ਵਪਾਰੀ ਨੇ SHO, ਥਾਣੇਦਾਰ ਤੇ ਮੁਨਸ਼ੀ ''ਤੇ ਲਗਾਏ ਰਿਸ਼ਵਤ ਮੰਗਣ ਦੇ ਇਲਜ਼ਾਮ, ਖ਼ੁਦਕੁਸ਼ੀ ਦੀ ਦਿੱਤੀ ਚਿਤਾਵਨੀ

Tuesday, Jan 10, 2023 - 12:47 PM (IST)

ਵਪਾਰੀ ਨੇ SHO, ਥਾਣੇਦਾਰ ਤੇ ਮੁਨਸ਼ੀ ''ਤੇ ਲਗਾਏ ਰਿਸ਼ਵਤ ਮੰਗਣ ਦੇ ਇਲਜ਼ਾਮ, ਖ਼ੁਦਕੁਸ਼ੀ ਦੀ ਦਿੱਤੀ ਚਿਤਾਵਨੀ

ਬਰਨਾਲਾ (ਵਿਵੇਕ ਸਿੰਧਵਾਨੀ, ਰਵੀ) : ਭਦੌੜ ਦੇ ਇਕ ਵਪਾਰੀ ਨੇ ਭਦੌੜ ਥਾਣੇ ਦੇ ਐੱਸ. ਐੱਚ. ਓ., ਥਾਣੇਦਾਰ ਅਤੇ ਮੁਨਸ਼ੀ ’ਤੇ ਕਥਿਤ ਤੌਰ ’ਤੇ ਰਿਸ਼ਵਤ ਮੰਗਣ ਦੇ ਦੋਸ਼ ਲਾਏ ਹਨ। ਬਰਨਾਲਾ ’ਚ ਪ੍ਰੈੱਸ ਕਾਨਫਰੰਸ ਕਰ ਕੇ ਉਸਨੇ ਪੱਤਰਕਾਰਾਂ ਨੂੰ ਆਡੀਓ ਕਲਿੱਪ ਵੀ ਸੁਣਾਏ, ਜਿਸ ’ਚ ਕੁਝ ਵਿਅਕਤੀ ਰਿਸ਼ਵਤ ਮੰਗ ਰਹੇ ਹਨ। ਗੱਲਬਾਤ ਕਰਦਿਆਂ ਵਪਾਰੀ ਲਵ ਕੁਮਾਰ ਨੇ ਕਿਹਾ ਕਿ ਮੈਂ ਭਦੌੜ ਵਿਖੇ ਕਬਾੜ ਦਾ ਕੰਮ ਕਰਦਾ ਹਾਂ। ਇਕ ਥਾਣੇਦਾਰ ਅਕਸਰ ਹੀ ਮੇਰੀ ਦੁਕਾਨ ’ਤੇ ਆ ਜਾਂਦਾ ਸੀ ਅਤੇ ਮੈਨੂੰ ਕਹਿੰਦਾ ਸੀ ਕਿ ਤੁਹਾਡੇ ਕਬਾੜ ਦਾ ਕੰਮ ਗੈਰ ਕਾਨੂੰਨੀ ਹੈ, ਤੁਹਾਡੇ ਕੋਲ ਲਾਇਸੈਂਸ ਨਹੀਂ। ਬੀਤੀ 14 ਦਸੰਬਰ ਨੂੰ ਉਕਤ ਥਾਣੇਦਾਰ ਮੇਰੀ ਦੁਕਾਨ ’ਤੇ ਆਇਆ ਅਤੇ ਮੇਰੇ ਕੋਲੋਂ ਲਾਇਸੈਂਸ ਮੰਗਣ ਲੱਗਿਆ ਤਾਂ ਮੈਂ ਉਸਨੂੰ ਕਿਹਾ ਕਿ ਮੈਨੂੰ ਕੋਈ ਜਾਣਕਾਰੀ ਨਹੀਂ ਕਿ ਇਸ ਸਬੰਧੀ ਲਾਇਸੈਂਸ ਬਣਾਉਣਾ ਪੈਂਦਾ ਹੈ, ਫਿਰ ਉਹ ਮੈਨੂੰ ਡਰਾ ਧਮਕਾ ਕੇ 2000 ਰੁਪਏ ਲੈ ਗਿਆ।

ਇਹ ਵੀ ਪੜ੍ਹੋ- ਫਿਰੋਜ਼ਪੁਰ ਜੇਲ੍ਹ ’ਚ ਬੰਦ ਹਵਾਲਾਤੀ ਦਾ ਵੱਡਾ ਕਾਰਾ, ਇੰਝ ਹੋਇਆ ਫਰਾਰ ਕਿ ਜੇਲ੍ਹ ਪ੍ਰਸ਼ਾਸਨ ਦੇ ਉੱਡੇ ਹੋਸ਼

