ਚਾਹ ਪੀਂਦੇ ਨੌਜਵਾਨ ’ਤੇ ਕੀਤਾ ਸੀ ਹਮਲਾ, PGI ’ਚ ਮੌਤ
Monday, Mar 18, 2024 - 12:27 PM (IST)
ਚੰਡੀਗੜ੍ਹ (ਸੁਸ਼ੀਲ) : ਹਾਊਸਿੰਗ ਬੋਰਡ ਲਾਈਟ ਪੁਆਇੰਟ ਨੇੜੇ ਆਟੋ ਸਟੈਂਡ ’ਤੇ ਹੋਈ ਲੜਾਈ ’ਚ ਜ਼ਖ਼ਮੀ ਹੋਏ ਨੌਜਵਾਨ ਦੀ ਐਤਵਾਰ ਨੂੰ ਪੀ. ਜੀ. ਆਈ. ’ਚ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਸੈਕਟਰ-18 ਪੰਚਕੂਲਾ ਦੇ ਰਹਿਣ ਵਾਲੇ ਹੰਸ ਰਾਜ ਵਜੋਂ ਹੋਈ ਹੈ। ਕਤਲ ਦਾ ਕੇਸ ਦਰਜ ਨਾ ਹੋਣ ’ਤੇ ਭਾਜਪਾ ਦੇ ਸੂਬਾ ਸਕੱਤਰ ਸ਼ਸ਼ੀ ਸ਼ੰਕਰ ਤਿਵਾੜੀ ਆਪਣੇ ਸਾਥੀਆਂ ਸਮੇਤ ਮਨੀਮਾਜਰਾ ਥਾਣੇ ਪੁੱਜੇ। ਉਨ੍ਹਾਂ ਮੰਗ ਕੀਤੀ ਕਿ ਹਮਲਾਵਰ ਨੌਜਵਾਨ ਖ਼ਿਲਾਫ਼ ਕਤਲ ਦਾ ਕੇਸ ਦਰਜ ਕੀਤਾ ਜਾਵੇ।
ਤਿਵਾੜੀ ਨੇ ਕਿਹਾ ਕਿ ਪੁਲਸ ਇਸ ਮਾਮਲੇ ’ਚ ਗ਼ੈਰ-ਇਰਾਦਤਨ ਹੱਤਿਆ ਦੀ ਧਾਰਾ ਜੋੜ ਰਹੀ ਹੈ। ਮਨੀਮਾਜਰਾ ਥਾਣੇ ਦੀ ਪੁਲਸ ਨੇ 10 ਮਾਰਚ ਨੂੰ ਚਸ਼ਮਦੀਦ ਗਵਾਹ ਮੁਹੰਮਦ ਇਸਰਾਰ ਦੀ ਸ਼ਿਕਾਇਤ ’ਤੇ ਹਮਲਾਵਰ ਵਿਸ਼ਾਲ, ਉਸ ਦੇ ਭਰਾ ਕੌਸ਼ਲ ਸਮੇਤ ਅੱਧੀ ਦਰਜਨ ਹਮਲਾਵਰਾਂ ਖ਼ਿਲਾਫ਼ ਧਾਰਾ 147, 148, 149, 323 ਅਤੇ 506 ਤਹਿਤ ਕੇਸ ਦਰਜ ਕੀਤਾ ਸੀ। ਪੰਚਕੂਲਾ ਦੀ ਰਾਜੀਵ ਕਲੋਨੀ ਦੇ ਰਹਿਣ ਵਾਲੇ ਮੁਹੰਮਦ ਇਸਰਾਰ ਨੇ ਪੁਲਸ ਨੂੰ ਦੱਸਿਆ ਸੀ ਕਿ ਉਹ ਆਟੋ ਚਲਾਉਂਦਾ ਹੈ।
10 ਮਾਰਚ ਨੂੰ ਸਵੇਰੇ 11 ਵਜੇ ਹਾਊਸਿੰਗ ਬੋਰਡ ਲਾਈਟ ਪੁਆਇੰਟ ਨੇੜੇ ਆਟੋ ਸਟੈਂਡ ’ਤੇ ਖੜ੍ਹਾ ਸੀ। ਨੌਜਵਾਨ ਹੰਸ ਰਾਜ ਸਟੈਂਡ ’ਤੇ ਚਾਹ ਪੀ ਰਿਹਾ ਸੀ। ਇਸ ਦੌਰਾਨ ਈ-ਰਿਕਸ਼ਾ ਚਾਲਕ ਵਿਸ਼ਾਲ ਆ ਗਿਆ ਅਤੇ ਹੰਸ ਰਾਜ ਨਾਲ ਬਹਿਸ ਕਰਨ ਲੱਗਾ। ਜਦੋਂ ਉਸ ਨੇ ਵਿਰੋਧ ਕੀਤਾ ਤਾਂ ਵਿਸ਼ਾਲ ਨੇ ਆਪਣੇ ਭਰਾ ਕੌਸ਼ਲ ਨੂੰ ਬੁਲਾ ਲਿਆ। ਕੌਸ਼ਲ ਪੰਜ ਸਾਥੀਆਂ ਨੂੰ ਲੈ ਕੇ ਆਇਆ ਅਤੇ ਹੰਸ ਰਾਜ ’ਤੇ ਜਾਨਲੇਵਾ ਹਮਲਾ ਕਰਨ ਤੋਂ ਬਾਅਦ ਫ਼ਰਾਰ ਹੋ ਗਿਆ। ਉਸ ਨੇ ਮਾਮਲੇ ਦੀ ਸੂਚਨਾ ਪੁਲਸ ਨੂੰ ਦਿੱਤੀ ਸੀ। ਪੁਲਸ ਨੇ ਮੌਕੇ ’ਤੇ ਪਹੁੰਚ ਕੇ ਜ਼ਖ਼ਮੀ ਹੰਸਰਾਜ ਨੂੰ ਪੀ.ਜੀ.ਆਈ. ’ਚ ਦਾਖ਼ਲ ਕਰਵਾ ਕੇ ਵਿਸ਼ਾਲ, ਕੌਸ਼ਲ ਅਤੇ ਹੋਰਨਾਂ ਖ਼ਿਲਾਫ਼ ਕੁੱਟਮਾਰ ਦਾ ਮਾਮਲਾ ਦਰਜ ਕੀਤਾ ਗਿਆ ਸੀ।