4000 ਰੁਪਏ ਦੀ ਰਿਸ਼ਵਤ ਲੈਂਦਾ ਮਾਲ ਵਿਭਾਗ ਦਾ ਪਟਵਾਰੀ ਰੰਗੇ ਹੱਥੀਂ ਗ੍ਰਿਫਤਾਰ
Tuesday, Jul 16, 2019 - 05:02 PM (IST)

ਜ਼ੀਰਾ (ਸਤੀਸ਼) - ਤਹਿਸੀਲ ਜ਼ੀਰਾ ਵਿਖੇ ਵਿਜੀਲੈਂਸ ਵਿਭਾਗ ਫਿਰੋਜ਼ਪੁਰ ਦੀ ਟੀਮ ਨੇ ਇਕ ਪਟਵਾਰੀ ਨੂੰ 4000 ਰੁਪਏ ਦੀ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਕਾਬੂ ਕੀਤਾ ਹੈ। ਜਾਣਕਾਰੀ ਦਿੰਦਿਆਂ ਇੰਸ: ਵਿਜੀਲੈਂਸ ਸੱਤਪ੍ਰੇਮ ਸਿੰਘ ਨੇ ਦੱਸਿਆ ਕਿ ਬੂਟਾ ਸਿੰਘ ਪੁੱਤਰ ਦਰਸ਼ਨ ਸਿੰਘ ਨੇ ਐੱਸ.ਐੱਸ.ਪੀ. ਫਿਰੋਜ਼ਪੁਰ ਨੂੰ ਇਕ ਲਿਖਤੀ ਸ਼ਿਕਾਇਤ ਦਿੱਤੀ ਸੀ ਕਿ ਉਸ ਨੇ ਪਟਵਾਰੀ ਰਜਿੰਦਰ ਸਿੰਘ ਉਰਫ ਰਾਜੂ ਪਾਸੋ ਆਪਣੀ ਜ਼ਮੀਨ ਦੀਆਂ ਫਰਦਾਂ ਕਢਵਾਈਆਂ ਸਨ, ਜੋ ਸਹੀ ਨਹੀਂ ਸਨ। ਉਸ ਨੇ ਜਦੋਂ ਪਟਵਾਰੀ ਨੂੰ ਸਹੀ ਫਰਦਾਂ ਦੇਣ ਲਈ ਕਿਹਾ ਤਾਂ ਪਟਵਾਰੀ ਨੇ ਉਸ ਤੋਂ 4000 ਰੁਪਏ ਦੀ ਮੰਗ ਕੀਤੀ। ਸ਼ਿਕਾਇਤਕਰਤਾ ਦੇ ਆਧਾਰ 'ਤੇ ਸਾਡੀ ਟੀਮ ਨੇ ਫਰਦ ਕੇਂਦਰ ਜ਼ੀਰਾ ਵਿਖੇ ਪਹੁੰਚ ਕੇ ਪਟਵਾਰੀ ਰਜਿੰਦਰ ਸਿੰਘ ਨੂੰ ਰਿਸ਼ਵਤ ਦੇ 4000 ਰੁਪਏ ਸਣੇ ਮੌਕੇ ਤੋਂ ਕਾਬੂ ਕਰ ਲਿਆ, ਜਿਸ ਖਿਲਾਫ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ ।
ਉਨ੍ਹਾਂ ਦੱਸਿਆ ਕਿ ਸਾਡੀ ਟੀਮ 'ਚ ਸਰਕਾਰੀ ਗਵਾਹ ਵਜੋਂ ਸਿੰਚਾਈ ਵਿਭਾਗ ਫ਼ਿਰੋਜ਼ਪੁਰ ਦੇ ਐੈੱਸ.ਡੀ.ਓ. ਗੁਰਜਿੰਦਰ ਸਿੰਘ ਅਤੇ ਵਾਟਰ ਸਪਲਾਈ ਵਿਭਾਗ ਫ਼ਿਰੋਜ਼ਪੁਰ ਦੇ ਜਗਦੀਸ਼ ਵਿਨਾਇਕ ਵੀ ਸ਼ਾਮਲ ਸਨ।ਇਸ ਮੌਕੇ ਵਿਜੀਲੈਂਸ ਦੀ ਟੀਮ 'ਚ ਇੰਸਪੈਕਟਰ ਸੱਤ ਪ੍ਰੇਮ ਸਿੰਘ ਤੋਂ ਇਲਾਵਾ ਅਮਨਦੀਪ ਸਿੰਘ ਹੈੱਡ ਕਾਂਸਟੇਬਲ, ਚਰਨ ਸਿੰਘ ਹੌਲਦਾਰ, ਦਵਿੰਦਰ ਸਿੰਘ ਹੌਲਦਾਰ, ਚਰਨਜੀਤ ਸਿੰਘ ਹੌਲਦਾਰ ਉਚੇਚੇ ਤੌਰ 'ਤੇ ਹਾਜ਼ਰ ਸਨ। ਪ੍ਰੈੱਸ ਨਾਲ ਗੱਲਬਾਤ ਕਰਦਿਆਂ ਵਿਜੀਲੈਂਸ ਟੀਮ ਦੇ ਮੁਖੀ ਇੰਸਪੈਕਟਰ ਸੱਤ ਪ੍ਰੇਮ ਸਿੰਘ ਨੇ ਦੱਸਿਆ ਕੀ ਉਕਤ ਪਟਵਾਰੀ ਵਿਰੁੱਧ ਭ੍ਰਿਸ਼ਟਾਚਾਰ ਮਾਮਲੇ ਤਹਿਤ ਮੁਕੱਦਮਾ ਦਰਜ ਕੀਤਾ ਜਾਵੇਗਾ।