ਲੁਧਿਆਣਾ ''ਚ STF ਦੀ ਟੀਮ ਨੇ ਬਰਾਮਦ ਕੀਤੀ 5 ਕਰੋੜ ਦੀ ਹੈਰੋਇਨ, ਨੌਜਵਾਨ ਨੂੰ ਕੀਤਾ ਗ੍ਰਿਫ਼ਤਾਰ
Wednesday, Jan 04, 2023 - 03:40 PM (IST)
ਲੁਧਿਆਣਾ (ਨਰਿੰਦਰ) : ਲੁਧਿਆਣਾ ਐੱਸ. ਟੀ. ਐੱਫ਼ ਰੇਂਜ ਪੁਲਸ ਵੱਲੋਂ ਮੋਤੀ ਨਗਰ ਇਲਾਕੇ 'ਚ ਗੁਪਤ ਸੂਚਨਾ ਦੇ ਆਧਾਰ 'ਤੇ ਇੱਕ ਐਕਟਿਵਾ ਸਵਾਰ ਨੌਜਵਾਨ ਨੂੰ ਕਾਬੂ ਕਰਕੇ ਉਸ ਕੋਲੋਂ 920 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਬਰਾਮਦ ਕੀਤੀ ਗਈ ਹੈਰੋਇਨ ਦੀ ਅੰਤਰਰਾਸ਼ਟਰੀ ਬਾਜ਼ਾਰ 'ਚ ਕੀਮਤ 5 ਕਰੋੜ ਰੁਪਏ ਦੇ ਨੇੜੇ-ਤੇੜੇ ਹੈ। ਕਾਬੂ ਕੀਤੇ ਗਏ ਨੌਜਵਾਨ ਦੀ ਪਛਾਣ ਜੱਸੀ ਕੁਮਾਰ ਵਾਸੀ ਭਗਤ ਸਿੰਘ ਨਗਰ ਲੁਧਿਆਣਾ ਵਜੋਂ ਹੋਈ ਹੈ।
ਇਹ ਵੀ ਪੜ੍ਹੋ : ਹੱਡ ਚੀਰਵੀਂ ਠੰਡ ਨਾਲ ਕੰਬ ਰਿਹਾ ਪੂਰਾ ਪੰਜਾਬ, ਮੌਸਮ ਵਿਭਾਗ ਨੇ ਫਿਰ ਜਾਰੀ ਕਰ ਦਿੱਤਾ ਅਲਰਟ
ਇਸ ਪੂਰੇ ਮਾਮਲੇ ਦੀ ਜਾਣਕਾਰੀ ਦਿੰਦਿਆਂ ਡੀ. ਐੱਸ. ਪੀ. ਐੱਸ. ਟੀ. ਐੱਫ. ਅਜੇ ਕੁਮਾਰ ਨੇ ਦੱਸਿਆ ਕਿ ਇੰਸਪੈਕਟਰ ਹਰਬੰਸ ਸਿੰਘ ਕੋਲ ਮੁਖਬਰ ਨੇ ਇਤਲਾਹ ਦਿੱਤੀ ਸੀ ਕਿ ਜੱਸੀ ਕਾਫੀ ਸਮੇਂ ਤੋਂ ਹੈਰੋਇਨ ਵੇਚਣ ਦਾ ਨਾਜਾਇਜ਼ ਧੰਦਾ ਕਰਦਾ ਆ ਰਿਹਾ ਹੈ। ਉਸ ਨੇ ਅੱਜ ਵੀ ਮੋਤੀ ਨਗਰ ਸਾਈਡ ਤੋਂ ਈ. ਵੀ. ਐੱਸ. ਕਾਲੋਨੀ 'ਚ ਨਸ਼ੇ ਦੀ ਸਪਲਾਈ ਦੇਣ ਜਾਣਾ ਹੈ। ਇਸ ਮਗਰੋਂ ਐੱਸ. ਟੀ. ਐੱਫ. ਦੀ ਟੀਮ ਵੱਲੋਂ ਨਾਕਾਬੰਦੀ ਕਰਕੇ ਦੋਸ਼ੀ ਨੌਜਵਾਨ ਨੂੰ ਕਾਬੂ ਕੀਤਾ ਗਿਆ ਅਤੇ ਉਸ ਦੀ ਐਕਟਿਵਾ 'ਚ ਰੱਖੀ ਹੋਈ 920 ਗ੍ਰਾਮ ਹੈਰੋਇਨ ਬਰਾਮਦ ਕਰ ਲਈ। ਡੀ. ਐੱਸ. ਪੀ. ਨੇ ਦੱਸਿਆ ਕਿ ਦੋਸ਼ੀ ਹੈਰੋਇਨ ਵੇਚਣ ਤੋਂ ਇਲਾਵਾ ਹੋਰ ਕੋਈ ਕੰਮ ਨਹੀਂ ਕਰਦਾ ਅਤੇ ਕਈ ਸਾਲਾਂ ਤੋਂ ਇਹ ਨਾਜਾਇਜ਼ ਧੰਦਾ ਕਰਦਾ ਆ ਰਿਹਾ ਹੈ।
ਇਹ ਵੀ ਪੜ੍ਹੋ : ਪੰਜਾਬ 'ਚ ਹੁਣ ਨਹੀਂ ਵਿਕੇਗੀ 'ਨਕਲੀ' ਸ਼ਰਾਬ, QR ਕੋਡ ਸਕੈਨ ਕਰਦੇ ਹੀ ਸਾਹਮਣੇ ਆਵੇਗੀ ਸਾਰੀ ਡਿਟੇਲ
ਉਨ੍ਹਾਂ ਕਿਹਾ ਕਿ ਦੋਸ਼ੀ ਖ਼ੁਦ ਵੀ ਨਸ਼ਾ ਕਰਨ ਦਾ ਆਦੀ ਹੈ ਅਤੇ ਨਸ਼ੇ ਦੀ ਪੂਰਤੀ ਲਈ ਨਸ਼ਾ ਵੇਚਣ ਲੱਗ ਗਿਆ। ਉਨ੍ਹਾਂ ਕਿਹਾ ਕਿ ਫਿਲਹਾਲ ਦੋਸ਼ੀ ਖ਼ਿਲਾਫ਼ ਥਾਣਾ ਐੱਸ. ਟੀ. ਐੱਫ਼. ਮੋਹਾਲੀ ਵਿਖੇ ਐੱਨ. ਡੀ. ਪੀ. ਐੱਸ. ਐਕਟ ਅਧੀਨ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਇਹ ਪਤਾ ਲਗਾਇਆ ਜਾ ਰਿਹਾ ਹੈ ਕਿ ਉਸ ਦੇ ਨਾਲ ਹੋਰ ਕੌਣ-ਕੌਣ ਇਸ ਨਾਜਾਇਜ਼ ਧੰਦੇ 'ਚ ਜੁੜੇ ਹੋਏ ਹਨ ਅਤੇ ਦੋਸ਼ੀ ਹੈਰੋਇਨ ਕਿੱਥੋਂ ਲਿਆਉਂਦਾ ਸੀ ਅਤੇ ਕਿੱਥੇ-ਕਿੱਥੇ ਵੇਚਦਾ ਸੀ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