ਕੋਰੋਨਾ ਸਬੰਧੀ ਗਲਤ ਪੋਸਟਾਂ ਅਤੇ ਸੰਦੇਸ਼ਾਂ ਰਾਹੀ ਡਰ ਅਤੇ ਖੌਫ਼ ਦਾ ਮਾਹੌਲ ਪੈਦਾ ਕਰਨੀ ਕਾਨੂੰਨਨ ਅਪਰਾਧ: ਪਵਿੱਤਰ ਸਿੰਘ

09/16/2020 1:28:56 PM

ਭਵਾਨੀਗੜ੍ਹ (ਕਾਂਸਲ): ਪੰਜਾਬ ਸਰਕਾਰ ਵਲੋਂ ਕੋਵਿਡ-19 ਦੇ ਖ਼ਾਤਮੇ ਲਈ ਚਲਾਈ ਜਾ ਰਹੀ ਮਿਸ਼ਨ ਫਤਿਹ ਦੀ ਮੁਹਿੰਮ ਸਬੰਧੀ ਲੋਕਾਂ ਨੂੰ ਜਾਗਰੂਕ ਕਰਨ ਲਈ ਜ਼ਿਲ੍ਹਾ ਪੁਲਸ ਪ੍ਰਸ਼ਾਸਨ ਦੀਆਂ ਹਦਾਇਤਾਂ ਅਨੁਸਾਰ ਅੱਜ ਪੁਲਸ ਚੈੱਕ ਪੋਸਟ ਕਾਲਾਝਾੜ ਦੇ ਇੰਚਾਰਜ ਸਬ-ਇੰਸਪੈਕਟਰ ਪਵਿੱਤਰ ਸਿੰਘ ਨੇ ਚੈਕ ਪੋਸਟ ਅਧੀਨ ਆਉਂਦੇ ਪਿੰਡਾਂ ਦੇ ਸਰਪੰਚਾਂ ਪੰਚਾਂ ਅਤੇ ਪਤਵੰਤਿਆਂ ਨਾਲ ਇੱਕ ਮੀਟਿੰਗ ਕੀਤੀ ਗਈ।ਇਸ ਮੀਟਿੰਗ 'ਚ ਚੈੱਕ ਪੋਸਟ ਇੰਚਾਰਜ ਨੇ ਕੋਰੋਨਾ ਮਹਾਮਾਰੀ ਦੇ ਸਬੰਧ 'ਚ ਪਿੰਡਾਂ 'ਚੋਂ ਵੱਧ ਤੋਂ ਵੱਧ ਟੈਸਟਿੰਗ ਕਰਾਉਣ ਸਬੰਧੀ ਜਾਣੂ ਕਰਵਾਇਆ। ਉਨ੍ਹਾਂ ਕਿਹਾ ਕਿ ਹਰ ਵਿਅਕਤੀ ਨੂੰ ਆਪਣਾ ਕੋਰੋਨਾ ਦਾ ਟੈਸਟ ਲਾਜਮੀ ਕਰਵਾਉਣਾ ਚਾਹੀਦਾ ਹੈ। ਇਸ ਤਰ੍ਹਾਂ ਹੀ ਅਸੀਂ ਇਸ ਮਹਾਮਾਰੀ 'ਤੇ ਕਾਬੂ ਪਾ ਸਕਦੇ ਹਾਂ।

ਉਨ੍ਹਾਂ ਇਹ ਵੀ ਕਿਹਾ ਕਿ ਸੋਸ਼ਲ ਮੀਡੀਆ 'ਤੇ ਕੋਰੋਨਾ ਮਹਾਮਾਰੀ ਦੀ ਟੈਸਟਿੰਗ ਅਤੇ ਇਲਾਜ ਸਬੰਧੀ ਜੋ ਗਲਤ ਪੋਸਟਾਂ ਅਤੇ ਸੰਦੇਸ਼ ਪਾ ਕੇ ਗਲ਼ਤ ਅਫਵਾਹਾਂ ਫੈਲਾਈਆਂ ਜਾ ਰਹੀਆਂ ਹਨ ਸਾਨੂੰ ਉਨ੍ਹਾਂ ਤੋਂ ਬਚਣ ਲਈ ਇਨ੍ਹਾਂ ਪੋਸਟਾਂ ਅਤੇ ਸੰਦੇਸ਼ਾਂ ਦੀ ਪੂਰੀ ਤਰ੍ਹਾਂ ਘੋਖ ਪੜਤਾਲ ਕਰਕੇ ਅਸਲ ਸੱਚ ਨੂੰ ਜਾਣ ਲੈਣਾ ਜ਼ਰੂਰੀ ਹੈ।ਕਿਸੇ ਵੀ ਵਿਅਕਤੀ ਨੂੰ ਇਸ ਤਰ੍ਹਾਂ ਦੀਆਂ ਗਲ਼ਤ ਅਫ਼ਵਾਹਾਂ ਰਾਹੀ ਡਰ ਅਤੇ ਖੌਫ਼ ਦਾ ਮਾਹੌਲ ਪੈਦਾ ਕਰਨਾ ਕਾਨੂੰਨ ਅਪਰਾਧ ਹੈ। ਇਨ੍ਹਾਂ ਅਫਵਾਹਾਂ ਨਾਲ ਕੋਵਿਡ-19 ਦੇ ਖ਼ਾਤਮੇ ਲਈ ਸਰਕਾਰ ਵਲੋਂ ਚਲਾਈ ਮਿਸ਼ਨ ਫਤਿਹ ਦੀ ਮੁਹਿੰਮ 'ਚ ਵਿਘਣ ਪੈਂਦਾ ਹੈ। ਜੋ ਸਭ ਲਈ ਘਾਤਕ ਹੈ। ਇਸ ਸਮੇਂ ਚੌਕੀ ਇੰਚਾਰਜ ਨੇ ਦੱਸਿਆ ਕਿ ਉਨ੍ਹਾਂ ਦੀ ਪ੍ਰੇਰਣਾ ਸਦਕਾ ਪਿਛਲੇ ਦਿਨ ਨੇੜਲੇ ਪਿੰਡ ਨਦਾਮਪੁਰ ਵਿਖੇ ਤਕਰੀਬਨ 42 ਵਿਅਕਤੀਆਂ ਜਨਾਨੀਆਂ ਅਤੇ ਮਰਦਾਂ ਦੇ ਨਮੂਨੇ ਹਾਸਲ ਕੀਤੇ ਗਏ ਹਨ, ਜਿਨ੍ਹਾਂ ਨੂੰ ਕੋਈ ਵੀ ਦਿੱਕਤ ਨਹੀਂ ਆਈ।

