2 ਭੈਣਾਂ ਦੇ ਇਕਲੌਤੇ ਭਰਾ ਨੇ ਗੋਲੀ ਮਾਰ ਕੇ ਕੀਤੀ ਖੁਦਕੁਸ਼ੀ

Sunday, Feb 02, 2020 - 12:27 AM (IST)

ਕਿਸ਼ਨਗੜ੍ਹ/ਕਰਤਾਰਪੁਰ,(ਬੈਂਸ, ਸਾਹਨੀ): ਥਾਣਾ ਕਰਤਾਰਪੁਰ ਦੀ ਸਥਾਨਕ ਪੁਲਸ ਚੌਕੀ ਕਿਸ਼ਨਗੜ੍ਹ ਦੇ ਘੇਰੇ ਅੰਦਰ ਪੈਂਦੇ ਪਿੰਡ ਰਹੀਮਪੁਰ 'ਚ ਬੀਤੀ ਸ਼ਾਮ ਉਸ ਸਮੇਂ ਮਾਹੌਲ ਗਮਗੀਨ ਹੋ ਗਿਆ ਜਦੋਂ ਇਕ ਖੁਸ਼ਹਾਲ ਪਰਿਵਾਰ ਦੇ 2 ਭੈਣਾਂ ਦੇ ਇਕਲੌਤੇ ਅਤੇ ਕੁਆਰੇ ਭਰਾ ਨੇ ਭੇਤਭਰੇ ਹਾਲਾਤ 'ਚ ਆਪਣੇ ਘਰ ਦੀ ਦੂਸਰੀ ਮੰਜ਼ਿਲ 'ਤੇ ਜਾ ਕੇ ਖੁਦ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ। 
ਜਾਣਕਾਰੀ ਮੁਤਾਬਕ ਕ੍ਰਿਤਪਾਲ ਸਿੰਘ ਟਿਵਾਣਾ ਉਮਰ ਕਰੀਬ 30 ਸਾਲ ਪੁੱਤਰ ਸਵ. ਉਂਕਾਰ ਸਿੰਘ ਨਿਵਾਸੀ ਪਿੰਡ ਰਹੀਮਪੁਰ, ਜੋ ਕਿ ਖੇਤ ਵਾਹ ਕੇ ਆਪਣੇ ਘਰ ਵਾਪਸ ਆਇਆ। ਉਹ ਆਪਣੀ ਕੋਠੀ ਦੀ ਦੂਸਰੀ ਮੰਜ਼ਿਲ 'ਤੇ ਚਲੇ ਗਿਆ। ਜਦ ਉਹ ਕੁਝ ਸਮਾਂ ਬੀਤਣ 'ਤੇ ਹੇਠਾਂ ਨਹੀਂ ਆਇਆ ਤਾਂ ਉਸਦੀ ਭਰਜਾਈ ਨੇ ਉੱਪਰ ਉਸਦੇ ਕਮਰੇ ਵਿਚ ਜਾ ਕੇ ਦੇਖਿਆ ਤਾਂ ਕ੍ਰਿਤਪਾਲ ਸਿੰਘ ਖੂਨ ਨਾਲ ਲਥਪਥ ਡਿੱਗਿਆ ਹੋਇਆ ਸੀ, ਜਿਸ ਦੀ ਸੂਚਨਾ ਉਸਦੀ ਭਾਬੀ ਨੇ ਆਪਣੇ ਪਤੀ ਨੂੰ ਦਿੱਤੀ, ਜੋ ਕਿ ਘਰੋਂ ਬਾਹਰ ਗਿਆ ਹੋਇਆ ਸੀ। ਸੂਚਨਾ ਮਿਲਣ 'ਤੇ ਉਸਦੇ ਪਰਿਵਾਰਿਕ ਮੈਂਬਰਾਂ ਨੇ ਤੁਰੰਤ ਕਾਰਵਾਈ ਕਰਦਿਆਂ ਉਸਨੂੰ ਇਲਾਜ ਲਈ ਜਲੰਧਰ ਦੇ ਕਿਸੇ ਨਿੱਜੀ ਹਸਪਤਾਲ ਵਿਚ ਲਿਆਂਦਾ। ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਕਰ ਦਿੱਤਾ। ਜ਼ਿਕਰਯੋਗ ਹੈ ਕਿ ਮ੍ਰਿਤਕ ਨੌਜਵਾਨ ਕ੍ਰਿਤਪਾਲ ਸਿੰਘ ਟਿਵਾਣਾ ਦੇ ਪਿਤਾ ਦੀ ਵੀ ਕਰੀਬ 13 ਸਾਲ ਪਹਿਲਾਂ ਮੌਤ ਹੋ ਚੁੱਕੀ ਹੈ। ਜਦੋਂ ਉਕਤ ਸਾਰੇ ਮਾਮਲੇ ਸਬੰਧੀ ਥਾਣਾ ਕਰਤਾਰਪੁਰ ਦੇ ਐੱਸ. ਐੱਚ. ਓ. ਸਬ-ਇੰਸਪੈਕਟਰ ਪੁਸ਼ਪ ਬਾਲੀ ਤੇ ਕਿਸ਼ਨਗੜ੍ਹ ਪੁਲਸ ਚੌਕੀ ਵਾਲਿਆਂ ਨਾਲ ਰਾਬਤਾ ਕਾਇਮ ਕਰ ਕੇ ਉਨ੍ਹਾਂ ਦਾ ਪੱਖ ਜਾਣਿਆ ਗਿਆ ਤਾਂ ਉਨ੍ਹਾਂ ਆਖਿਆ ਕਿ ਮ੍ਰਿਤਕ ਨੌਜਵਾਨ ਦੀ ਲਾਸ਼ ਪੋਸਟਮਾਰਟਮ ਲਈ ਸਿਵਲ ਹਸਪਤਾਲ ਜਲੰਧਰ 'ਚ ਭੇਜ ਦਿੱਤੀ ਗਈ ਹੈ। ਪੁਲਸ ਦੇ ਸੀਨੀਅਰ ਅਫਸਰਾਂ ਵੱਲੋਂ ਘਟਨਾ ਸਥਾਨ 'ਤੇ ਜਾ ਕੇ ਉਕਤ ਸਾਰੇ ਮਾਮਲੇ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਤੇ ਅਗਲੇਰੀ ਕਾਰਵਾਈ ਖ਼ਬਰ ਲਿਖੇ ਜਾਣ ਤੋਂ ਵੀ ਬਾਅਦ ਦੇਰ ਰਾਤ ਤੱਕ ਜਾਰੀ ਸੀ।
 


Related News