ਕਾਂਗਰਸ ਨੇ 2 ਸਾਲਾਂ ''ਚ ਕੋਈ ਵੀ ਵਾਅਦਾ ਨਹੀਂ ਪੂਰਾ ਕੀਤਾ  : ਮਜੀਠੀਆ

03/06/2019 7:14:40 PM

ਮਲੋਟ (ਜੁਨੇਜਾ, ਗੋਇਲ)— ਅੱਜ ਯੂਥ ਅਕਾਲੀ ਦਲ ਵੱਲੋਂ ਮਲੋਟ ਵਿਖੇ ਇਕ ਜ਼ਿਲਾ ਪੱਧਰੀ ਰੈਲੀ ਕੀਤੀ ਗਈ, ਜਿਸ ਵਿਚ ਵਿਸ਼ੇਸ਼ ਤੌਰ 'ਤੇ ਪਹੁੰਚੇ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਕਾਂਗਰਸ ਪਾਰਟੀ ਦੀ 2 ਸਾਲ ਦੀ ਕਾਰਗੁਜ਼ਾਰੀ 'ਤੇ ਸਵਾਲ ਚੁੱਕੇ। ਰੈਲੀ ਨੂੰ ਸੰਬੋਧਨ ਕਰਦਿਆਂ ਮਜੀਠੀਆ ਨੇ ਕਿਹਾ ਕਿ 2 ਸਾਲ ਪਹਿਲਾਂ ਪੰਜਾਬ ਦੇ ਲੋਕਾਂ ਨਾਲ ਕਾਂਗਰਸ ਪਾਰਟੀ ਨੇ ਝੂਠੇ ਵਾਅਦੇ ਕਰ ਕੇ ਸੂਬੇ ਵਿਚ 78 ਸੀਟਾਂ 'ਤੇ ਜਿੱਤ ਹਾਸਲ ਕਰ ਲਈ ਪਰ ਨੂੰ ਹੁਣ ਪਤਾ ਲੱਗਾ ਹੈ ਕਿ ਉਨ੍ਹਾਂ ਨਾਲ ਠੱਗੀ ਵੱਜ ਗਈ ਹੈ।
ਉਨ੍ਹਾਂ ਕਿਹਾ ਕਿ ਲੋਕਾਂ ਨੂੰ ਅਸਲੀ ਅਤੇ ਨਕਲੀ ਬਾਦਲ ਦਾ ਪਤਾ ਲੱਗ ਗਿਆ ਹੈ। ਲੋਕ ਸਮਝਦੇ ਸਨ ਕਿ ਮਨਪ੍ਰੀਤ ਸਿੰਘ ਬਾਦਲ ਖਜ਼ਾਨਾ ਮੰਤਰੀ ਬਣ ਕੇ ਲੋਕਾਂ ਨੂੰ ਪ੍ਰਕਾਸ਼ ਸਿੰਘ ਬਾਦਲ ਦੀ ਤਰ੍ਹਾਂ ਰਿਆਇਤਾਂ ਦੇਵੇਗਾ ਪਰ ਸੱਚ ਸਾਹਮਣੇ ਆ ਗਿਆ ਹੈ ਕਿ ਇਹ ਅਸਲੀ ਬਾਦਲ ਨਹੀਂ, ਸਗੋਂ ਮਨਪ੍ਰੀਤ ਬਾਦਲ ਤਾਂ 'ਚਾਈਨਾ ਮੇਡ' ਬਾਦਲ ਹੈ। ਉਨ੍ਹਾਂ ਅਨੁਸਾਰ ਮਨਪ੍ਰੀਤ ਬਾਦਲ ਕਹਿੰਦਾ ਹੈ ਕਿ ਉਨ੍ਹਾਂ ਬਜਟ ਵਿਚ ਕੋਈ ਟੈਕਸ ਨਹੀਂ ਲਾਇਆ ਪਰ ਇਕੱਲੀ ਬਿਜਲੀ ਦਾ ਸੂਬੇ ਵਾਸੀਆਂ ਦੀ ਜੇਬ 'ਚੋਂ 12 ਹਜ਼ਾਰ ਕਰੋੜ ਰੁਪਇਆ ਸਾਲਾਨਾ ਵੱਧ ਕੱਢਿਆ ਜਾ ਰਿਹਾ ਹੈ। ਪੰਜਾਬ ਇਕੋ ਸੂਬਾ ਹੈ, ਜਿੱਥੇ ਪੈਟਰੋਲ-ਡੀਜ਼ਲ 'ਤੇ ਦੇਸ਼ ਨਾਲੋਂ ਸਭ ਤੋਂ ਵੱਧ ਟੈਕਸ ਹੈ।
