ਰਾਤ ਵੇਲੇ ਨਸ਼ਾ ਤਸਕਰਾਂ ਦਾ ਕਾਰਾ, ਕਾਰ ਨਾਲ ਦਰੜੇ 3 ਨੌਜਵਾਨ, ਇਕ ਦੀ ਮੌਤ

Saturday, Aug 17, 2024 - 12:55 PM (IST)

ਰਾਤ ਵੇਲੇ ਨਸ਼ਾ ਤਸਕਰਾਂ ਦਾ ਕਾਰਾ, ਕਾਰ ਨਾਲ ਦਰੜੇ 3 ਨੌਜਵਾਨ, ਇਕ ਦੀ ਮੌਤ

ਮਾਛੀਵਾੜਾ ਸਾਹਿਬ (ਟੱਕਰ) : ਨੇੜਲੇ ਪਿੰਡ ਖੇੜਾ ਵਿਖੇ ਬੀਤੀ ਰਾਤ ਬੜੀ ਦਰਦਨਾਕ ਘਟਨਾ ਵਾਪਰੀ, ਜਿਸ 'ਚ ਨਸ਼ਾ ਤਸਕਰਾਂ ਨੇ ਮੋਟਰਸਾਈਕਲ ’ਤੇ ਜਾਂਦੇ 3 ਨੌਜਵਾਨਾਂ ਨੂੰ ਗੱਡੀ ਚੜ੍ਹਾ ਕੇ ਬੁਰੀ ਤਰ੍ਹਾਂ ਦਰੜ ਦਿੱਤਾ। ਇਨ੍ਹਾਂ ’ਚੋਂ ਕੁਲਵਿੰਦਰ ਸਿੰਘ ਨਾਂ ਦੇ ਨੌਜਵਾਨ ਦੀ ਮੌਤ ਹੋ ਗਈ, ਜਦੋਂ ਕਿ ਬਾਕੀ 2 ਨੌਜਵਾਨ ਸੋਹਣ ਸਿੰਘ ਅਤੇ ਮਨਮੋਹਣ ਸਿੰਘ ਜਖ਼ਮੀ ਹੋ ਗਏ। ਪ੍ਰਾਪਤ ਜਾਣਕਾਰੀ ਅਨੁਸਾਰ ਕੁਲਵਿੰਦਰ ਸਿੰਘ ਨੂੰ ਫੋਨ ਆਇਆ ਕਿ ਉਸ ਦੇ ਇੱਕ ਰਿਸ਼ਤੇਦਾਰ ਦੀ ਕਾਰ ਖ਼ਰਾਬ ਹੋ ਗਈ ਹੈ, ਜਿਸ ’ਤੇ ਉਹ ਆਪਣੇ ਮੋਟਰਸਾਈਕਲ ’ਤੇ ਸੋਹਣ ਸਿੰਘ ਤੇ ਮਨਮੋਹਣ ਸਿੰਘ ਨੂੰ ਨਾਲ ਲੈ ਕੇ ਪਿੰਡ ਚਕਲੀ ਮੰਗਾਂ ਵੱਲ ਨੂੰ ਚਲਾ ਗਿਆ।

ਇਹ ਵੀ ਪੜ੍ਹੋ : ਮਰੀਜ਼ਾਂ ਲਈ ਖ਼ਾਸ ਖ਼ਬਰ, ਅੱਜ ਪੂਰੀ ਤਰ੍ਹਾਂ ਬੰਦ ਰਹਿਣਗੀਆਂ OPD, ਸਿਰਫ ਐਮਰਜੈਂਸੀ ਸੇਵਾਵਾਂ ਰਹਿਣਗੀਆਂ ਚਾਲੂ

ਰਸਤੇ 'ਚ ਸਾਹਮਣੇ ਤੋਂ ਇੱਕ ਕਾਰ ’ਤੇ ਮੰਤਰੀ ਨਾਂ ਦਾ ਵਿਅਕਤੀ ਅਤੇ ਉਸਦਾ ਭਰਾ ਸੋਨੂੰ ਆ ਰਹੇ ਸਨ। ਉਨ੍ਹਾਂ ਨੇ ਇਨ੍ਹਾਂ ਨੌਜਵਾਨਾਂ ਦੇ ਮੋਟਰਸਾਈਕਲ 'ਚ ਕਾਰ ਨਾਲ ਜ਼ੋਰਦਾਰ ਟੱਕਰ ਮਾਰ ਦਿੱਤੀ। ਇਸ ਹਾਦਸੇ ਵਿਚ ਇਹ ਤਿੰਨੇਂ ਨੌਜਵਾਨ ਜਖ਼ਮੀ ਹੋ ਗਏ, ਜਦੋਂ ਕਿ ਕਾਰ ਚੜ੍ਹਾਉਣ ਵਾਲੇ ਵਿਅਕਤੀ ਮੌਕੇ ਤੋਂ ਫ਼ਰਾਰ ਹੋ ਗਏ। ਜਖ਼ਮੀ ਹਾਲਤ 'ਚ ਨੌਜਵਾਨਾਂ ਨੂੰ ਹਸਪਤਾਲ ਲਿਆਂਦਾ ਗਿਆ, ਜਿੱਥੇ ਕੁਲਵਿੰਦਰ ਸਿੰਘ ਨੂੰ ਡਾਕਟਰਾਂ ਨੇ ਮ੍ਰਿਤਕ ਐਲਾਨ ਦੇ ਦਿੱਤਾ। ਹਸਪਤਾਲ 'ਚ ਇਲਾਜ ਅਧੀਨ ਸੋਹਣ ਸਿੰਘ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਜਿਨ੍ਹਾਂ ਵਿਅਕਤੀਆਂ ਨੇ ਉਨ੍ਹਾਂ ’ਤੇ ਗੱਡੀ ਚੜ੍ਹਾਈ ਹੈ, ਉਹ ਨਸ਼ਾ ਵੇਚਣ ਅਤੇ ਕਰਨ ਦੇ ਆਦੀ ਹਨ।