ਇਸ ਉਪਰੰਤ 30 ਦਸੰਬਰ ਨੂੰ ਉਕਤ ਥਾਣੇਦਾਰ, ਐੱਸ. ਐੱਚ. ਓ. ਅਤੇ ਇਕ ਹੋਰ ਪੁਲਸ ਮੁਲਾਜ਼ਮ ਦੁਪਹਿਰ 12 ਵਜੇ ਦੇ ਕਰੀਬ ਮੇਰੀ ਦੁਕਾਨ ’ਤੇ ਆਏ ਅਤੇ ਐੱਸ. ਐੱਚ. ਓ. ਨੇ ਮੇਰੇ ਨਾਲ ਗਾਲੀ-ਗਲੋਚ ਕਰਨਾ ਸ਼ੁਰੂ ਕਰ ਦਿੱਤਾ। ਇਸ ਸਬੰਧ ਮੇਰੇ ਕੋਲ ਸੀ. ਸੀ. ਟੀ. ਵੀ. ਫੁਟੇਜ਼ ਵੀ ਮੌਜੂਦ ਹੈ। ਇਸ ਤੋਂ ਬਾਅਦ ਥਾਣੇ ਦਾ ਮੁਨਸ਼ੀ ਮੇਰੇ ਕੋਲ ਆ ਗਿਆ ਅਤੇ ਮੈਨੂੰ ਕਹਿਣ ਲੱਗਿਆ ਕਿ ਜੇਕਰ ਤੂੰ ਕਾਰੋਬਾਰ ਕਰਨਾ ਹੈ ਤਾਂ ਤੈਨੂੰ ਪੁਲਸ ਨਾਲ ਮਿਲ ਕੇ ਕੰਮ ਕਰਨਾ ਪਵੇਗਾ। ਫਿਰ ਮੈਂ ਰਾਤੀ ਉਸਨੂੰ ਵਟਸਅੱਪ ਕਾਲ ਕੀਤੀ ਜਿਸ ਦੀ ਮੈਂ ਰਿਕਾਰਡੀ ਕਰ ਲਈ, ਜਿਸ ’ਚ ਉਹ ਕਹਿ ਰਿਹਾ ਹੈ, ਕਿ ਤੈਨੂੰ 20 ਹਜ਼ਾਰ ਰੁਪਏ ਮਹੀਨਾ ਪੁਲਸ ਨੂੰ ਦੇਣਾ ਪਵੇਗਾ। ਉਕਤ ਦੁਕਾਨਦਾਰ ਨੇ ਦੱਸਿਆ ਕਿ ਮੇਰੇ ’ਤੇ ਇਹ ਵੀ ਦਬਾਅ ਬਣਾਇਆ ਗਿਆ ਕਿ ਜੇਕਰ ਤੂੰ 20 ਹਜਾਰ ਰੁਪਏ ਮਹੀਨਾ ਨਹੀਂ ਦਿੰਦਾ ਤਾਂ ਤੇਰਾ ਕਾਰੋਬਾਰ ਬੰਦ ਕਰ ਦੇਵਾਂਗੇ। ਇਸ ਉਪਰੰਤ ਕੁੱਝ ਦਿਨਾਂ ਬਾਅਦ ਮੈਨੂੰ ਐੱਸ. ਐੱਚ. ਓ.  ਨੇ ਆਪਣੇ ਕਮਰੇ ਵਿਚ ਬੁਲਾਇਆ ਅਤੇ ਕਥਿਤ ਤੌਰ ’ਤੇ ਰਿਸ਼ਵਤ ਦੀ ਮੰਗ ਕੀਤੀ, ਜਿਸ ਦੀ ਰਿਕਾਡਿੰਗ ਵੀ ਮੈਂ ਪੁਲਸ ਦੇ ਉਚ ਅਧਿਕਾਰੀ ਨੂੰ ਦੇ ਦਿੱਤੀ ਹੈ।

