ਦੁਖ਼ਦ ਖ਼ਬਰ : ਰੁਜ਼ਗਾਰ ਲਈ ਵਿਦੇਸ਼ ਗਏ 22 ਸਾਲਾ ਨੌਜਵਾਨ ਦੀ 14ਵੀਂ ਮੰਜ਼ਿਲ ਤੋਂ ਡਿਗਣ ਕਾਰਨ ਮੌਤ

Thursday, Apr 21, 2022 - 09:34 AM (IST)

ਦੁਖ਼ਦ ਖ਼ਬਰ : ਰੁਜ਼ਗਾਰ ਲਈ ਵਿਦੇਸ਼ ਗਏ 22 ਸਾਲਾ ਨੌਜਵਾਨ ਦੀ 14ਵੀਂ ਮੰਜ਼ਿਲ ਤੋਂ ਡਿਗਣ ਕਾਰਨ ਮੌਤ

ਟਾਂਡਾ ਉੜਮੁੜ (ਪਰਮਜੀਤ ਸਿੰਘ ਮੋਮੀ, ਜਸਵਿੰਦਰ, ਪੰਡਿਤ) : ਘਰ ਦੀ ਗ਼ਰੀਬੀ ਅਤੇ ਲੋੜਾਂ ਦੀ ਪੂਰਤੀ ਲਈ ਪੁਰਤਗਾਲ ਜਾਣ ਵਾਸਤੇ ਵਿਦੇਸ਼ ਗਏ ਪਿੰਡ ਮੂਨਕ ਕਲਾਂ( ਟਾਂਡਾ, ਹੁਸ਼ਿਆਰਪੁਰ) ਦੇ ਨੌਜਵਾਨ 22 ਸਾਲਾ ਨੌਜਵਾਨ ਦੀ ਦੁਬਈ ਵਿੱਚ ਇਕ ਹਾਦਸੇ ਦੌਰਾਨ ਦਰਦਨਾਕ ਮੌਤ ਹੋਣ ਦੀ ਖ਼ਬਰ ਪ੍ਰਾਪਤ ਹੋਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਰਬੱਤ ਦਾ ਭਲਾ ਟਰੱਸਟ ਮੂਨਕ ਕਲਾਂ ਦੇ ਸੇਵਾਦਾਰ ਜੱਥੇਦਾਰ ਦਵਿੰਦਰ ਸਿੰਘ ਮੂਨਕਾਂ ਨੇ ਦੱਸਿਆ ਕਿ ਟਰੱਸਟ ਦਾ ਵਾਲੰਟੀਅਰ ਰਿਹਾ ਗੁਰਪ੍ਰੀਤ ਸਿੰਘ ਪੁੱਤਰ ਸਵ. ਗੁਰਚਰਨ ਸਿੰਘ ਅੱਜ ਤੋਂ ਕੁੱਝ ਦਿਨ ਪਹਿਲਾਂ ਹੀ 06 ਮਾਰਚ ਨੂੰ  ਪੁਰਤਗਾਲ ਜਾਣ ਵਾਸਤੇ ਦੁਬਈ ਦੇ ਇਕ ਹੋਟਲ ਵਿਚ ਠਹਿਰਿਆ ਹੋਇਆ ਸੀ।

ਇਹ ਵੀ ਪੜ੍ਹੋ : ਲੁਧਿਆਣਾ 'ਚ ਦਰਦਨਾਕ ਹਾਦਸਾ, ਝੁੱਗੀ 'ਚ ਅੱਗ ਲੱਗਣ ਕਾਰਨ ਇੱਕੋ ਪਰਿਵਾਰ ਦੇ 7 ਲੋਕ ਜ਼ਿੰਦਾ ਸੜੇ

