨਜਿੱਠਣ ਲਈ ਸਿਖਲਾਈ ਦਿੱਤੀ ਗਈ ਹੈ। ਪੁਲਸ ਨੂੰ ਵੀ ਐਮਰਜੈਂਸੀ ਤੌਰ 'ਤੇ ਤਿਆਰ ਰਹਿਣ ਲਈ ਕਿਹਾ ਗਿਆ ਹੈ। ਤਾਂ ਕਿ ਲੋੜ ਪੈਣ 'ਤੇ ਉਸ ਇਲਾਕੇ ਨੂੰ ਸੀਲ ਕੀਤਾ ਜਾ ਸਕੇ। ਜੇਕਰ ਕੋਈ ਬਾਹਰਲੇ ਦੇਸ਼ ਦਾ ਦੌਰਾ, ਜਿਨ੍ਹਾਂ 'ਚ ਕੋਰੋਨਾ ਵਾਇਰਸ ਫੈਲਿਆ ਹੋਇਆ ਹੈ, ਕਰ ਕੇ ਕੋਈ ਵਿਅਕਤੀ ਆਇਆ ਹੈ ਤਾਂ ਉਸਨੂੰ 28 ਦਿਨਾਂ ਲਈ ਡਾਕਟਰਾਂ ਦੀ ਨਿਗਰਾਨੀ 'ਚ ਰੱਖਿਆ ਜਾਵੇਗਾ। ਜੇਕਰ ਕਿਸੇ ਨੂੰ ਖਾਂਸੀ, ਜੁਕਾਮ ਜਾਂ ਬੁਖਾਰ ਹੋਵੇ ਤਾਂ ਉਸਨੂੰ ਫੌਰੀ ਤੌਰ 'ਤੇ ਆਪਣਾ ਚੈੱਕਅਪ ਡਾਕਟਰਾਂ ਨੂੰ ਕਰਵਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇਸ ਬੀਮਾਰੀ ਤੋਂ ਘਬਰਾਉਣ ਦੀ ਜ਼ਰੂਰਤ ਨਹੀਂ ਅਜੇ ਤੱਕ ਕੋਰੋਨਾ ਵਾਇਰਸ ਦਾ ਇਕ ਵੀ ਮਰੀਜ਼ ਜ਼ਿਲਾ ਬਰਨਾਲਾ ਵਿਚ ਸਾਹਮਣੇ ਨਹੀਂ ਆਇਆ ਹੈ। ਉਨ੍ਹਾਂ ਲੋਕਾਂ ਨੂੰ ਅਫਵਾਹਾਂ ਤੋਂ ਬਚਣ ਦੀ ਵੀ ਅਪੀਲ ਕੀਤੀ। ਇਸ ਮੌਕੇ ਐੱਸ. ਪੀ. ਰੁਪਿੰਦਰ ਭਾਰਦਵਾਜ, ਐੱਸ. ਐੱਮ. ਓ. ਜੋਤੀ ਕੌਸ਼ਲ ਆਦਿ ਵੀ ਹਾਜ਼ਰ ਸਨ।


Shyna

Content Editor

Related News