ਮਜੀਠੀਆ ਨੇ ਕਿਹਾ ਕਿ ਕੈਪਟਨ ਦੀ 'ਕਰਜ਼ਾ ਕੁਰਕੀ ਖਤਮ' ਦੇ ਨਾਅਰੇ ਨੇ ਕਿਸਾਨਾਂ ਦਾ ਕੁਝ ਨਹੀਂ ਸੰਵਾਰਿਆ। ਇਸ ਲਈ ਹੋਰ ਰੋਜ਼ ਇਕ-ਦੋ ਕਿਸਾਨ ਖੁਦਕੁਸ਼ੀਆਂ ਕਰ ਰਹੇ ਹਨ। ਕਿਸੇ ਦਾ ਕਰਜ਼ਾ ਮੁਆਫ ਨਹੀਂ ਕੀਤਾ, ਸਗੋਂ ਜਿਹੜਾ ਕਿਸਾਨ ਬੁੱਧ ਸਿੰਘ ਇਨ੍ਹਾਂ ਦਾ 'ਪੋਸਟਰ ਬੁਆਏ' ਬਣਿਆ ਸੀ, ਉਸ ਦਾ ਵੀ ਕਰਜ਼ਾ ਮੁਆਫ ਨਹੀਂ ਕੀਤਾ ਹੋਇਆ ਅਤੇ ਬਾਅਦ 'ਚ ਯੂਥ ਅਕਾਲੀ ਦਲ ਨੇ ਉਸ ਦੇ ਘਰ ਜਾ ਕੇ ਸਰਕਾਰ ਦੀ ਪੋਲ ਖੋਲ੍ਹੀ।
ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਘਰ-ਘਰ ਨੌਕਰੀਆਂ ਦੇਣ ਦਾ ਵਾਅਦਾ ਸਰਕਾਰ ਨੇ ਪੂਰਾ ਕੀ ਕਰਨਾ ਸੀ, ਸਗੋਂ ਕੱਚੇ ਮੁਲਾਜ਼ਮ ਖੁਦਕੁਸ਼ੀਆਂ ਕਰ ਰਹੇ ਹਨ। ਦੂਜੇ ਪਾਸੇ ਕਾਂਗਰਸੀ ਵਿਧਾਇਕਾਂ, ਮੰਤਰੀਆਂ ਵੱਲੋਂ ਕਰੋੜਾਂ ਰੁਪਏ ਆਪਣੇ ਘਰਾਂ, ਦਫਤਰਾਂ ਅਤੇ ਗੱਡੀਆਂ ਉੱਪਰ ਖਰਚੇ ਜਾ ਰਹੇ ਹਨ। ਮਨਪ੍ਰੀਤ ਬਾਦਲ ਨੇ ਕਿਹਾ ਸੀ ਕਿ ਬਠਿੰਡਾ ਦੇ ਥਰਮਲ ਪਲਾਂਟ ਦੀਆਂ ਚਿਮਨੀਆਂ 'ਚੋਂ ਧੂੰਆਂ ਬੰਦ ਨਹੀਂ ਹੋਣ ਦਿਆਂਗੇ। ਚਿਮਨੀਆਂ 'ਚੋਂ ਧੂੰਆਂ ਤਾਂ ਬੰਦ ਹੋ ਗਿਆ ਪਰ ਮੁਲਾਜ਼ਮਾਂ ਦਾ ਧੂੰਆਂ ਕੱਢ ਦਿੱਤਾ ਹੈ।
ਕਾਂਗਰਸੀ ਮੰਤਰੀਆਂ 'ਤੇ ਵਰ੍ਹਦਿਆਂ ਮਜੀਠੀਆ ਨੇ ਚਰਨਜੀਤ ਸਿੰਘ ਚੰਨੀ ਨੂੰ 'ਮੀ ਟੂ' ਵਾਲਾ ਮੰਤਰੀ ਦੱਸਦਿਆਂ ਕਿਹਾ ਕਿ ਉਸ ਨੂੰ ਕੈਪਟਨ ਨੇ ਬਚਾ ਲਿਆ ਪਰ ਅਕਾਲੀ ਦਲ ਦੀ ਸਰਕਾਰ ਆਉਣ 'ਤੇ ਉਸ ਭੈਣ ਨੂੰ ਇਨਸਾਫ ਦੇਣ ਲਈ ਚੰਨੀ ਵਿਰੁੱਧ ਕਾਰਵਾਈ ਕੀਤੀ ਜਾਵੇਗੀ। ਨਵਜੋਤ ਸਿੱਧੂ ਨੂੰ 'ਨਾਚਾ ਮੰਤਰੀ' ਦੱਸਦਿਆਂ ਉਨ੍ਹਾਂ ਕਿਹਾ ਕਿ ਜਦੋਂ ਸਾਰਾ ਦੇਸ਼ ਪਕਿਸਤਾਨ ਦੇ ਵਿਰੁੱਧ ਇਕਜੁੱਟ ਹੋਇਆ ਹੈ ਤਾਂ ਸਿੱਧੂ ਅੱਤਵਾਦੀਆਂ ਦੇ ਮਰਨ ਬਾਰੇ ਸਬੂਤ ਭਾਲਦਾ ਹੈ ਅਤੇ ਕਹਿ ਰਿਹਾ ਹੈ ਕਿ ਆਰਮੀ ਨੇ ਬੰਬ ਦਰੱਖਤਾਂ 'ਤੇ ਸੁੱਟੇ ਹਨ। ਉਨ੍ਹਾਂ ਕਿਹਾ ਕਿ ਆਰਮੀ ਅੱਗੇ ਤੋਂ ਸਿੱਧੂ ਨੂੰ ਜਹਾਜ਼ ਅੱਗੇ ਬੰਨ੍ਹ ਲਵੇ ਅਤੇ ਫਿਰ ਇਹ ਗਿਣਤੀ ਕਰੀ ਜਾਵੇ ਕਿ ਕਿੰਨੇ ਅੱਤਵਾਦੀ ਮਰੇ ਹਨ ਅਤੇ ਨਾਲੇ ਜੇ ਉੱਧਰ ਆਪਣੇ ਯਾਰ-ਦਿਲਦਾਰ ਕੋਲ ਰਹਿਣਾ ਹੈ ਤਾਂ ਉਹ ਉੱਥੇ ਰਹਿ ਜਾਵੇ।
ਕਾਂਗਰਸ ਪ੍ਰਧਾਨ ਸੁਨੀਲ ਜਾਖੜ 'ਤੇ ਵਰ੍ਹਦਿਆਂ ਉਨ੍ਹਾਂ ਕਿਹਾ ਕਿ ਪਾਰਟੀ ਪ੍ਰਧਾਨ ਜੇ ਸਮਝਦਾ ਹੈ ਕਿ ਉਨ੍ਹਾਂ ਦੀ ਸਰਕਾਰ ਨੇ 2 ਸਾਲ ਕੰਮ ਕੀਤੇ ਹਨ ਤਾਂ ਫਿਰ ਮਾਝੇ ਵਿਚ ਭੱਜਣ ਦੀ ਬਜਾਏ ਫਿਰੋਜ਼ਪੁਰ ਤੋਂ ਚੋਣ ਲੜ ਕੇ ਵੇਖ ਲਵੇ। ਕੈਪਟਨ ਪਹਿਲਾਂ 'ਟੀ ਵਿਦ ਕੈਪਟਨ ਅਤੇ ਕੌਫੀ ਵਿਦ ਕੈਪਟਨ' ਕਰਦਾ ਹੈ ਪਰ ਹੁਣ ਸਿਰਫ 'ਪੈੱਗ ਵਿਦ ਕੈਪਟਨ' ਚੱਲਦਾ ਹੈ। ਉਨ੍ਹਾਂ ਵਰਕਰਾਂ ਨੂੰ ਅਪੀਲ ਕੀਤੀ ਕਿ ਜਿਵੇਂ ਕਾਂਗਰਸੀਆਂ ਨੇ ਘਰ-ਘਰ ਜਾ ਕੇ ਲੋਕਾਂ ਦੇ ਫਾਰਮ ਭਰਵਾਏ, ਉਸੇ ਤਰ੍ਹਾਂ ਵਰਕਰ ਘਰ-ਘਰ ਜਾ ਕੇ ਇਨ੍ਹਾਂ ਦੀ ਪੋਲ ਖੋਲ੍ਹਣ ਤਾਂ ਜੋ ਨੌਜਵਾਨਾਂ ਤੇ ਹਰ ਵਰਗ ਦੀ ਭਲਾਈ ਲਈ ਪਾਰਲੀਮੈਂਟ ਚੋਣਾਂ 'ਚ ਤੱਕੜੀ ਨੂੰ ਜਿੱਤਾਇਆ ਜਾਵੇ। ਇਸ ਮੌਕੇ ਮਲੋਟ ਦੇ ਸਾਬਕਾ ਵਿਧਾਇਕ ਹਰਪ੍ਰੀਤ ਸਿੰਘ ਕੋਟਭਾਈ, ਵਿਧਾਇਕ ਰੋਜ਼ੀ ਬਰਕੰਦੀ, ਡਿੰਪੀ ਢਿੱਲੋਂ, ਪਰਮਬੀਰ ਬੰਟੀ ਰੋਮਾਣਾ ਆਦਿ ਹਾਜ਼ਰ ਸਨ।

 


Related News