ਪਿੰਡ ਭੁੱਲਰ ’ਚ ਮਾਹੌਲ ਤਣਾਅਪੂਰਣ, ਚਿੱਟਾ ਵੇਚਣ ਆਏ ਨੌਜਵਾਨ ਸਮੇਤ 7 ਨੂੰ ਕੀਤਾ ਕਾਬੂ
Tuesday, Nov 30, 2021 - 06:14 PM (IST)
ਸ੍ਰੀ ਮੁਕਤਸਰ ਸਾਹਿਬ (ਕੁਲਦੀਪ ਰਿਣੀ, ਪਵਨ) : ਸ੍ਰੀ ਮੁਕਤਸਰ ਸਾਹਿਬ ਹਲਕੇ ਦੇ ਪਿੰਡ ਭੁੱਲਰ ਵਿਖੇ ਅੱਜ ਉਸ ਸਮੇਂ ਮਾਹੌਲ ਤਣਾਅਪੂਰਨ ਹੋ ਗਿਆ ਜਦੋਂ ਪਿੰਡ ਵਾਸੀਆਂ ਨੇ ਪਿੰਡ ਦੇ ਹੀ ਇਕ ਨੌਜਵਾਨ ਅਤੇ ਉਸ ਨਾਲ ਕੁਝ ਬਾਹਰੀ ਨੌਜਵਾਨਾਂ ਨੂੰ ਕਾਬੂ ਕੀਤਾ। ਪਿੰਡ ਵਾਸੀਆਂ ਨੇ ਸਿੱਧੇ ਤੌਰ ’ਤੇ ਦੋਸ਼ ਲਾਏ ਕਿ ਇਹ ਵਿਅਕਤੀ ਪਿੰਡ ਵਿਚ ਚਿੱਟਾ ਵੇਚਣ ਦਾ ਕੰਮ ਕਰਦੇ ਹਨ, ਅੱਜ ਵੀ ਇਨ੍ਹਾਂ ਤੋਂ ਚਿੱਟਾ ਵੇਚਣ ਲਈ ਵਰਤੋਂ ਵਿਚ ਆਉਂਦਾ ਸਮਾਨ ਸਰਿੰਜਾਂ ਆਦਿ ਤੋਂ ਇਲਾਵਾ ਇਕ ਦੇਸੀ ਕੱਟਾ ਵੀ ਬਰਾਮਦ ਕੀਤਾ ਹੈ। ਪਿੰਡ ਵਾਸੀਆਂ ਦੇ ਸਿੱਧੇ ਦੋਸ਼ ਹਨ ਕਿ ਪੁਲਸ ਨੂੰ ਵਾਰ ਵਾਰ ਦੱਸਣ ਦੇ ਬਾਵਜੂਦ ਵੀ ਕੋਈ ਕਾਰਵਾਈ ਨਹੀਂ ਹੋਈ ਅਤੇ ਉਨ੍ਹਾਂ ਨੂੰ ਆਪ ਕਾਰਵਾਈ ਕਰਨੀ ਪਈ। ਵਰਨਣਯੋਗ ਹੈ ਕਿ ਪਿੰਡ ਭੁੱਲਰ ਵਿਖੇ ਅੱਜ ਪਿੰਡ ਵਾਸੀਆਂ ਨੇ ਅੱਜ ਸਵੇਰੇ ਹੀ ਪਿੰਡ ਵਿਚ ਕੁਝ ਬਾਹਰੀ ਨੌਜਵਾਨਾਂ ਨੂੰ ਕਾਬੂ ਕੀਤਾ ਜੋ ਪਿੰਡ ਦੇ ਹੀ ਇਕ ਵਿਅਕਤੀ ਕੋਲ ਆਉਂਦੇ ਸਨ। ਪਿੰਡ ਵਾਸੀਆਂ ਅਨੁਸਾਰ ਪਿੰਡ ਦਾ ਇਕ ਵਿਅਕਤੀ ਪਿੰਡ ਵਿਚ ਚਿੱਟਾ ਵੇਚਣ ਦਾ ਕੰਮ ਕਰ ਰਿਹਾ ਹੈ ਅਤੇ ਬਾਹਰੀ ਨੌਜਵਾਨ ਇਸ ਕੋਲ ਆਉਂਦੇ ਹਨ। ਪਿੰਡ ਵਾਸੀਆਂ ਅਨੁਸਾਰ ਇਨ੍ਹਾਂ ਨੂੰ ਲੰਮੇ ਸਮੇਂ ਤੋਂ ਰੋਕਿਆ ਜਾ ਰਿਹਾ ਸੀ ਪਰ ਹੁਣ ਇਹ ਵਿਅਕਤੀ ਉਲਟਾ ਪਿੰਡ ਵਾਲਿਆਂ ਨੂੰ ਹੀ ਅੱਖਾਂ ਵਿਖਾਉਣ ਲੱਗੇ ਸਨ।
