ਯੂਥ ਅਕਾਲੀ ਦਲ ਦੀ ਰੈਲੀ ’ਚ ਕਾਂਗਰਸ ’ਤੇ ਵਰ੍ਹੇ ਪਵਨ ਕੁਮਾਰ ਟੀਨੂੰ, ਕਿਹਾ-ਮੁੰਗੇਰੀ ਲਾਲ ਦੇ ਸੁਫ਼ਨੇ ਬਣੇ ਵਾਅਦੇ
Thursday, Mar 25, 2021 - 06:30 PM (IST)
![ਯੂਥ ਅਕਾਲੀ ਦਲ ਦੀ ਰੈਲੀ ’ਚ ਕਾਂਗਰਸ ’ਤੇ ਵਰ੍ਹੇ ਪਵਨ ਕੁਮਾਰ ਟੀਨੂੰ, ਕਿਹਾ-ਮੁੰਗੇਰੀ ਲਾਲ ਦੇ ਸੁਫ਼ਨੇ ਬਣੇ ਵਾਅਦੇ](https://static.jagbani.com/multimedia/2021_3image_18_20_087487677rally7.jpg)
ਭੋਗਪੁਰ (ਰਾਜੇਸ਼ ਸੂਰੀ) : ਨਵੇਂ ਥਾਪੇ ਗਏ ਯੂਥ ਅਕਾਲੀ ਦਲ ਦੇ ਉਪ-ਪ੍ਰਧਾਨ ਗੁਰਦੀਪ ਸਿੰਘ ਲਾਹਦੜਾ ਵੱਲੋਂ ‘ਯੂਥ ਮੰਗਦਾ ਹੈ ਜਵਾਬ’ਮੁਹਿੰਮ ਅਧੀਨ ਪਿੰਡ ਲਾਹਦੜਾ ਵਿਖੇ ਕਰਵਾਈ ਗਈ ਜ਼ਿਲ੍ਹਾ ਪੱਧਰੀ ਰੈਲੀ ਵਿਚ ਸ਼ਾਮਲ ਹੋਏ ਅਕਾਲੀ ਦਲ ਦੇ ਆਦਮਪੁਰ ਤੋਂ ਵਿਧਾਇਕ ਪਵਨ ਕੁਮਾਰ ਟੀਨੂੰ ਨੇ ਕਾਂਗਰਸ ’ਤੇ ਵਰ੍ਹਦਿਆਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਕੀਤੇ ਵਾਅਦੇ ਮੁੰਗੇਰੀ ਲਾਲ ਦੇ ਸੁਫਨੇ ਬਣ ਕੇ ਰਹਿ ਗਏ ਹਨ। ਸ਼੍ਰੋਮਣੀ ਅਕਾਲੀ ਦਲ ਬਾਦਲ ਵੱਲੋਂ ਯੂਥ ਅਕਾਲੀ ਦਲ ਦਾ ਵਿਸਤਾਰ ਕਰਨ ਤੋਂ ਬਾਅਦ ਦੁਆਬੇ ਦੇ ਸੀਨੀਅਰ ਅਕਾਲੀ ਆਗੂ ਅਤੇ ਮਾਰਕੀਟ ਕਮੇਟੀ ਭੋਗਪੁਰ ਦੇ ਸਾਬਕਾ ਚੇਅਰਮੈਨ ਗੁਰਦੀਪ ਸਿੰਘ ਲਾਹਦੜਾ ਨੂੰ ਯੂਥ ਅਕਾਲੀ ਦਲ ਦਾ ਉਪ ਪ੍ਰਧਾਨ ਬਣਾਇਆ ਗਿਆ ਹੈ। ਇਸ ਰੈਲੀ ਦੌਰਾਨ ਯੂਥ ਅਕਾਲੀ ਦਲ ਦੇ ਪ੍ਰਧਾਨ ਪਰਮਬੰਸ ਸਿੰਘ ਬੰਟੀ ਰੋਮਾਣਾ, ਯੂਥ ਅਕਾਲੀ ਦਲ ਦੇ ਜਨਰਲ ਸਕੱਤਰ ਸਰਬਜੋਤ ਸਿੰਘ ਸਾਬੀ, ਜਲੰਧਰ ਦਿਹਾਤੀ ਦੇ ਪ੍ਰਧਾਨ ਤਜਿੰਦਰ ਸਿੰਘ ਨਿੱਝਰ, ਕੋਰ ਕਮੇਟੀ ਮੈਂਬਰ ਜੁਗਰਾਜ ਜੱਗੀ ਅਤੇ ਹੋਰ ਆਗੂਆਂ ਨੇ ਹਾਜ਼ਰੀ ਭਰੀ।
