ਨਸ਼ੇ ਦੇ ਮੁੱਦੇ 'ਤੇ ਡਰਾਮੇ ਕਰਨ ਵਾਲੀ 'ਆਪ' ਦੇ ਰਾਜ 'ਚ ਰੋਜ਼ਾਨਾ ਨੌਜਵਾਨਾਂ ਦੀ ਜਾ ਰਹੀ ਹੈ ਜਾਨ : ਜਸਵੀਰ ਗੜ੍ਹੀ
Sunday, Sep 04, 2022 - 04:30 AM (IST)
ਚੰਡੀਗੜ੍ਹ : ਨਸ਼ਿਆਂ ਨਾਲ ਰੋਜ਼ਾਨਾ ਜਾ ਰਹੀਆਂ ਨੌਜਵਾਨਾਂ ਦੀਆਂ ਜਾਨਾਂ ਪੰਜਾਬ ਦੇ ਭਵਿੱਖ ਲਈ ਚਿੰਤਾ ਦਾ ਵਿਸ਼ਾ ਹੈ। ਪੰਜਾਬ ਸਰਕਾਰ ਨਸ਼ਿਆਂ 'ਤੇ ਕਾਬੂ ਪਾਉਣ ਦੇ ਝੂਠੇ ਵਾਅਦੇ ਕਰ ਰਹੀ ਹੈ, ਜਦੋਂ ਕਿ ਰੋਜ਼ਾਨਾ ਲੋਕਾਂ ਦੇ ਘਰਾਂ 'ਚੋਂ ਨੌਜਵਾਨਾਂ ਦੀਆਂ ਅਰਥੀਆਂ ਉਠ ਰਹੀਆਂ ਹਨ। ਇਹ ਪ੍ਰਗਟਾਵਾ ਇਕ ਬਿਆਨ ਰਾਹੀਂ ਬਹੁਜਨ ਸਮਾਜ ਪਾਰਟੀ ਦੇ ਸੂਬਾ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਨੇ ਕੀਤਾ। ਉਨ੍ਹਾਂ ਕਿਹਾ ਕਿ ਬੀਤੇ ਦਿਨੀਂ ਚੋਹਲਾ ਸਾਹਿਬ ਦੇ ਨਜ਼ਦੀਕੀ ਪਿੰਡ ਧੁੰਨ ਢਾਏ ਵਾਲਾ ਦੇ ਇਕ ਕਿਸਾਨ ਦੇ 2 ਨੌਜਵਾਨਾਂ ਦੀ ਕੁਝ ਦਿਨਾਂ ਵਿੱਚ ਨਸ਼ੇ ਦੀ ਓਵਰਡੋਜ਼ ਕਾਰਨ ਹੋਈ ਮੌਤ ਬਹੁਤ ਦੁੱਖ ਦੀ ਖ਼ਬਰ ਹੈ।
ਇਹ ਵੀ ਪੜ੍ਹੋ : ਬੈਂਕ 'ਚ ਕੈਸ਼ ਜਮ੍ਹਾ ਕਰਵਾਉਣ ਜਾ ਰਹੇ ਨੌਜਵਾਨ ਤੋਂ ਨਕਾਬਪੋਸ਼ ਲੁਟੇਰੇ 4.90 ਲੱਖ ਲੁੱਟ ਕੇ ਫਰਾਰ
ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਸੱਤਾ 'ਚੋਂ ਬਾਹਰ ਰਹਿੰਦੇ ਹੋਏ ਨਸ਼ੇ ਦੇ ਮੁੱਦੇ 'ਤੇ ਤਰ੍ਹਾਂ-ਤਰ੍ਹਾਂ ਦੇ ਵਿਰੋਧ ਵਿਖਾਵੇ ਕਰਕੇ ਸੱਤਾ ਲਈ ਨਾਟਕ ਖੇਡਦੀ ਰਹੀ ਪਰ ਹੁਣ ਸੱਤਾ ਵਿੱਚ ਆਉਣ ਤੋਂ ਬਾਅਦ ਨਸ਼ੇ ਵੇਚਣ ਵਾਲਿਆਂ 'ਤੇ ਕੋਈ ਕਾਰਵਾਈ ਨਹੀਂ ਕਰ ਰਹੀ। ਮੁੱਖ ਮੰਤਰੀ ਭਗਵੰਤ ਮਾਨ ਨੂੰ ਝੂਠੇ ਦਿਖਾਵੇ ਕਰਨ ਦੀ ਬਜਾਏ ਜ਼ਮੀਨੀ ਪੱਧਰ 'ਤੇ ਨਸ਼ਾ ਰੋਕਣ ਲਈ ਕਾਰਵਾਈ ਕਰਨੀ ਚਾਹੀਦੀ ਹੈ। ਗੜ੍ਹੀ ਨੇ ਕਿਹਾ ਕਿ ਮੁੱਖ ਮੰਤਰੀ ਇਸ ਗੱਲ ਨੂੰ ਜ਼ਰੂਰ ਸਮਝਣ ਕਿ ਉਹ ਹੁਣ ਇਕ ਕਾਮੇਡੀਅਨ ਕਲਾਕਾਰ ਨਹੀਂ, ਬਲਕਿ ਮੁੱਖ ਮੰਤਰੀ ਦੀ ਕੁਰਸੀ 'ਤੇ ਬੈਠੇ ਹਨ। ਲੋਕਾਂ ਨੂੰ ਝੂਠੀਆਂ ਗੱਲਾਂ ਕਰਕੇ ਮਨ ਪ੍ਰਚਾਵੇ ਦੀ ਥਾਂ ਕੁਝ ਕਰਕੇ ਵਿਖਾਉਣ। ਉਨ੍ਹਾਂ ਕਿਹਾ ਕਿ ਬਹੁਜਨ ਸਮਾਜ ਪਾਰਟੀ ਨਸ਼ੇ ਵਰਗੇ ਮੁੱਦਿਆਂ ਸਮੇਤ ਹੋਰ ਲੋਕ ਮਸਲਿਆਂ ਨੂੰ ਲੈ ਕੇ ਲੋਕਾਂ ਨੂੰ ਲਾਮਬੰਦ ਕਰੇਗੀ।
ਇਹ ਵੀ ਪੜ੍ਹੋ : ਪੈਟਰੋਲ ਪੰਪ 'ਤੇ ਚੋਰ ਲੱਖਾਂ ਦਾ ਕੈਸ਼ ਚੋਰੀ ਕਰ ਹੋਇਆ ਰਫੂਚੱਕਰ, ਮਿੰਟਾਂ 'ਚ ਦਿੱਤਾ ਵਾਰਦਾਤ ਨੂੰ ਅੰਜਾਮ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।