ਲੜਕੇ ਤੋਂ ਪ੍ਰੇਸ਼ਾਨ ਹੋਈ ਨੌਜਵਾਨ ਕੁੜੀ ਨੇ ਕੀਤੀ ਖੁਦਕੁਸ਼ੀ
Tuesday, Oct 03, 2017 - 05:52 PM (IST)

ਟਾਂਡਾ (ਮੋਮੀ, ਕੁਲਦੀਸ਼) : ਪਿੰਡ ਨੰਗਲ ਖੂੰਗਾ ਦੀ ਇਕ ਨੌਜਵਾਨ ਲੜਕੀ ਵੱਲੋਂ ਨੇੜਲੇ ਬੁੱਢੀ ਪਿੰਡ ਦੇ ਇਕ ਨੌਜਵਾਨ ਤੋਂ ਤੰਗ ਆ ਕੇ ਖੁਦਕੁਸ਼ੀ ਕਰਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਟਾਂਡਾ ਪੁਲਸ ਨੇ ਮ੍ਰਿਤਕ ਲੜਕੀ ਗੁਰਪ੍ਰੀਤ ਕੌਰ ਦੇ ਪਿਤਾ ਸਤਨਾਮ ਸਿੰਘ ਪੁੱਤਰ ਪ੍ਰਤਪਾਲ ਸਿੰਘ ਦੇ ਬਿਆਨਾਂ 'ਤੇ ਜਸਵੀਰ ਸਿੰਘ ਪੁੱਤਰ ਮੁੱਖਤਿਆਰ ਸਿੰਘ ਵਾਸੀ ਬੁੱਢੀ ਪਿੰਡ ਖਿਲਾਫ਼ ਮਰਨ ਲਈ ਮਜ਼ਬੂਰ ਕਰਨ ਦੀ ਧਾਰਾ ਅਧੀਨ ਮਾਮਲਾ ਦਰਜ ਕੀਤਾ ਹੈ। ਪੁਲਸ ਕੋਲ ਦਰਜ ਕਰਵਾਏ ਬਿਆਨਾਂ 'ਚ ਸਤਨਾਮ ਸਿੰਘ ਨੇ ਦੱਸਿਆ ਕਿ ਉਸ ਦੀ 22 ਸਾਲਾ ਲੜਕੀ ਮੇਨ ਬਾਜ਼ਾਰ ਉੜਮੁੜ ਵਿਖੇ ਕੱਪੜੇ ਦੇ ਰੈਡੀਮੇਟ ਦੁਕਾਨ 'ਤੇ ਕੰਮ ਕਰਨ ਲਈ ਜਾਂਦੀ ਸੀ ਅਤੇ ਉਸ ਦੀ ਬੇਟੀ ਨੇ ਦੱਸਿਆ ਸੀ ਕਿ ਕੁਝ ਦਿਨ ਪਹਿਲਾਂ ਉਕਤ ਦੋਸ਼ੀ ਉਸ ਨੂੰ ਰਸਤੇ 'ਚ ਰੋਕ ਕੇ ਤੰਗ ਪ੍ਰੇਸ਼ਾਨ ਕਰਦਾ ਹੈ ਜਿਸ ਤੋਂ ਬਾਅਦ ਅਸੀਂ ਪਿੰਡ ਦੇ ਕੁਝ ਵਿਅਕਤੀਆਂ ਨੂੰ ਨਾਲ ਲੈ ਕੇ ਸਮਝਾਇਆ ਸੀ ਪਰ ਉਕਤ ਦੋਸ਼ੀ ਬਿਲਕੁੱਲ ਨਹੀਂ ਸੁਧਰਿਆ।
ਸਤਨਾਮ ਸਿੰਘ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਉਸ ਨੂੰ ਫੋਨ ਆਇਆ ਕਿ ਉਸ ਦੀ ਲੜਕੀ ਗੁਰਪ੍ਰੀਤ ਦਾਰਾਪੁਰ ਬਾਈਪਾਸ 'ਤੇ ਡਿੱਗੀ ਪਈ ਹੈ ਅਤੇ ਜਦੋਂ ਉਹ ਉੱਥੇ ਪਹੁੰਚਿਆ ਤਾਂ ਗੁਰਪ੍ਰੀਤ ਕੌਰ ਨੇ ਦੱਸਿਆ ਕਿ ਉਕਤ ਦੋਸ਼ੀ ਉਸ ਨੂੰ ਲਗਾਤਾਰ ਤੰਗ ਪ੍ਰੇਸ਼ਾਨ ਕਰ ਰਿਹਾ ਹੈ ਜਿਸ ਤੋਂ ਤੰਗ ਆ ਕੇ ਉਸ ਨੇ ਜ਼ਹਿਰ ਨਿਗਲ ਲਿਆ ਹੈ, ਜਿਸ ਉਪਰੰਤ ਗੁਰਪ੍ਰੀਤ ਕੌਰ ਨੂੰ ਸਰਕਾਰੀ ਹਸਪਤਾਲ ਟਾਂਡਾ ਦਾਖਲ ਕਰਵਾਇਆ ਗਿਆ ਜਿੱਥੋਂ ਉਸ ਨੂੰ ਹੁਸ਼ਿਆਰਪੁਰ ਰੈਫ਼ਰ ਕਰ ਦਿੱਤਾ ਜਿੱਥੇ ਬੀਤੀ ਰਾਤ ਉਸ ਦੀ ਮੌਤ ਹੋ ਗਈ। ਟਾਂਡਾ ਪੁਲਸ ਨੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।