ਯੂਥ ਅਕਾਲੀ ਦਲ ਕਰੇਗਾ ਕੋਰੋਨਾ ਨਾਲ ਮਰਨ ਵਾਲੇ ਵਿਅਕਤੀ ਦਾ ਸਸਕਾਰ : ਰਾਜੂ ਖੰਨਾ

04/09/2020 8:10:50 PM

ਫ਼ਤਿਹਗਡ਼੍ਹ ਸਾਹਿਬ (ਜਗਦੇਵ)- ਯੂਥ ਅਕਾਲੀ ਦਲ ਨੇ ਰਾਜਨੀਤੀ ਦੇ ਨਾਲ-ਨਾਲ ਸੇਵਾ ਕਰਨ ਦਾ ਇੱਕ ਵੱਡਾ ਫੈਸਲਾ ਲਿਆ ਹੈ। ਇਸ ਸਬੰਧੀ ਯੂਥ ਅਕਾਲੀ ਦਲ ਮਾਲਵਾ ਜ਼ੋਨ ਦੇ ਪ੍ਰਧਾਨ ਅਤੇ ਹਲਕਾ ਅਮਲੋਹ ਦੇ ਮੁੱਖ ਸੇਵਾਦਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੇ ਕਿਹਾ ਕਿ ਕੋਰੋਨਾ ਵਾਇਰਸ ਦੇ ਪੀਡ਼ਤ ਵਿਅਕਤੀਆਂ ਦੀ ਸਲਾਮਤੀ ਲਈ ਸਿੱਖ ਫਾਰ ਐਜੂਕੇਸ਼ਨ ਸੰਸਥਾ ਵੱਲੋਂ ਸਿਹਤਯਾਬੀ ਲਈ ਜਿਥੇ ਅਰਦਾਸ ਕੀਤੀ ਗਈ, ਉਥੇ ਕਿਸੇ ਵੀ ਧਰਮ ਜਾਂ ਜਾਤ ਨਾਲ ਸਬੰਧਤ ਵਿਅਕਤੀ ਜਿਸ ਦੀ ਕੋਰੋਨਾ ਨਾਲ ਮੌਤ ਹੋਈ ਹੋਵੇਗੀ, ਉਸ ਦੀਆਂ ਅੰਤਿਮ ਸੰਸਕਾਰ ਦੀਆਂ ਸੇਵਾਵਾਂ ਲਈ ਪ੍ਰਸ਼ਾਸਨ ਨੂੰ ਅਪੀਲ ਵੀ ਕੀਤੀ ਗਈ। ਰਾਜੂ ਖੰਨਾ ਕਿਹਾ ਕਿ ਇਸ ਬੀਮਾਰੀ ਕਾਰਣ ਹੋਈ ਮੌਤ ’ਤੇ ਵਿਅਕਤੀ ਦੇ ਪਰਿਵਾਰਕ ਮੈਂਬਰ ਅਤੇ ਹੋਰ ਆਗੂ ਸਸਕਾਰ ਕਰਨ ਤੋਂ ਵੀ ਝਿਜਕ ਰਹੇ ਹਨ। ਉਨ੍ਹਾਂ ਕਿਹਾ ਕਿ ਉਹ ਅਤੇ ਉਸ ਦੇ ਸਾਥੀਆਂ ਵੱਲੋਂ ਸਿੱਖ ਫਾਰ ਐਜੂਕੇਸ਼ਨ ਸੰਸਥਾ ਦੇ ਸਹਿਯੋਗ ਨਾਲ ਫੈਸਲਾ ਕੀਤਾ ਗਿਆ ਹੈ ਕਿ ਜੇਕਰ ਕੋਰੋਨਾ ਵਾਇਰਸ ਨਾਲ ਜ਼ਿਲਾ ਫਤਿਹਗਡ਼੍ਹ ਅਤੇ ਜ਼ਿਲਾ ਪਟਿਆਲਾ ’ਚ ਜੇਕਰ ਕੋਈ ਅਣਸੁਖਾਵੀਂ ਮੌਤ ਹੋ ਜਾਂਦੀ ਹੈ ਤਾਂ ਉਹ ਸਸਕਾਰ ਦੀਆਂ ਰਸਮਾਂ ਕਰਨ ਲਈ ਜ਼ਿੰਮੇਵਾਰੀ ਲੈਣਗੇ। ਇਸ ਲਈ ਉਨ੍ਹਾਂ ਵੱਲੋਂ ਅੱਜ ਇੱਕ ਮਤਾ ਪਾਸ ਕਰ ਕੇ ਇਕ ਮੰਗ-ਪੱਤਰ ਐੱਸ. ਡੀ. ਐੱਮ. ਅਮਲੋਹ ਰਾਹੀਂ ਜ਼ਿਲਾ ਫਤਿਹਗਡ਼੍ਹ ਸਾਹਿਬ ਦੇ ਡਿਪਟੀ ਕਮਿਸ਼ਨਰ ਅਤੇ ਐੱਸ. ਡੀ. ਐੱਮ. ਪਟਿਆਲਾ ਦੁਆਰਾ ਜ਼ਿਲਾ ਪਟਿਆਲਾ ਦੇ ਡਿਪਟੀ ਕਮਿਸ਼ਨਰ ਨੂੰ ਭੇਜਿਆ ਗਿਆ ਹੈ।

ਰਾਜੂ ਖੰਨਾ ਨੇ ਕਿਹਾ ਕਿ ਭਾਵੇ ਪਹਿਲਾਂ ਹੀ ਸਾਡੇ ਵੱਲੋਂ ਕੋਰੋਨਾ ਵਾਇਰਸ ਨੂੰ ਧਿਆਨ ’ਚ ਰਖਦੇ ਹੋਏ ਜਿਥੇ ਪ੍ਰਸ਼ਾਸਨ ਦਾ ਸਹਿਯੋਗ ਕਰਦੇ ਹੋਏ ਲੋਡ਼ਵੰਦਾਂ ਨੂੰ ਲੰਗਰ, ਰਾਸ਼ਨ ਅਤੇ ਲੋਡ਼ੀਂਦੀ ਸਮੱਗਰੀ ਦਿੱਤੀ ਜਾ ਰਹੀ ਹੈ, ਉਥੇ ਲੋਕਾਂ ਨੂੰ ਆਪਣੇ ਘਰਾਂ ’ਚ ਰਹਿ ਕੇ ਕੋਰੋਨਾ ਵਾਇਰਸ ਨੂੰ ਹਰਾਉਣ ਦੀ ਅਪੀਲ ਵੀ ਕੀਤੀ ਜਾ ਰਹੀ ਹੈ ਰਾਜੂ ਖੰਨਾ ਨੇ ਕਿਹਾ ਕਿ ਉਨ੍ਹਾਂ ਵੱਲੋਂ ਯੂਥ ਅਕਾਲੀ ਦਲ ਦੀ ਸਮੁੱਚੀ ਟੀਮ ਨਾਲ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਯੂਥ ਅਕਾਲੀ ਦਲ ਦੇ ਸਰਪ੍ਰਸਤ ਬਿਕਰਮ ਸਿੰਘ ਮਜੀਠੀਆ ਦੇ ਦਿਸ਼ਾ-ਨਿਰਦੇਸ਼ਾਂ ’ਤੇ ਪਹਿਰਾ ਦਿੰਦੇ ਹੋਏ ਸਮਾਜ ਸੇਵਾ ਦੇ ਕਾਰਜ ਕੀਤੇ ਜਾ ਰਹੇ ਹਨ।


Bharat Thapa

Content Editor

Related News