ਯੂਥ ਕਾਂਗਰਸ ਨੇ ਫੂਕਿਆ ਮੋਹਣ ਭਾਗਵਤ ਦਾ ਪੁਤਲਾ
Sunday, Feb 18, 2018 - 03:26 AM (IST)

ਹੁਸ਼ਿਆਰਪੁਰ, (ਘੁੰਮਣ)- ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਕਰ ਰਹੀ ਭਾਰਤੀ ਸੈਨਾ ਦੇ ਖਿਲਾਫ਼ ਵਿਵਾਦਗ੍ਰਸਤ ਟਿੱਪਣੀ ਦੇ ਵਿਰੋਧ 'ਚ ਅੱਜ ਇਥੇ ਯੂਥ ਕਾਂਗਰਸ ਦੇ ਵਰਕਰਾਂ ਨੇ ਲੋਕ ਸਭਾ ਹਲਕਾ ਹੁਸ਼ਿਆਰਪੁਰ ਯੂਥ ਕਾਂਗਰਸ ਦੇ ਪ੍ਰਧਾਨ ਐਡਵੋਕੇਟ ਰੋਹਿਤ ਜੋਸ਼ੀ ਦੀ ਅਗਵਾਈ 'ਚ ਮਾਹਿਲਪੁਰ ਅੱਡਾ ਚੌਕ ਵਿਖੇ ਰਾਸ਼ਟਰੀ ਸਵੈ ਸੇਵਕ ਸੰਘ ਦੇ ਪ੍ਰਮੁੱਖ ਮੋਹਣ ਭਾਗਵਤ ਦੇ ਖਿਲਾਫ਼ ਪੁਤਲਾ ਫੂਕ ਪ੍ਰਦਰਸ਼ਨ ਕੀਤਾ। ਪ੍ਰਦਰਸ਼ਨਕਾਰੀਆਂ ਨੇ ਭਾਗਵਤ ਤੇ ਮੋਦੀ ਸਰਕਾਰ ਦੇ ਖਿਲਾਫ਼ ਜ਼ਬਰਦਸਤ ਨਾਅਰੇਬਾਜ਼ੀ ਵੀ ਕੀਤੀ।
ਇਸ ਮੌਕੇ ਰੋਹਿਤ ਜੋਸ਼ੀ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਦੇਸ਼ ਦੀ ਰੱਖਿਆ ਵਿਚ ਸ਼ਲਾਘਾਯੋਗ ਕੰਮ ਕਰ ਰਹੀ ਭਾਰਤੀ ਸੈਨਾ ਦੇ ਖਿਲਾਫ਼ ਇਸ ਤਰ੍ਹਾਂ ਦੀ ਟਿੱਪਣੀ ਕਰਨ ਲਈ ਮੋਹਣ ਭਾਗਵਤ ਦੇਸ਼ ਦੀ ਫੌਜ ਤੇ ਲੋਕਾਂ ਕੋਲੋਂ ਸਾਂਝੇ ਤੌਰ 'ਤੇ ਮੁਆਫ਼ੀ ਮੰਗੇ। ਉਨ੍ਹਾਂ ਦੋਸ਼ ਲਾਇਆ ਕਿ ਆਰ. ਐੱਸ. ਐੱਸ. ਤੇ ਮੋਦੀ ਸਰਕਾਰ ਦੇਸ਼ ਦਾ ਮਾਹੌਲ ਖਰਾਬ ਕਰਨ 'ਚ ਲੱਗੇ ਹੋਏ ਹਨ। ਦੇਸ਼ ਦੇ ਲੋਕ ਤੇ ਯੂਥ ਕਾਂਗਰਸ ਇਨ੍ਹਾਂ ਦੇ ਮਨਸੂਬਿਆਂ ਨੂੰ ਕਿਸੇ ਵੀ ਕੀਮਤ 'ਤੇ ਸਫ਼ਲ ਨਹੀਂ ਹੋਣ ਦੇਣਗੇ ਅਤੇ 2019 ਦੀਆਂ ਚੋਣਾਂ ਵਿਚ ਦੇਸ਼ ਦੀ ਜਨਤਾ ਆਰ. ਐੱਸ. ਐੱਸ. ਨੂੰ ਮੂੰਹ ਤੋੜ ਜਵਾਬ ਦੇਵੇਗੀ। ਇਸ ਮੌਕੇ ਹਰੀਸ਼ ਆਨੰਦ, ਹੈਪੀ ਕਲੇਰ, ਦਵਿੰਦਰ ਸਿੰਘ, ਬੌਬੀ ਬਿਲਾਸਪੁਰ, ਰਾਣੂ ਅਸਲਾਮਾਬਾਦ, ਅਮਨਦੀਪ ਸਰਪੰਚ, ਸੁਖਵਿੰਦਰ ਸੋਢੀ, ਬਿੱਲਾ, ਲਵਪ੍ਰੀਤ, ਸ਼ਮਸ਼ੇਰ ਸਿੰਘ, ਸ਼ਿਵ, ਰਾਣਾ, ਰਾਕੇਸ਼ ਆਦਿ ਵੀ ਮੌਜੂਦ ਸਨ।