ਇਸ ਰੈਲੀ ਦੀ ਸ਼ੁਰੂਆਤ ਮੰਚ ਸਕੱਤਰ ਹਰਬੋਲਿੰਦਰ ਸਿੰਘ ਬੋਲੀਨਾ ਅਤੇ ਸੀਨੀਅਰ ਅਕਾਲੀ ਆਗੂ ਅੰਮ੍ਰਿਤਪਾਲ ਸਿੰਘ ਖਰਲਕਲਾਂ ਵੱਲੋਂ ਰੈਲੀ ’ਚ ਪੁੱਜੀਆਂ ਸੰਗਤਾਂ ਦੇ ਸਵਾਗਤ ਨਾਲ ਕੀਤੀ ਗਈ। ਰੈਲੀ ’ਚ ਸੁਰਿੰਦਰ ਸਿੰਘ ਚਾਹਲ, ਜੱਸਾ ਸੰਘਵਾਲ, ਤਜਿੰਦਰ ਸਿੰਘ ਨਿੱਝਰ, ਜਸਤਿੰਦਰ ਸਿੰਘ ਢਿੱਲੋਂ, ਰਵੀ ਗੇਹਲੜਾ, ਸੰਮਤੀ ਮੈਂਬਰ ਪਰਮਜੀਤ ਪੰਮਾ, ਸ਼ਿੰਦਰ ਢਿੱਲੋਂ, ਅੰਮ੍ਰਿਤਪਾਲ ਸਿੰਘ ਖਰਲਕਲਾਂ, ਹਰਜੀਤ ਸਿੰਘਪੁਰ, ਬਲਵੀਰ ਸਾਬਾ ਕਾਲਾ ਬੱਕਰਾ ਆਦਿ ਆਗੂ ਭਾਰੀ ਗਿਣਤੀ ਵਿਚ ਨੌਜਵਾਨਾਂ ਦੇ ਜਥੇ ਲੈ ਕੇ ਸ਼ਾਮਲ ਹੋਏ। ਰੈਲੀ ਨੂੰ ਗੁਰਦਿਆਲ ਸਿੰਘ ਨਿੱਝਰ, ਅੰਮ੍ਰਿਤਪਾਲ ਸਿੰਘ ਖਰਲਕਲਾਂ, ਸਤਪਾਲ ਮੱਲ, ਕਮਲਜੀਤ ਸਿੰਘ ਘੁੰਮਣ, ਗੁਰਦੀਪ ਸਿੰਘ ਸ਼ਿਕਾਰ, ਗੁਰਮਿੰਦਰ ਸਿੰਘ ਕਿਸ਼ਨਪੁਰ, ਭੋਗਪੁਰ ਸ਼ਹਿਰ ਦੇ ਪ੍ਰਧਾਨ ਪਰਮਿੰਦਰ ਸਿੰਘ ਕਰਵਲ ਆਦਿ ਆਗੂਆਂ ਨੇ ਸੰਬੋਧਨ ਕੀਤਾ।
ਵਿਧਾਇਕ ਪਵਨ ਟੀਨੂੰ ਨੇ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ੍ਰੀ ਦਮਦਮਾ ਸਾਹਿਬ ਦੀ ਧਰਤੀ ’ਤੇ ਸ੍ਰੀ ਗੁਟਕਾ ਸਾਹਿਬ ਦੀ ਸਹੁੰ ਖਾ ਕੇ ਪੰਜਾਬ ਦੇ ਯੂਥ ਨਾਲ ਵਾਅਦਾ ਕੀਤੀ ਸੀ ਕਿ ਉਹ ਪੰਜਾਬ ’ਚੋਂ ਨਸ਼ਾ ਖਤਮ ਕਰ ਦੇਣਗੇ ਪਰ ਸੂਬੇ ਵਿਚ ਨਸ਼ਿਆਂ ਦਾ ਦਰਿਆ ਵਗ ਰਿਹਾ ਹੈ। ਪੰਜਾਬ ਦੀ ਨੌਜਵਾਨੀ ਨਾਲ ਨੌਕਰੀਆਂ, ਮੋਬਾਇਲ, ਕਰਜ਼ੇ ਮੁਆਫ, ਸ਼ਗਨ ਸਕੀਮ, ਲੜਕੀਆਂ ਨੂੰ ਸਾਈਕਲ ਅਤੇ ਹੋਰ ਅਣਗਿਣਤ ਵਾਅਦੇ ਕਰ ਕੇ ਕਾਂਗਰਸ ਪਾਰਟੀ ਨੇ ਸਰਕਾਰ ਤਾਂ ਬਣਾ ਲਈ ਪਰ ਇਹ ਵਾਅਦੇ ਮੁੰਗੇਰੀ ਲਾਲ ਦੇ ਹਸੀਨ ਸੁਫਨੇ ਹੀ ਬਣ ਕੇ ਰਹਿ ਗਏ। ਉਨ੍ਹਾਂ 2022 ਦੀਆਂ ਚੋਣਾਂ ’ਚ ਅਕਾਲੀ ਦਲ ਦੀ ਸਰਕਾਰ ਬਣਾਉਣ ਦੀ ਅਪੀਲ ਕੀਤੀ।