ਬੀਤੀ 10 ਅਪ੍ਰੈਲ ਨੂੰ ਅਚਾਨਕ ਹੀ ਇਕ ਹਾਦਸੇ ਦੌਰਾਨ ਗੁਰਪ੍ਰੀਤ ਸਿੰਘ ਦੁਬਈ ਦੇ ਇਕ ਹੋਟਲ ਦੀ 14ਵੀਂ ਮੰਜ਼ਿਲ ਤੋਂ ਅੱਠਵੀਂ ਮੰਜ਼ਿਲ 'ਤੇ ਆ ਡਿੱਗਿਆ ਅਤੇ  ਮੰਦਭਾਗੀ ਘਟਨਾ ਵਿੱਚ ਉਸ ਦੀ ਦੁਖਦਾਇਕ ਮੌਤ ਹੋ ਗਈ। ਜੱਥੇਦਾਰ ਦਵਿੰਦਰ ਸਿੰਘ ਮੂਨਕਾਂ ਨੇ ਹੋਰ ਦੱਸਿਆ ਕਿ ਮ੍ਰਿਤਕ ਗੁਰਪ੍ਰੀਤ ਸਿੰਘ ਸਰਬੱਤ ਦਾ ਭਲਾ ਸੋਸਾਇਟੀ ਮੂਨਕ ਕਲਾਂ ਦਾ ਸਰਗਰਮ ਵਾਲੰਟੀਅਰ ਸੀ ਅਤੇ ਦਿੱਲੀ ਕਿਸਾਨ ਮੋਰਚੇ ਦੌਰਾਨ ਉਸ ਦੀ ਅਹਿਮ ਭੂਮਿਕਾ ਰਹੀ ਸੀ। ਇਸ ਮੋਰਚੇ ਵਿਚ ਉਸਨੇ ਵੱਧ-ਚੜ੍ਹ ਕੇ ਸੇਵਾ ਕੀਤੀ ਸੀ। ਉਨ੍ਹਾਂ ਹੋਰ ਦੱਸਿਆ ਕਿ ਗੁਰਪ੍ਰੀਤ ਸਿੰਘ ਦੀ ਮ੍ਰਿਤਕ ਦੇਹ ਭਾਰਤ ਲਿਆਉਣ ਵਿੱਚ ਸਰਬੱਤ ਦਾ ਭਲਾ ਸੋਸਾਇਟੀ ਦੇ ਮੁਖੀ ਐੱਸ.ਪੀ ਸਿੰਘ ਓਬਰਾਏ ਦੀ ਵਿਸ਼ੇਸ਼ ਭੂਮਿਕਾ ਰਹੀ ਅਤੇ ਉਨ੍ਹਾਂ ਨੇ ਮ੍ਰਿਤਕ ਦੇਹ ਭਾਰਤ ਲਿਆਉਣ ਵਿੱਚ ਪਿੰਡ ਵਾਸੀਆਂ 'ਤੇ ਪਰਿਵਾਰ ਦੀ ਬਹੁਤ ਮਦਦ ਕੀਤੀ।

ਇਹ ਵੀ ਪੜ੍ਹੋ : ਸੰਗਰੂਰ ਦੇ ਇਸ ਪਿੰਡ ਦੀ ਪੰਚਾਇਤ ਨੇ ਕਰ ਦਿਖਾਇਆ ਕਮਾਲ, 24 ਅਪ੍ਰੈਲ ਨੂੰ PM ਮੋਦੀ ਦੇਣਗੇ ਐਵਾਰਡ

ਇਸ ਸਬੰਧੀ ਹਲਕਾ ਵਿਧਾਇਕ ਜਸਵੀਰ ਸਿੰਘ ਰਾਜਾ, ਸਰਬੱਤ ਦਾ ਭਲਾ ਮੂਨਕ ਕਲਾਂ ਸੋਸਾਇਟੀ ਦੇ ਪ੍ਰਧਾਨ ਸਰਪੰਚ ਗੁਰਵਿੰਦਰ ਸਿੰਘ ਗੋਲਡੀ, ਸਮਾਜ ਸੇਵੀ ਮਨਜੋਤ ਸਿੰਘ ਤਲਵੰਡੀ, ਪਰਦੀਪ ਸਿੰਘ ਮੂਨਕਾਂ ਅਤੇ ਗ੍ਰਾਮ ਪੰਚਾਇਤ ਮੂਨਕ ਕਲਾਂ ਦੇ ਵਾਸੀਆਂ ਨੇ ਐੱਸ. ਪੀ. ਓਬਰਾਏ ਸਿੰਘ ਦਾ ਵਿਸ਼ੇਸ਼ ਧੰਨਵਾਦ ਕੀਤਾ ਹੈ ।ਉਨ੍ਹਾਂ ਹੋਰ ਦੱਸਿਆ ਕਿ ਮ੍ਰਿਤਕ ਗੁਰਪ੍ਰੀਤ ਸਿੰਘ ਦੀ ਮ੍ਰਿਤਕ ਦੇਹ ਥੋੜ੍ਹੀ ਦੇਰ ਵਿਚ ਅੰਮ੍ਰਿਤਸਰ ਏਅਰਪੋਰਟ 'ਤੇ ਪਹੁੰਚੇਗੀ। ਉਸ ਉਪਰੰਤ 22 ਅਪ੍ਰੈਲ ਨੂੰ ਮੂਨਕ ਕਲਾਂ ਦੇ ਸ਼ਮਸ਼ਾਨਘਾਟ ਵਿਖੇ ਅੰਤਿਮ ਸੰਸਕਾਰ ਕੀਤਾ ਜਾਵੇਗਾl ਇੱਥੇ ਇਹ ਵੀ ਦੱਸਣਯੋਗ ਹੈ ਕਿ ਮ੍ਰਿਤਕ ਗੁਰਪ੍ਰੀਤ ਸਿੰਘ ਦੇ ਮਾਤਾ-ਪਿਤਾ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ ਅਤੇ ਇਸ ਦੇ ਪਰਿਵਾਰ ਵਿਚ ਇਕ ਬਜ਼ੁਰਗ ਦਾਦਾ ਜੀ ਹਨ। ਗੁਰਪ੍ਰੀਤ ਸਿੰਘ ਦੀ ਦੁਖਦਾਇਕ ਮੌਤ ਤੇ ਪਿੰਡ ਮੂਨਕ ਕਲਾਂ ਅਤੇ ਇਲਾਕੇ ਵਿਚ ਸੋਗ ਦੀ ਲਹਿਰ ਹੈl 
 ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

Babita

Content Editor

Related News