ਮਜ਼ਦੂਰੀ ਕਰਨ ਗਿਆ ਨੌਜਵਾਨ ਘਰ ਨਹੀਂ ਪਰਤਿਆ, 3 ਖਿਲਾਫ ਕਤਲ ਦਾ ਮਾਮਲਾ ਦਰਜ
Tuesday, Jul 18, 2017 - 04:36 PM (IST)

ਤਰਨਤਾਰਨ(ਰਾਜੂ)-ਤਰਨਤਾਰਨ 'ਚ ਮਜ਼ਦੂਰੀ ਕਰਨ ਗਏ ਇਕ ਨੌਜਵਾਨ ਦੇ ਘਰ ਨਾ ਆਉਂਣ ਦੀ ਸੂਚਨਾ ਮਿਲੀ ਹੈ।
ਸੂਤਰਾਂ ਅਨੁਸਾਰ ਥਾਣਾ ਸਦਰ ਦੀ ਪੁਲਸ ਨੂੰ ਦਰਜ ਕਰਵਾਏ ਬਿਆਨਾਂ ਵਿਚ ਨਿੰਦਰ ਸਿੰਘ ਪੁੱਤਰ ਕਰਨੈਲ ਸਿੰਘ ਵਾਸੀ ਕੋਟ ਜਸਪਤ ਜ਼ਿਲ੍ਹਾ ਤਰਨਤਾਰਨ ਨੇ ਦੱਸਿਆ ਕਿ 3 ਦਸੰਬਰ ਨੂੰ ਸਵੇਰੇ 7 ਵਜੇ ਕੁਲਦੀਪ ਸਿੰਘ ਪੁੱਤਰ ਗੁਰਦਿਆਲ ਸਿੰਘ ਵਾਸੀ ਕੋਟ ਜਸਪਤ, ਸੁਖਦੇਵ ਸਿੰਘ ਪੁੱਤਰ ਗੁਰਦਿਆਲ ਸਿੰਘ ਵਾਸੀ ਕੋਟ ਜਸਪਤ ਤੇ ਬਲਜਿੰਦਰ ਸਿੰਘ ਉਰਫ ਗੱਗੂ ਪੁੱਤਰ ਸਰਬਜੀਤ ਸਿੰਘ ਵਾਸੀ ਕੋਟ ਜਸਪਤ ਉਸ ਦੇ ਘਰ ਆਏ ਤੇ ਕਹਿਣ ਲੱਗੇ ਕਿ ਉਨ੍ਹਾਂ ਆਪਣੇ ਘਰ ਮਿੱਟੀ ਪਾਉਣੀ ਹੈ ਤੇ ਉਹ ਉਸ ਦੇ ਲੜਕੇ ਜਗਰੂਪ ਸਿੰਘ ਉਰਫ ਮੋਟਾ ਨੂੰ ਦਿਹਾੜੀ 'ਤੇ ਲੈ ਗਏ।
ਦਿਹਾੜੀ ਖਤਮ ਹੋਣ ਤੋਂ ਬਾਅਦ ਉਸ ਦਾ ਲੜਕਾ ਘਰ ਵਾਪਸ ਨਹੀਂ ਆਇਆ, ਫਿਰ ਉਹ ਉਕਤ ਵਿਅਕਤੀਆਂ ਦੇ ਘਰ ਗਿਆ ਤੇ ਜਦੋਂ ਉਸ ਨੇ ਆਪਣੇ ਲੜਕੇ ਬਾਰੇ ਪੁੱਛਿਆ ਤਾਂ ਉਨ੍ਹਾਂ ਕਿਹਾ ਕਿ ਲੜਕਾ ਤਾਂ ਚਲਾ ਗਿਆ ਹੈ ਪਰ ਉਸ ਵੱਲੋਂ ਦੁਬਾਰਾ ਪੁੱਛਣ 'ਤੇ ਉਕਤ ਵਿਅਕਤੀਆਂ ਨੇ ਉਸ ਨੂੰ ਠੋਸ ਜਵਾਬ ਨਾ ਦਿੱਤਾ। ਇਕ ਦਿਨ ਕੁਲਦੀਪ ਸਿੰਘ ਨੇ ਉਸ ਦੀ ਪਤਨੀ ਨੂੰ ਕਿਹਾ ਕਿ ਉਹ ਆਪਣੇ ਲੜਕੇ ਨੂੰ ਨਾ ਉਡੀਕੇ ਹੁਣ ਤਾਂ ਉਸ ਦੀਆਂ ਹੱਡੀਆਂ ਵੀ ਗਲ ਗਈਆਂ ਹੋਣਗੀਆਂ। ਇਹ ਸੁਣ ਕੇ ਉਸਦੇ ਹੋਸ਼ ਉਡ ਗਏ ਅਤੇ ਉਸ ਨੇ ਇਸ ਘਟਨਾ ਦੀ ਸੂਚਨਾ ਪੁਲਸ ਨੂੰ ਦਿੱਤੀ। ਪਰਿਵਾਰ ਮੈਂਬਰਾਂ ਨੇ ਬਿਆਨਾ ਦੇ ਆਧਾਰ 'ਤੇ ਪੁਲਸ ਨੇ ਉਕਤ 3 ਦੋਸ਼ੀਆਂ ਖਿਲਾਫ ਕਤਲ ਦਾ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।