ਤੇਜ਼ ਰਫ਼ਤਾਰ ਕਾਰ ਦੀ ਟੱਕਰ ਕਾਰਨ ਮੋਟਰਸਾਈਕਲ ਸਵਾਰ ਦੀ ਮੌਤ
Saturday, Jul 13, 2024 - 02:45 PM (IST)

ਚੰਡੀਗੜ੍ਹ (ਪ੍ਰੀਕਸ਼ਿਤ) : ਸੈਕਟਰ-39 ਥਾਣਾ ਖੇਤਰ ਦੇ ਬਡਹੇੜੀ ਨੇੜੇ ਤੇਜ਼ ਰਫ਼ਤਾਰ ਅਰਟਿਗਾ ਕਾਰ ਦੀ ਲਪੇਟ ’ਚ ਆਉਣ ਨਾਲ ਮੋਟਰਸਾਈਕਲ ਸਵਾਰ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਅਭਿਸ਼ੇਸ਼ (26) ਵਾਸੀ ਕਾਂਗੜਾ ਵਜੋਂ ਹੋਈ ਹੈ, ਜੋ ਇਮੀਗ੍ਰੇਸ਼ਨ ਕੰਪਨੀ ’ਚ ਕੰਮ ਕਰਦਾ ਸੀ। ਉਸ ਦੇ ਦੋਸਤ ਮਨੀਸ਼ ਦੀ ਸ਼ਿਕਾਇਤ ’ਤੇ ਸੈਕਟਰ-39 ਥਾਣਾ ਪੁਲਸ ਨੇ ਮੁਲਜ਼ਮ ਖ਼ੁਸ਼ਵਿੰਦਰ ਪਾਲ ਸਿੰਘ (41) ਵਾਸੀ ਬਠਿੰਡਾ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।
ਪੁਲਸ ਨੇ ਮੁਲਜ਼ਮ ਡਰਾਈਵਰ ਖ਼ੁਸ਼ਵਿੰਦਰ ਨੂੰ ਗ੍ਰਿਫ਼ਤਾਰ ਕਰ ਕੇ ਜ਼ਮਾਨਤ ’ਤੇ ਰਿਹਾਅ ਕਰ ਦਿੱਤਾ ਹੈ। ਸ਼ਿਕਾਇਤ ’ਚ ਮਨੀਸ਼ ਨੇ ਦੱਸਿਆ ਕਿ ਉਹ ਅਭਿਸ਼ੇਸ਼ ਨਾਲ ਮੋਟਰਸਾਈਕਲ ’ਤੇ ਜਾ ਰਿਹਾ ਸੀ। ਬਡਹੇੜੀ ਬੈਰੀਅਰ ਨੇੜੇ ਤੇਜ਼ ਰਫ਼ਤਾਰ ਕਾਰ ਚਾਲਕ ਨੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ। ਕਾਰ ਚਾਲਕ ਲਾਪਰਵਾਹੀ ਨਾਲ ਗੱਡੀ ਚਲਾ ਰਿਹਾ ਸੀ। ਹਾਦਸੇ ’ਚ ਅਭਿਸ਼ੇਸ਼ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਿਆ। ਹਾਲਾਂਕਿ, ਖ਼ੁਸ਼ਵਿੰਦਰ ਹੀ ਉਸ ਨੂੰ ਆਪਣੀ ਕਾਰ ’ਚ ਮੋਹਾਲੀ ਦੇ ਮੈਕਸ ਹਸਪਤਾਲ ਲੈ ਗਿਆ। ਉੱਥੇ ਇਲਾਜ ਦੌਰਾਨ ਅਭਿਸ਼ੇਸ਼ ਦੀ ਮੌਤ ਹੋ ਗਈ।