ਖੰਨਾ ਤੋਂ ਦਰਦਨਾਕ ਘਟਨਾ : ਨੌਜਵਾਨਾਂ ਨੂੰ ਛੱਤ 'ਤੇ ਮਸਤੀ ਕਰਨੀ ਪਈ ਮਹਿੰਗੀ, ਕਰੰਟ ਲੱਗਣ ਕਾਰਨ ਇਕ ਦੀ ਮੌਤ
Wednesday, Mar 29, 2023 - 01:51 PM (IST)
ਖੰਨਾ (ਵਿਪਨ) : ਖੰਨਾ ਦੇ ਪਿੰਡ ਮਾਜਰੀ ਵਿਖੇ ਮਜ਼ਦੂਰੀ ਦੌਰਾਨ 2 ਨੌਜਵਾਨਾਂ ਨੂੰ ਛੱਤ 'ਤੇ ਮਸਤੀ ਕਰਨਾ ਮਹਿੰਗਾ ਪਿਆ। ਮਸਤੀ ਦੌਰਾਨ ਇੱਕ ਨੌਜਵਾਨ ਨੇ ਕੋਲੋਂ ਲੰਘ ਰਹੀਆਂ ਹਾਈਵੋਲਟੇਜ ਤਾਰਾਂ ਨੂੰ ਉਂਗਲੀ ਲਾ ਦਿੱਤੀ। ਇਸ ਮਗਰੋਂ ਕਰੰਟ ਲੱਗਣ ਨਾਲ ਉਸ ਦੀ ਮੌਤ ਹੋ ਗਈ। ਮ੍ਰਿਤਕ ਜਨਪ੍ਰੀਤ ਸਿੰਘ (22) ਪਿੰਡ ਸਲਾਣਾ ਦਾ ਰਹਿਣ ਵਾਲਾ ਸੀ ਅਤੇ ਪਹਿਲੇ ਦਿਨ ਹੀ ਕੰਮ ਕਰਨ ਆਇਆ ਸੀ। ਮਕਾਨ ਮਾਲਕਣ ਮੰਜੂ ਨੇ ਦੱਸਿਆ ਕਿ ਉਨ੍ਹਾਂ ਦੀ ਛੱਤ ਉਪਰੋਂ ਹਾਈਵੋਲਟੇਜ ਤਾਰਾਂ ਨਿਕਲਦੀਆਂ ਹਨ।
ਇਹ ਵੀ ਪੜ੍ਹੋ : ਭਾਰਤ 'ਚ ਗਿਆਨੀ ਹਰਪ੍ਰੀਤ ਸਿੰਘ ਦਾ ਟਵੀਟ ਬੈਨ ਹੋਣ 'ਤੇ ਸੁਖਬੀਰ ਬਾਦਲ ਦੀ ਤਿੱਖੀ ਪ੍ਰਤੀਕਿਰਿਆ
ਇਨ੍ਹਾਂ ਤਾਰਾਂ ਤੋਂ ਬਚਣ ਲਈ ਉਹ ਛੱਤ ਉੱਪਰ ਕੰਧ ਬਣਾ ਰਹੇ ਸਨ, ਜਿਸ ਦੇ ਲਈ ਤਿੰਨ ਦਿਨਾਂ ਤੋਂ ਰਾਜ ਮਿਸਤਰੀ ਕੋਲ ਲੇਬਰ ਨਹੀਂ ਸੀ। ਅੱਜ ਮਿਸਤਰੀ ਨੇ 2 ਨੌਜਵਾਨ ਬੁਲਾਏ ਸੀ, ਜੋ ਕੰਮ ਦੌਰਾਨ ਛੱਤ 'ਤੇ ਮਸਤੀ ਕਰਨ ਲੱਗੇ। ਉਸ ਨੇ ਇਨ੍ਹਾਂ ਨੂੰ ਰੋਕਿਆ ਕਿ ਅਜਿਹਾ ਨਾ ਕਰੋ, ਕੋਲੋਂ ਤਾਰਾਂ ਲੰਘ ਰਹੀਆਂ ਹਨ ਪਰ ਨੌਜਵਾਨ ਨਾ ਹਟੇ। ਇੱਕ ਨੌਜਵਾਨ ਨੇ ਤਾਰਾਂ ਨੂੰ ਉਂਗਲੀ ਲਾ ਦਿੱਤੀ ਅਤੇ ਝਟਕੇ ਨਾਲ ਉਸ ਦੀ ਮੌਤ ਹੋ ਗਈ।
ਇਹ ਵੀ ਪੜ੍ਹੋ : CM ਮਾਨ ਨੇ ਨਵੇਂ ਨਿਯੁਕਤ ਕਲਰਕਾਂ ਨੂੰ ਵੰਡੇ ਨਿਯੁਕਤੀ ਪੱਤਰ, ਬੋਲੇ-ਰੁਜ਼ਗਾਰ ਦੇਣਾ ਪਹਿਲਾ ਟੀਚਾ
ਦੂਜੇ ਪਾਸੇ ਮ੍ਰਿਤਕ ਜਨਪ੍ਰੀਤ ਦੇ ਨਾਲ ਕੰਮ ਕਰਨ ਵਾਲੇ ਨੌਜਵਾਨ ਨੇ ਕਿਹਾ ਕਿ ਅਚਾਨਕ ਬਾਹਾਂ ਉੱਪਰ ਚੁੱਕਣ ਕਰਕੇ ਹੱਥ ਤਾਰਾਂ ਨੂੰ ਲੱਗਿਆ, ਜਿਸ ਨਾਲ ਮੌਤ ਹੋ ਗਈ। ਸਰਕਾਰੀ ਹਸਪਤਾਲ ਵਿਖੇ ਐਮਰਜੈਂਸੀ ਡਿਉਟੀ 'ਤੇ ਤਾਇਨਾਤ ਡਾ. ਫਰੈਂਕੀ ਨੇ ਦੱਸਿਆ ਕਿ ਹਸਪਤਾਲ ਪੁੱਜਣ ਤੱਕ ਨੌਜਵਾਨ ਦੀ ਮੌਤ ਹੋ ਚੁੱਕੀ ਸੀ। ਮੌਤ ਕਰੰਟ ਲੱਗਣ ਨਾਲ ਹੋਈ ਹੈ। ਇਸ ਬਾਰੇ ਪੁਲਸ ਨੂੰ ਵੀ ਸੂਚਿਤ ਕਰ ਦਿੱਤਾ ਗਿਆ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