ਇਹ ਵੀ ਪੜ੍ਹੋ : 'ਰੱਖੜੀ' ਮੌਕੇ ਔਰਤਾਂ ਨੂੰ ਵੱਡਾ ਤੋਹਫ਼ਾ, ਬੱਸਾਂ 'ਚ ਕਰ ਸਕਣਗੀਆਂ ਮੁਫ਼ਤ ਸਫ਼ਰ

ਮਾਛੀਵਾੜਾ ਪੁਲਸ ਥਾਣਾ 'ਚ ਮੰਤਰੀ ਨਾਂ ਦਾ ਵਿਅਕਤੀ, ਜੋ ਕਿ ਪਿੰਡ ਚਕਲੀ ਮੰਗਾਂ ਦਾ ਵਾਸੀ ਹੈ, ਉਸ 'ਤੇ ਨਸ਼ੇ ਦੇ ਮਾਮਲੇ ਵੀ ਦਰਜ ਹਨ। ਇਸ ਤੋਂ ਇਲਾਵਾ ਮ੍ਰਿਤਕ ਕੁਲਵਿੰਦਰ ਸਿੰਘ ਵਿਆਹਿਆ ਹੋਇਆ ਸੀ, ਜੋ ਕਿ 2 ਬੱਚਿਆਂ ਦਾ ਪਿਤਾ ਹੈ ਅਤੇ ਸਮਰਾਲਾ ਵਿਖੇ ਇੱਕ ਪ੍ਰਾਈਵੇਟ ਬੈਂਕ ਦਾ ਮੈਨੇਜਰ ਸੀ। ਪੁਲਸ ਵਲੋਂ ਕੁਲਵਿੰਦਰ ਸਿੰਘ ਦੀ ਲਾਸ਼ ਨੂੰ ਪੋਸਟਮਾਰਟਮ ਲਈ ਭਿਜਵਾ ਦਿੱਤਾ ਹੈ ਅਤੇ ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕਰ ਕਾਨੂੰਨੀ ਕਾਰਵਾਈ ਆਰੰਭ ਕਰ ਦਿੱਤੀ ਹੈ, ਜਦੋਂ ਕਿ ਹਾਦਸੇ 'ਚ ਜ਼ਖ਼ਮੀ 2 ਵਿਅਕਤੀਆਂ ਨੂੰ ਪੀ. ਜੀ. ਆਈ. ਰੈਫ਼ਰ ਕਰ ਦਿੱਤਾ ਗਿਆ ਹੈ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਉਕਤ ਨੌਜਵਾਨਾਂ ਨੂੰ ਮੰਤਰੀ ਅਤੇ ਉਸਦੇ ਭਰਾ ਨੇ ਰੰਜਿਸ਼ ਕਾਰਨ ਗੱਡੀ ਨਾਲ ਦਰੜਿਆ ਹੈ ਕਿਉਂਕਿ ਉਹ ਉਨ੍ਹਾਂ ਨੂੰ ਨਸ਼ਾ ਵੇਚਣ ਤੋਂ ਰੋਕਦੇ ਸਨ।

