2 ਕਿੱਲੋ ਅਫ਼ੀਮ ਤੇ 50 ਹਜ਼ਾਰ ਦੀ ਨਕਦੀ ਸਣੇ ਨੌਜਵਾਨ ਗ੍ਰਿਫ਼ਤਾਰ
Thursday, Nov 07, 2024 - 05:19 PM (IST)
ਖਰੜ (ਰਣਬੀਰ) : ਥਾਣਾ ਸਦਰ ਅਧੀਨ ਮਜਾਤ ਪੁਲਸ ਵਲੋਂ ਇਕ ਨੌਜਵਾਨ ਨੂੰ ਅਫ਼ੀਮ ਦੀ ਤਸਕਰੀ ਦੇ ਦੋਸ਼ ਤਹਿਤ ਕਾਬੂ ਕਰਕੇ 2 ਕਿੱਲੋ ਅਫ਼ੀਮ ਸਣੇ 50 ਹਜ਼ਾਰ ਨਕਦੀ ਬਰਾਮਦ ਕੀਤੇ ਜਾਣ ਦੀ ਸੂਚਨਾ ਮਿਲੀ ਹੈ। ਦੋਸ਼ੀ ਖ਼ਿਲਾਫ਼ ਮੁਕੱਦਮਾ ਦਰਜ ਕਰਕੇ ਅੱਗੇ ਦੀ ਕਾਰਵਾਈ ਅਮਲ 'ਚ ਲਿਆਂਦੀ ਜਾ ਰਹੀ ਹੈ। ਜਾਣਕਾਰੀ ਦਿੰਦੇ ਹੋਏ ਮਜਾਤ ਚੌਂਕੀ ਇੰਚਾਰਜ ਏ. ਐੱਸ. ਆਈ. ਚਰਨਜੀਤ ਸਿੰਘ ਨੇ ਦੱਸਿਆ ਥਾਣਾ ਸਦਰ ਖਰੜ ਤੋਂ ਸਹਾਇਕ ਥਾਣੇਦਾਰ ਜਸਪਾਲ ਸਿੰਘ ਅਤੇ ਉਨ੍ਹਾਂ ਦੀ ਟੀਮ ਨਾਕਾਬੰਦੀ ਦੌਰਾਨ ਮੌਜੂਦ ਸੀ ਕਿ ਇਸੇ ਦਰਮਿਆਨ ਇੱਕ ਵਿਅਕਤੀ ਪੈਦਲ ਆਉਂਦਾ ਹੋਇਆ ਦਿਖਾਈ ਦਿੱਤਾ। ਉਸ ਨੇ ਆਪਣੇ ਮੋਢੇ 'ਤੇ ਪਿੱਠੂ ਬੈਗ ਲਟਕਾ ਰੱਖਿਆ ਸੀ।
ਉਸ ਨੇ ਅੱਗੇ ਖੜ੍ਹੇ ਪੁਲਸ ਮੁਲਾਜ਼ਮਾਂ ਨੂੰ ਵੇਖਦਿਆਂ ਸਾਰ ਘਬਰਾ ਕੇ ਇਕਦਮ ਉੱਥੋਂ ਖ਼ਿਸਕਣ ਦੀ ਕੋਸ਼ਿਸ਼ ਕੀਤੀ। ਉਸਦੀ ਇਸ ਹਰਕਤ 'ਤੇ ਸ਼ੱਕ ਹੁੰਦਿਆ ਸਾਰ ਜਿਵੇਂ ਹੀ ਪੁਲਸ ਮੁਲਾਜ਼ਮਾਂ ਵੱਲੋਂ ਉਸ ਨੂੰ ਰੋਕਿਆ ਗਿਆ ਤਾਂ ਉਸ ਨੇ ਆਪਣੀ ਪਛਾਣ ਜਸ਼ਨਦੀਪ ਸਿੰਘ ਵਾਸੀ ਪਿੰਡ ਰੁੜਕੀ ਪੁਖ਼ਤਾ ਦੱਸੀ। ਪੁਲਸ ਵਲੋਂ ਜਦੋਂ ਉਸ ਕੋਲ ਮੌਜੂਦ ਕਾਲੇ ਰੰਗ ਦੇ ਬੈਗ ਦੀ ਤਲਾਸ਼ੀ ਲਈ ਗਈ ਤਾਂ ਉਸ ਵਿੱਚੋਂ 500-500 ਦੀ ਕਰੰਸੀ ਜੋ ਗਿਣਤੀ ਕਰਨ 'ਤੇ ਕੁੱਲ 50 ਹਜ਼ਾਰ ਤੋਂ ਇਲਾਵਾ ਅਫ਼ੀਮ 2 ਕਿੱਲੋ ਬਣ ਰਹੀ ਸੀ, ਬਰਾਮਦ ਕੀਤੀ ਗਈ।
ਉਕਤ ਨੌਜਵਾਨ ਨੂੰ ਜਦੋਂ ਇਸ ਬਰਾਮਦਗੀ ਸਬੰਧੀ ਪੁੱਛਿਆ ਗਿਆ ਤਾਂ ਉਸ ਨੇ ਦੱਸਿਆ ਕਿ ਇਹ ਰਕਮ ਉਸ ਵੱਲੋਂ ਇਸ ਮੌਜੂਦ ਅਫ਼ੀਮ ਵਿਚੋਂ ਵੇਚੀ ਗਈ ਕੁੱਝ ਅਫੀਮ ਦੇ ਬਦਲੇ ਆਪਣੇ ਗਾਹਕਾਂ ਪਾਸੋਂ ਹਾਸਲ ਕੀਤੀ ਗਈ ਹੈ। ਇਸ 'ਤੇ ਉਸ ਦੀ ਅਫ਼ੀਮ ਦੀ ਤਸਕਰੀ ਦਾ ਦੋਸ਼ ਸਿੱਧ ਹੋ ਰਿਹਾ ਸੀ। ਉਹ ਮੌਕੇ 'ਤੇ ਕੋਈ ਪਰਮਿੱਟ ਜਾਂ ਲਾਇਸੈਂਸ ਪੇਸ਼ ਨਹੀਂ ਕਰ ਸਕਿਆ। ਜਿਸ 'ਤੇ ਪੁਲਸ ਵਲੋਂ ਉਸ ਨੂੰ ਹਿਰਾਸਤ 'ਚ ਲੈ ਕੇ ਬਣਦੀ ਕਾਰਵਾਈ ਕਰਨ ਉਪਰੰਤ ਅਦਾਲਤ 'ਚ ਪੇਸ਼ ਕੀਤਾ ਗਿਆ। ਉਸ ਦਾ ਪੁਲਸ ਰਿਮਾਂਡ ਹਾਸਲ ਕਰਕੇ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਉਕਤ ਵਿਅਕਤੀ ਇੰਨੀ ਵੱਡੀ ਮਾਤਰਾ 'ਚ ਅਫ਼ੀਮ ਕਿੱਥੋਂ ਅਤੇ ਕਿਸ ਵਿਅਕਤੀ ਕੋਲੋਂ ਲੈ ਕੇ ਆ ਰਿਹਾ ਸੀ।