ਪਾਣੀ ਵਾਲੀ ਖਾਲ ਤੋਂ ਪੈਦਾ ਹੋਏ ਵਿਵਾਦ ''ਚ ਜ਼ਖਮੀ ਨੌਜਵਾਨ ਦੀ ਮੌਤ

03/05/2018 6:19:39 AM

ਮਮਦੋਟ, (ਸੰਜੀਵ, ਧਵਨ,  ਸ਼ਰਮਾ, ਜਸਵੰਤ)— ਬੀਤੇ ਦਿਨੀਂ ਪਿੰਡ ਲਖਮੀਰ ਕੇ ਉਤਾੜ੍ਹ (ਭੱਟੀਆਂ) ਵਿਖੇ ਖੇਤ ਵਿਚ ਪਾਣੀ ਵਾਲੀ ਖਾਲ ਤੋਂ ਪੈਦਾ ਹੋਏ ਵਿਵਾਦ ਦੌਰਾਨ ਗੰਭੀਰ ਰੂਪ ਵਿਚ ਜ਼ਖਮੀ ਨੌਜਵਾਨ ਦੀ ਫਰੀਦਕੋਟ ਮੈਡੀਕਲ ਕਾਲਜ ਵਿਖੇ ਮੌਤ ਹੋ ਗਈ।  ਜਿਸ ਸਬੰਧੀ ਥਾਣਾ ਮਮਦੋਟ ਦੀ ਪੁਲਸ ਨੇ ਹੱਤਿਆ ਦੇ ਦੋਸ਼ ਵਿਚ 8 ਜਣਿਆਂ ਖਿਲਾਫ ਮਾਮਲਾ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਲੜਾਈ ਵਿਚ ਮ੍ਰਿਤਕ ਭਤੀਜੇ ਸਮੇਤ ਦੋਵੇਂ ਪੁੱਤਰ ਵੀ ਜ਼ਖਮੀਂ ਹੋ ਗਏ ਸਨ।
ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਬਲਜਿੰਦਰ ਸਿੰਘ ਪੁੱਤਰ ਦਲੀਪ ਸਿੰਘ ਨੇ ਪੁਲਸ ਕੋਲ ਦਿੱਤੇ ਬਿਆਨਾਂ ਵਿਚ ਦੱਸਿਆ ਕਿ ਬੀਤੇ ਦਿਨੀਂ ਉਸ ਦਾ ਚਾਚਾ ਮੋਹਣ ਸਿੰਘ ਪੁੱਤਰ ਮੱਖਣ ਸਿੰਘ ਕਣਕ ਦੀ ਫਸਲ ਨੂੰ ਪਾਣੀ ਲਾਉਣ ਲਈ ਖੇਤ ਗਿਆ ਸੀ ਕਿ ਸਤਨਾਮ ਸਿੰਘ, ਹਰਬੰਸ ਸਿੰਘ, ਲਛਮਣ ਸਿੰਘ, ਗੁਰਮੀਤ ਸਿੰਘ, ਸੁਖਵਿੰਦਰ ਸਿੰਘ ਅਤੇ ਸੀਮਾ ਰਾਣੀ ਸਮੇਤ ਦੋ ਹੋਰ ਅਣਪਛਾਤੇ ਵਿਅਕਤੀਆਂ ਨੇ ਤਕਰਾਰਬਾਜ਼ੀ ਕਰਦਿਆਂ ਮੇਰੇ ਚਾਚੇ ਉਪਰ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਗੰਭੀਰ ਜ਼ਖਮੀ ਉਸ ਦੇ ਚਾਚੇ ਮੋਹਣ ਨੂੰ ਇਲਾਜ ਲਈ ਮਮਦੋਟ ਦੇ ਸਿਵਲ ਹਸਪਤਾਲ ਤੋਂ ਬਾਅਦ ਫਿਰੋਜ਼ਪੁਰ ਵਿਖੇ ਲਿਜਾਇਆ ਗਿਆ ਅਤੇ ਇਸ ਤੋਂ ਬਾਅਦ ਫਰੀਦਕੋਟ ਮੈਡੀਕਲ ਕਾਲਜ ਵਿਖੇ ਰੈਫਰ ਕੀਤਾ ਗਿਆ, ਜਿਥੇ ਉਸ ਦੀ ਅੱਜ ਮੌਤ ਹੋ ਗਈ।
ਥਾਣਾ ਮੁਖੀ ਐੱਸ. ਐੱਚ. ਓ. ਜਤਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੇ ਭਤੀਜੇ ਬਲਜਿੰਦਰ ਸਿੰਘ ਦੇ ਬਿਆਨਾਂ ਦੇ ਆਧਾਰ 'ਤੇ ਦਰਜ ਕੀਤੇ ਗਏ ਮੁਕੱਦਮੇ ਵਿਚ ਧਾਰਾ ਤਬਦੀਲ ਕਰ ਕੇ ਸਤਨਾਮ ਸਿੰਘ ਸੱਤੀ ਪੁੱਤਰ ਲਛਮਣ ਸਿੰਘ, ਹਰਬੰਸ ਸਿੰਘ ਤੇ ਲਛਮਣ ਸਿੰਘ ਪੁੱਤਰਾਨ ਲਾਭ ਸਿੰਘ, ਗੁਰਮੀਤ ਸਿੰਘ ਪੁੱਤਰ ਹਰਬੰਸ ਸਿੰਘ, ਸੁੱਖਵਿੰਦਰ ਸਿੰਘ ਪੁੱਤਰ ਜੰਗੀਰ ਸਿੰਘ, ਸੀਮਾ ਰਾਣੀ ਅਤੇ 2 ਅਣਪਛਾਤੇ ਵਿਅਕਤੀਆਂ ਸਮੇਤ ਅੱਠ ਜਣਿਆਂ ਖਿਲਾਫ ਹੱਤਿਆ ਦੀ ਧਾਰਾ 302 ਤਹਿਤ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।


Related News