ਭੜਕੇ ਪਿੰਡ ਵਾਸੀਆਂ ਨੇ ਨਸ਼ਾ ਤਸਕਰਾਂ ਖ਼ਿਲਾਫ਼ ਸਖ਼ਤ ਕਾਰਵਾਈ ਲਈ ਲਗਾਇਆ ਧਰਨਾ

ਮ੍ਰਿਤਕ ਕੁਲਵਿੰਦਰ ਸਿੰਘ ਦੇ ਪਰਿਵਾਰਕ ਮੈਂਬਰਾਂ ਅਤੇ ਪਿੰਡ ਵਾਸੀਆਂ ਨੇ ਨਸ਼ਾ ਤਸਕਰਾਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਲਈ ਮਾਛੀਵਾੜਾ ਥਾਣੇ ਦੇ ਬਾਹਰ ਧਰਨਾ ਲਗਾ ਦਿੱਤਾ ਅਤੇ ਅੱਤ ਦੀ ਗਰਮੀ ਵਿਚ ਉਹ ਕਰੀਬ 2 ਘੰਟੇ ਸੜਕ ਜਾਮ ਕਰਕੇ ਬੈਠੇ ਰਹੇ। ਪਰਿਵਾਰਕ ਮੈਂਬਰਾਂ ਨੇ ਮੰਗ ਕੀਤੀ ਕਿ ਉਨ੍ਹਾਂ ਦੇ ਪੁੱਤਰ ਕੁਲਵਿੰਦਰ ਸਿੰਘ ਦਾ ਕਤਲ ਕੀਤਾ ਗਿਆ ਹੈ ਅਤੇ ਇਹ ਨਸ਼ਾ ਤਸਕਰ ਬੇਖ਼ੌਫ਼ ਹੋ ਕੇ ਘੁੰਮਦੇ ਹਨ ਅਤੇ ਪੰਜਾਬ ਦੀ ਜਵਾਨੀ ਨੂੰ ਤਬਾਹ ਕਰ ਰਹੇ ਹਨ। ਮੌਕੇ ’ਤੇ ਹਲਕਾ ਸਮਰਾਲਾ ਦੇ ਵਿਧਾਇਕ ਜਗਤਾਰ ਸਿੰਘ ਦਿਆਲਪੁਰਾ, ਅਕਾਲੀ ਆਗੂ ਪਰਮਜੀਤ ਸਿੰਘ ਢਿੱਲੋਂ, ਡੀ. ਐੱਸ. ਪੀ. ਸਮਰਾਲਾ ਤਰਲੋਚਨ ਸਿੰਘ, ਜੱਥੇਦਾਰ ਮਨਮੋਹਣ ਸਿੰਘ ਖੇੜਾ, ਸਾਬਕਾ ਪ੍ਰਧਾਨ ਹਰਜਿੰਦਰ ਸਿੰਘ ਖੇੜਾ, ਬਲਾਕ ਸੰਮਤੀ ਮੈਂਬਰ ਹਰਜੋਤ ਸਿੰਘ ਮਾਂਗਟ ਵੀ ਪੁੱਜੇ, ਜਿਨ੍ਹਾਂ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ।

PunjabKesari

ਵਿਧਾਇਕ ਦਿਆਲਪੁਰਾ ਨੇ ਪੁਲਸ ਨੂੰ ਕਿਹਾ ਕਿ ਨਸ਼ਾ ਤਸਕਰਾਂ ਖ਼ਿਲਾਫ਼ ਸਖ਼ਤ ਕਾਰਵਾਈ ਕਰ ਪਰਿਵਾਰ ਨੂੰ ਇਨਸਾਫ਼ ਦਿਵਾਇਆ ਜਾਵੇ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪਰਮਜੀਤ ਸਿੰਘ ਢਿੱਲੋਂ ਨੇ ਕਿਹਾ ਕਿ ਪੰਜਾਬ ਵਿਚ ਵੱਧਦਾ ਨਸ਼ਾ ਬਹੁਤ ਵੱਡੀ ਚਿੰਤਾ ਦਾ ਵਿਸ਼ਾ ਹੈ ਅਤੇ ਅੱਜ ਇਨ੍ਹਾਂ ਨਸ਼ਾ ਤਸਕਰਾਂ ਕਾਰਨ ਹੀ ਪਿੰਡ ਖੇਡ਼ਾ ਦਾ ਨੌਜਵਾਨ ਕੁਲਵਿੰਦਰ ਸਿੰਘ ਮੌਤ ਦੇ ਮੂੰਹ ਵਿਚ ਜਾ ਪਿਆ। ਉਨ੍ਹਾਂ ਕਿਹਾ ਕਿ ਪਰਿਵਾਰ ਨੂੰ ਇਨਸਾਫ਼ ਦਿਵਾਇਆ ਜਾਵੇ ਅਤੇ ਨਸ਼ਾ ਤਸਕਰਾਂ ਨੂੰ ਤੁਰੰਤ ਗ੍ਰਿਫ਼ਤਾਰ ਕੀਤਾ ਜਾਵੇ। ਡੀ. ਐੱਸ. ਪੀ. ਤਰਲੋਚਨ ਸਿੰਘ ਨੇ ਧਰਨੇ ’ਤੇ ਬੈਠੇ ਪਿੰਡ ਵਾਸੀਆਂ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਇਸ ਘਟਨਾ ਨੂੰ ਅੰਜਾਮ ਦੇਣ ਵਾਲੇ ਨਸ਼ਾ ਤਸਕਰਾਂ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕਰਨਗੇ ਅਤੇ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਵੇਗਾ। ਉਨ੍ਹਾਂ ਕਿਹਾ ਕਿ ਪਰਿਵਾਰਕ ਮੈਂਬਰ ਆਪਣੇ ਬਿਆਨ ਦਰਜ ਕਰਵਾਉਣ ਅਤੇ ਸਖ਼ਤ ਧਾਰਾਵਾਂ ਤਹਿਤ ਮਾਮਲੇ ਵਿਚ ਜੋ ਵੀ ਦੋਸ਼ੀ ਹਨ ਉਨ੍ਹਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8

 

 


author

Babita

Content Editor

Related News