ਯੂਥ ਅਕਾਲੀ ਦਲ ਦੇ ਜਨਰਲ ਸਕੱਤਰ ਸਰਬਜੋਤ ਸਿੰਘ ਸਾਬੀ ਨੇ ਕਿਹਾ ਕਿ ਇਸ ਝੂਠੀ ਸਰਕਾਰ ਤੋਂ ਅੱਜ ਪੰਜਾਬ ਦਾ ਹਰ ਵਰਗ ਦੁਖੀ ਹੈ ਅਤੇ ਲੋਕ ਚੋਣਾਂ ਦੀ ਬੇਸਬਰੀ ਨਾਲ ਉਡੀਕ ਕਰ ਰਹੇ ਹਨ। ਰੈਲੀ ਨੂੰ ਸੰਬੋਧਨ ਕਰਦਿਆਂ ਪਰਮਬੰਸ ਸਿੰਘ ਬੰਟੀ ਰੋਮਾਣਾ ਨੇ ਕਿਹਾ ਕਿ 2022 ’ਚ ਅਕਾਲੀ ਦਲ ਦੀ ਸਰਕਾਰ ਬਣਾਉਣ ਲਈ ਵਰਕਰ ਹੁਣ ਤੋਂ ਹੀ ਜੁੱਟ ਜਾਣ। ਮੁੱਖ ਮੰਤਰੀ ਨੇ ਸ੍ਰੀ ਗੁਟਕਾ ਸਾਹਿਬ ਦੀ ਸਹੁੰ ਖਾਧੀ ਅਤੇ ਬੇਰੋਜ਼ਗਾਰੀ ਭੱਤਾ ਨੌਜਵਾਨਾਂ ਨੂੰ ਦੇਣ ਦਾ ਵਾਅਦਾ ਪੂਰਾ ਨਹੀਂ ਕੀਤਾ, ਜਿਸ ਦਾ ਹਿਸਾਬ ਸਰਕਾਰ ਆਉਣ ’ਤੇ ਲਿਆ ਜਾਵੇਗਾ। ਆਖਿਰ ’ਚ ਯੂਥ ਅਕਾਲੀ ਦਲ ਦੇ ਉਪ-ਪ੍ਰਧਾਨ ਗੁਰਦੀਪ ਸਿੰਘ ਲਾਹਦੜਾ ਨੇ ਇਸ ਰੈਲੀ ’ਚ ਸ਼ਾਮਲ ਪ੍ਰਧਾਨ ਰੋਮਾਣਾ, ਵਿਧਾਇਕ ਟੀਨੂੰ, ਸਰਬਜੋਤ ਸਿੰਘ ਸਾਬੀ, ਤਜਿੰਦਰ ਸਿੰਘ ਨਿੱਝਰ ਅਤੇ ਸਮੂਹ ਸੰਗਤਾਂ ਦਾ ਧੰਨਵਾਦ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸ਼ਬਦਲ ਸਿੰਘ, ਰਜਿੰਦਰ ਸਿੰਘ ਰੋਮੀ, ਸ਼ਿੰਦਰ ਬਹਿਰਾਮ, ਅਮੋਲਕ ਸਿੰਘ ਢਿੱਲੋਂ, ਮੱਖਣਜੀਤ ਸਿੰਘ ਸੱਤੋਵਾਲੀ, ਕੁਲਵੰਤ ਸਿੰਘ ਮੱਲ੍ਹੀ, ਸਾਬਕਾ ਸਰਪੰਚ ਲਾਡੀ, ਰਵਿੰਦਰ ਸਿੰਘ, ਗੁਰਵਿੰਦਰ ਸਿੰਘ ਤਲਵੰਡੀ, ਮਨਿੰਦਰ ਸਿੰਘ ਗੜ੍ਹੀ, ਗੁਰਚਰਨ ਕੋਟਲੀ, ਕੁਲਵਿੰਦਰ ਸਿੰਘ ਕੁੱਕੂ, ਅਮਰਦੀਪ ਸਿੰਘ ਔਲਖ ਆਦਿ ਅਕਾਲੀ ਆਗੂ ਹਾਜ਼ਰ ਸਨ।