ਪਿੰਡ ਵਿਚ ਨਸ਼ਾ ਛਡਾਊ ਕਮੇਟੀ ਦੀ ਅਗਵਾਈ ਵਿਚ ਅੱਜ ਪਿੰਡ ਵਾਸੀਆਂ ਨੇ ਜਦ ਇਨ੍ਹਾਂ ਕਰੀਬ 7 ਵਿਅਕਤੀਆਂ ਨੂੰ ਕਾਬੂ ਕੀਤਾ ਤਾਂ ਪਿੰਡ ਵਾਸੀਆਂ ਅਨੁਸਾਰ ਇਨ੍ਹਾਂ ਤੋਂ ਚਿੱਟੇ ਦਾ ਨਸ਼ਾ ਲੈਣ ਲਈ ਵਰਤਿਆ ਜਾਂਦਾ ਸਮਾਨ ਅਤੇ ਇਕ ਵਿਅਕਤੀ ਤੋਂ ਦੇਸੀ ਕੱਟਾ ਵੀ ਬਰਾਮਦ ਹੋਇਆ। ਪਿੰਡ ਵਾਸੀਆਂ ਅਨੁਸਾਰ ਉਹ ਇਸ ਮਾਮਲੇ ਵਿਚ ਕਈ ਵਾਰ ਪੁਲਸ ਨੂੰ ਸ਼ਿਕਾਇਤ ਕਰ ਚੁੱਕੇ ਹਨ ਪਰ ਕੋਈ ਕਾਰਵਾਈ ਨਹੀਂ ਹੋਈ। ਅੱਜ ਵੀ ਪਿੰਡ ਵਿਚ ਮਾਹੌਲ ਤਣਾਅਪੂਰਨ ਹੋ ਗਿਆ।ਇਸ ਦੌਰਾਨ ਪਿੰਡ ਵਿਚ ਪੁਲਸ ਪਾਰਟੀ ਪਹੁੰਚੀ ਤਾਂ ਕਰੀਬ 7 ਵਿਅਕਤੀਆਂ ਨੂੰ ਪਿੰਡ ਵਾਸੀਆਂ ਨੇ ਪੁਲਸ ਹਵਾਲੇ ਕਰ ਦਿੱਤਾ। ਪਿੰਡ ਵਾਸੀਆਂ ਅਨੁਸਾਰ ਪਿੰਡ ਵਿਚ ਚਿੱਟੇ ਦਾ ਇਹ ਕੰਮ ਪਿੰਡ ਦੇ ਇੱਕ ਵਿਅਕਤੀ ਵੱਲੋਂ ਕੀਤਾ ਜਾ ਰਿਹਾ ਸੀ, ਜਦ ਉਸਨੂੰ ਰੋਕਿਆ ਗਿਆ ਤਾਂ ਉਹ ਬਾਹਰ ਤੋਂ ਮੁੰਡੇ ਬੁਲਾਉਣ ਲੱਗਾ ਤਾਂ ਜੋ ਪਿੰਡ ਵਾਲਿਆਂ ਨੂੰ ਡਰਾਇਆ ਧਮਕਾਇਆ ਜਾ ਸਕੇ। ਉਧਰ ਮੌਕੇ ਤੇ ਪਹੁੰਚੇ ਜਾਂਚ ਅਧਿਕਾਰੀ ਗੁਰਜੀਤ ਸਿੰਘ ਦਾ ਕਹਿਣਾ ਹੈ ਕਿ ਇਸ ਮਾਮਲੇ ਵਿਚ ਪਿੰਡ ਵਾਸੀਆਂ ਦੀ ਸ਼ਿਕਾਇਤ ਦੇ ਆਧਾਰ ’ਤੇ ਬਣਦੀ ਸਖ਼ਤ ਤੋ਼ ਸਖ਼ਤ ਕਾਰਵਾਈ ਕੀਤੀ ਜਾਵੇਗੀ, ਇਨ੍ਹਾਂ ਤੋਂ ਫੜੇ ਗਏ ਇਕ ਦੇਸੀ ਕੱਟੇ ਸਬੰਧੀ ਪੁਲਸ ਅਧਿਕਾਰੀ ਨੇ ਪੁਸ਼ਟੀ ਕੀਤੀ।