ਇਸ ਮੌਕੇ ਉਨ੍ਹਾਂ ਪਿੰਡਾਂ ਦੇ ਸਰਪੰਚਾਂ ਅਤੇ ਹੋਰ ਪੰਚਾਇਤ ਮੈਂਬਰਾਂ ਨੂੰ ਵਿਸ਼ੇਸ਼ ਅਪੀਲ ਕੀਤੀ ਕਿ ਉਹ ਪਿੰਡਾਂ 'ਚ ਟੈਸਟ ਨਾ ਕਰਵਾਉਣ ਸਬੰਧੀ ਮਤੇ ਨਾ ਪਾ ਕੇ ਪਿੰਡ ਦੇ ਲੋਕਾਂ ਨੂੰ ਟੈਸਟ ਸਬੰਧੀ ਜਾਗਰੂਕ ਕਰਨ ਅਤੇ ਪਿੰਡਾਂ 'ਚ ਚੋਰੀ ਦੀਆਂ ਘਟਨਾਵਾਂ ਅਤੇ ਨਸ਼ਿਆਂ ਦੀ ਤਸਕਰੀ ਨੂੰ ਰੋਕਣ ਦੇ ਨਾਲ ਨਾਲ ਹੋਰ ਅਣਸੁਖਾਵੀਂਆਂ ਘਟਨਾਵਾਂ ਤੋਂ ਬਚਣ ਲਈ ਹਰ ਪਿੰਡ ਦੀ ਪੰਚਾਇਤ ਆਪਣੇ ਪਿੰਡ 'ਚ ਸੀ.ਸੀ.ਟੀ.ਵੀ. ਕੈਮਰੇ ਜਰੂਰ ਲਗਵਾਉਣ। ਇਸ ਮੌਕੇ ਉਨ੍ਹਾਂ ਪਿੰਡਾਂ ਦੇ ਲੋਕਾਂ ਨੂੰ ਨੈਸ਼ਨਲ ਹਾਈਵੇ 'ਤੇ ਰੌਂਗ ਸਾਈਡ ਵਾਹਨ ਨਾ ਚਲਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਇਸ ਨਾਲ ਸੜਕ ਹਾਦਸੇ ਵਾਪਰਦੇ ਹਨ ਅਤੇ ਫਿਰ ਹਾਦਸਿਆਂ ਨੂੰ ਰੋਕਣ ਲਈ ਪੁਲਸ ਨੂੰ ਮਜਬੂਰਨ ਚਲਾਨ ਕਰਨੇ ਪੈਂਦੇ ਹਨ। ਇਸ ਮੌਕੇ ਪਿੰਡ ਚੰਨੋ ਦੀ ਸਰਪੰਚ ਦੇ ਪਤੀ ਤੇਜਇੰਦਰ ਸਿੰਘ ਢੀਂਡਸਾ, ਮੁਕੰਦ ਸਿੰਘ ਸਰਪੰਚ ਕਾਲਾਝਾੜ ਖੁਰਦ, ਰਾਮ ਸਿੰਘ ਭਰਾਜ, ਲਖਵੀਰ ਸਿੰਘ ਸਰਪੰਚ ਲੱਖੇਵਾਲ, ਸਾਹਿਬ ਸਿੰਘ ਸਰਪੰਚ ਭੜ੍ਹੋ, ਹਿੰਮਤ ਸਿੰਘ ਸਰਪੰਚ ਕਾਲਾਝਾੜ, ਜੋਗਿੰਦਰ ਸਿੰਘ ਸਰਪੰਚ ਰਾਜਪੁਰਾ, ਸਤਿੰਦਰ ਸਿੰਘ ਚੀਮਾ ਨੂਰਪੁਰਾ, ਤਰਸੇਮ ਸਿੰਘ ਖੇੜੀ ਗਿੱਲਾਂ, ਜਗਤਾਰ ਸਿੰਘ ਮਸਾਣੀ ਸਰਪੰਚ, ਹਰਵਿੰਦਰ ਸਿੰਘ ਮੰਗੂ ਪੰਚ, ਮਨਿੰਦਰ ਸਿੰਘ ਗਿੰਨੀ ਪੰਚ ਤੋਂ ਨਦਾਮਪੁਰ ਅਤੇ ਸ਼ਾਹਪੁਰ ਇਲਾਕੇ ਦੇ ਪਤਵੰਤੇ ਵੀ ਮੌਜੂਦ ਸਨ।


Shyna

Content Editor

Related News