ਬਹੁਜਨ ਸਮਾਜ ਪਾਰਟੀ SYLਦੇ ਮਾਮਲੇ ’ਚ ਕੋਈ ਦਖ਼ਲ ਨਹੀਂ ਦੇਵੇਗੀ : ਜਸਵੀਰ ਗੜ੍ਹੀ
Wednesday, Sep 21, 2022 - 06:02 PM (IST)
ਬਰਨਾਲਾ (ਵਿਵੇਕ ਸਿੰਧਵਾਨੀ, ਰਵੀ) : ਬਹੁਜਨ ਸਮਾਜ ਪਾਰਟੀ ਦੇ ਪੰਜਾਬ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਨੇ ਕਿਹਾ ਹੈ ਕਿ ਬਸਪਾ ਐੱਸ.ਵਾਈ.ਐੱਲ. ਮਾਮਲੇ ’ਚ ਦਖ਼ਲ ਨਹੀਂ ਦੇਵੇਗੀ। ਇਥੇ ਪੱਤਰਕਾਰ ਨਾਲ ਗੱਲਬਾਤ ਦੌਰਾਨ ਇਕ ਸਵਾਲ ਦੇ ਜਵਾਬ ’ਚ ਗੜ੍ਹੀ ਨੇ ਕਿਹਾ ਕਿ ਭਾਵੇਂ ਬਸਪਾ ਦਾ ਅਕਾਲੀ ਦਲ ਨਾਲ ਗਠਜੋੜ ਹੈ ਪਰ ਸਤਲੁਜ ਜਮਨਾ ਲਿੰਕ ਨਹਿਰ ਦੇ ਮਾਮਲੇ ’ਤੇ ਸੁਪਰੀਮ ਕੋਰਟ ਵੱਲੋਂ ਆਏ ਕਿਸੇ ਫੈਸਲੇ ਤੋਂ ਜੇਕਰ ਸ਼੍ਰੋਮਣੀ ਅਕਾਲੀ ਦਲ ਕੋਈ ਮੋਰਚਾ ਲਾਉਂਦਾ ਹੈ ਤਾਂ ਬਹੁਜਨ ਸਮਾਜ ਪਾਰਟੀ ਉਸ ਸੂਰਤ ’ਚ ਨਹਿਰਾਂ ਦੇ ਵੱਡੇ ਰੌਲਿਆਂ ’ਚ ਦਖਲਅੰਦਾਜ਼ੀ ਨਹੀਂ ਕਰੇਗੀ, ਕਿਉਂਕਿ ਸਾਡੇ ਬਹੁਜਨ ਸਮਾਜ ਨੂੰ ਤਾਂ ਅਜੇ ਟੂਟੀਆਂ ਵਾਲਾ ਪਾਣੀ ਵੀ ਨਹੀਂ ਮਿਲਿਆ ਹੈ।
ਇਕ ਹੋਰ ਸਵਾਲ ਦੇ ਜਵਾਬ ’ਚ ਉਨ੍ਹਾਂ ਕਿਹਾ ਕਿ ਭੈਣ ਮਾਇਆਵਤੀ ਦੇ ਹੁਕਮਾਂ ਅਨੁਸਾਰ ਪਿਛਲੀਆਂ 2022 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਪੰਜਾਬੀ ’ਚ ਬਹੁਜਨ ਸਮਾਜ ਪਾਰਟੀ ਦਾ ਸ਼੍ਰੋਮਣੀ ਅਕਾਲੀ ਦਲ ਨਾਲ ਚੋਣ ਗਠਜੋੜ ਹੋਇਆ ਸੀ, ਜੋ ਅਜੇ ਤੱਕ ਬਰਕਰਾਰ ਹੈ ਅਤੇ ਹੋ ਸਕਦਾ ਹੈ ਕਿ 2024 ਦੀਆਂ ਲੋਕ ਸਭਾ ਚੋਣਾਂ ਤੱਕ ਵੀ ਇਹ ਗਠਜੋੜ ਜਾਰੀ ਰਹੇ ਪਰ ਇਹ ਸਨਮਾਨਯੋਗ ਢੰਗ ਨਾਲ ਸੀਟਾਂ ਦੀ ਵੰਡ ’ਤੇ ਨਿਰਭਰ ਕਰਦਾ ਹੈ।
ਉਨ੍ਹਾਂ 2024 ਦੀਆਂ ਲੋਕ ਸਭਾ ਦੌਰਾਨ ਦੇਸ਼ ’ਚ ਬਣ ਰਹੇ ਗਠਜੋੜਾਂ ਦਰਮਿਆਨ ਬਹੁਜਨ ਸਮਾਜ ਪਾਰਟੀ ਸਥਿਤੀ ਸਪੱਸ਼ਟ ਕਰਦਿਆਂ ਕਿਹਾ ਕਿ ਸਾਹਿਬ ਸ੍ਰੀ ਕਾਂਸ਼ੀ ਰਾਮ ਦੀ ਸੋਚ ਮੁਤਾਬਕ ਸੱਜੇ ਪੱਖੀ ਅਤੇ ਖੱਬੇ ਪੱਖੀ ਦੋਵੇਂ ਧਿਰਾਂ ਨੂੰ ਛੱਡ ਕੇ ਬਸਪਾ ਵਿਚਕਾਰਲਾ ਰਸਤਾ ਅਖਤਿਆਰ ਕਰੇਗੀ। ਇਕ ਹੋਰ ਸਵਾਲ ਦੇ ਜਵਾਬ ’ਚ ਗੜ੍ਹੀ ਨੇ ਕਿਹਾ ਕਿ ਬਸਪਾ ਫੈਡਰਲ ਸਿਸਟਮ ਜਾਂ ਸੱਤਾ ਦੇ ਕੇਂਦਰੀਕਰਨ ਦੀਆਂ ਵਿਚਾਰਧਾਰਾਵਾਂ ਦੀ ਬਿਜਾਏ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਸਾਹਿਬ ਵੱਲੋਂ ਲਿਖੇ ਗਏ ਸੰਵਿਧਾਨ ਅਨੁਸਾਰ ਹੀ ਭਾਰਤ ਨੂੰ ਚਲਾਉਣ ਦੀ ਹਾਮੀ ਹੈ। ਇਸ ਮੌਕੇ ਚਮਕੌਰ ਸਿੰਘ ਵੀਰ ਅਤੇ ਹੋਰ ਆਗੂ ਵੀ ਹਾਜ਼ਰ ਸਨ।