ਇਨਸਾਫ਼ ਨਾ ਮਿਲਿਆ ਤਾਂ ਬੱਚਿਆਂ ਸਮੇਤ ਕਰਾਂਗਾ ਖ਼ੁਦਕੁਸ਼ੀ

ਗੱਲਬਾਤ ਕਰਦਿਆਂ ਵਪਾਰੀ ਲਵ ਕੁਮਾਰ ਨੇ ਕਿਹਾ ਕਿ ਮੈਂ ਇਸ ਸਬੰਧੀ ਸ਼ਿਕਾਇਤ ਪੰਜਾਬ ਦੇ ਮੁੱਖ ਮੰਤਰੀ ਨੂੰ ਵੀ ਭੇਜੀ ਹੈ, ਅਤੇ ਸਬੂਤ ਵੀ ਨਾਲ ਨੱਥੀ ਕੀਤੇ ਹਨ। ਐੱਸ. ਐੱਸ. ਪੀ ਬਰਨਾਲਾ ਨੂੰ ਵੀ ਮੈਂ ਇਸ ਸਬੰਧੀ ਸ਼ਿਕਾਇਤ ਦਿੱਤੀ ਹੈ। ਮੈਨੂੰ ਉਮੀਦ ਹੈ ਕਿ ਆਮ ਪਾਰਟੀ ਨੇ ਭ੍ਰਿਸ਼ਟਾਚਾਰ ਵਿਰੁੱਧ ਮੁਹਿੰਮ ਛੇੜੀ ਹੋਈ ਹੈ। ਮੁੱਖ ਮੰਤਰੀ ਦੋਸ਼ੀ ਪੁਲਸ ਅਧਿਕਾਰੀਆਂ ’ਤੇ ਜ਼ਰੂਰ ਕਾਰਵਾਈ ਕਰਨਗੇ ਪਰ ਜੇਕਰ ਮੈਨੂੰ ਇਨਸਾਫ਼ ਨਾ ਮਿਲਿਆ ਤੇ ਦੋਸ਼ੀ ਪੁਲਸ ਅਧਿਕਾਰੀਆਂ ਖ਼ਿਲਾਫ਼ ਕੇਸ ਦਰਜ ਨਾ ਕੀਤਾ ਗਿਆ ਤਾਂ ਮੈਂ ਆਪਣੇ ਬੱਚਿਆਂ ਸਮੇਤ ਖ਼ੁਦਕੁਸ਼ੀ ਕਰ ਲਵਾਂਗਾ, ਜਿਸ ਦੀ ਜ਼ਿੰਮੇਵਾਰੀ ਪੁਲਸ ਪ੍ਰਸ਼ਾਸਨ ਦੀ ਹੋਵੇਗੀ। ਜ਼ਿਕਰਯੋਗ ਹੈ ਕਿ ਰਿਸ਼ਵਤ ਮੰਗਣ ਦੀ ਆਡੀਓ ਸੋਸ਼ਲ ਮੀਡੀਆ ’ਤੇ ਵੀ ਖੂਬ ਵਾਇਰਲ ਹੋ ਰਹੀ ਹੈ। ਜਿਸ ਦੀ ਇਲਾਕੇ ’ਚ ਖੂਬ ਚਰਚਾ ਹੈ।

ਕੀ ਕਹਿੰਦੇ ਹਨ ਐੱਸ. ਐੱਸ. ਪੀ ਬਰਨਾਲਾ

ਐੱਸ. ਐੱਸ. ਪੀ. ਸੰਦੀਪ ਮਲਿਕ ਨੇ ਕਿਹਾ ਕਿ ਐੱਸ.ਐੱਚ.ਓ. ਭਦੌੜ ਸੁਖਜਿੰਦਰ ਸਿੰਘ ਸੰਧੂ, ਏ.ਐੱਸ.ਆਈ. ਮਨਜੀਤ ਸਿੰਘ ਅਤੇ ਇਕ ਹੋਰ ਪੁਲਸ ਕਰਮਚਾਰੀ ਨੂੰ ਲਾਇਨ ਹਾਜ਼ਰ ਕਰ ਦਿੱਤਾ ਗਿਆ ਹੈ। ਜਦੋਂ ਉਨ੍ਹਾਂ ਤੋਂ ਪੁੱਛਿਆ ਗਿਆ ਕਿ ਉਕਤ ਪੁਲਸ ਕਰਮਚਾਰੀਆਂ ਵਿਰੁੱਧ ਕੋਈ ਕਾਰਵਾਈ ਨਹੀਂ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਅਜੇ ਤੱਕ ਸਾਡੇ ਕੋਲ ਕੋਈ ਲਿਖਤੀ ਸ਼ਿਕਾਇਤ ਨਹੀਂ ਆਈ, ਜੇਕਰ ਕੋਈ ਲਿਖਤੀ ਸ਼ਿਕਾਇਤ ਆਉਂਦੀ ਹੈ ਤਾਂ ਮਾਮਲੇ ਦੀ ਜਾਂਚ ਕਰ ਕੇ ਬਣਦੀ ਕਾਰਵਾਈ ਅਮਲ ’ਚ ਲਿਆਂਦੀ ਜਾਵੇਗੀ। ਜਦੋਂ ਇਸ ਸਬੰਧ ’ਚ ਐੱਸ. ਐੱਚ. ਓ. ਸੁਖਜਿੰਦਰ ਸਿੰਘ ਅਤੇ ਏ. ਐੱਸ. ਆਈ. ਮਨਜੀਤ ਸਿੰਘ ਦਾ ਪੱਖ ਜਾਨਣ ਲਈ ਉਨ੍ਹਾਂ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਨ੍ਹਾਂ ਨਾਲ ਸੰਪਰਕ ਨਹੀਂ ਹੋ ਸਕਿਆ।

ਇਹ ਵੀ ਪੜ੍ਹੋ- ਬਠਿੰਡਾ ਦੇ ਦਿਆਲਪੁਰ ਥਾਣੇ ਤੋਂ ਹਥਿਆਰ ਗਾਇਬ ਕਰਨ ਵਾਲਾ ਮੁਨਸ਼ੀ ਗ੍ਰਿਫ਼ਤਾਰ, ਪੁੱਛਗਿੱਛ ਦੌਰਾਨ ਹੋਏ ਕਈ ਖ਼ੁਲਾਸੇ

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ। 


author

Simran Bhutto

Content Editor

Related News