ਰੰਜਿਸ਼ ਦੇ ਚੱਲਦਿਆਂ ਹਥਿਆਰਬੰਦ ਨੌਜਵਾਨਾਂ ਨੇ ਅੰਨ੍ਹੇਵਾਹ ਚਲਾਈਆਂ ਗੋਲ਼ੀਆਂ
Saturday, Jan 22, 2022 - 06:19 PM (IST)
ਮੋਗਾ (ਅਜ਼ਾਦ) : ਰੰਜਿਸ਼ ਦੇ ਚੱਲਦੇ ਹਥਿਆਰਬੰਦ ਨੌਜਵਾਨਾਂ ਨੇ ਪਰਮਜੀਤ ਸਿੰਘ ਉਰਫ ਪ੍ਰਭ ਨਿਵਾਸੀ ਪਿੰਡ ਸੈਦੇਸ਼ਾਹਵਾਲਾ ’ਤੇ ਜਾਨਲੇਵਾ ਹਮਲਾ ਕਰਦੇ ਹੋਏ ਅੰਨ੍ਹੇਵਾਹ ਫਾਇਰਿੰਗ ਕਰ ਦਿੱਤੀ। ਥਾਣਾ ਫਤਿਹਗੜ੍ਹ ਪੰਜਤੂਰ ਪੁਲਸ ਵੱਲੋਂ ਪ੍ਰਭਜੀਤ ਸਿੰਘ ਉਰਫ ਪ੍ਰਭ ਦੀ ਸ਼ਿਕਾਇਤ ’ਤੇ ਇੰਦਰਜੀਤ ਸਿੰਘ ਉਰਫ਼ ਇੰਦਰ, ਭੁਪਿੰਦਰ ਸਿੰਘ ਉਰਫ਼ ਭਿੰਦਰ ਨਿਵਾਸੀ ਪਿੰਡ ਸ਼ਾਹ ਅਬੂਬੱਕਰ (ਫ਼ਿਰੋਜ਼ਪੁਰ) ਅਤੇ 5-6 ਅਣਪਛਾਤੇ ਹਥਿਆਰਬੰਦ ਨੌਜਵਾਨਾਂ ਖ਼ਿਲਾਫ਼ ਵੱਖ-ਵੱਖ ਧਰਾਵਾਂ ਦੇ ਤਹਿਤ ਮਾਮਲਾ ਦਰਜ ਕਰਕੇ ਉਨ੍ਹਾਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ। ਇਸ ਮਾਮਲੇ ਦੀ ਜਾਂਚ ਕਰ ਰਹੇ ਥਾਣਾ ਮੁਖੀ ਸੁਖਚੈਨ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਦਿੱਤੇ ਸ਼ਿਕਾਇਤ ਪੱਤਰ ਵਿਚ ਪ੍ਰਭਜੀਤ ਸਿੰਘ ਉਰਫ ਪ੍ਰਭ ਨੇ ਕਿਹਾ ਕਿ ਜਦ ਉਹ ਆਪਣੇ ਸਾਥੀਆਂ ਹਿਮਾਂਸ਼ੂ ਨਿਵਾਸੀ ਪਿੰਡ ਫਤਿਹਗੜ੍ਹ ਪੰਜਤੂਰ, ਗੁਰਪ੍ਰੀਤ ਸਿੰਘ ਉਰਫ ਗੋਰਾ, ਰਵੀ ਕੁਮਾਰ ਦੋਵੇਂ ਨਿਵਾਸੀ ਕੋਟ ਈਸੇ ਖਾਂ ਨਾਲ ਆਪਣੀ ਸਵਿਫਟ ਕਾਰ ’ਤੇ ਕੋਟ ਈਸੇ ਖਾਂ ਤੋਂ ਫਤਿਹਗੜ੍ਹ ਪੰਜਤੂਰ ਨੂੰ ਜਾ ਰਹੇ ਸੀ ਤਾਂ ਰਸਤੇ ਵਿਚ ਕਥਿਤ ਦੋਸ਼ੀਆਂ ਨੇ ਜੋ ਕਾਰ ਵਿਚ ਸਵਾਰ ਸਨ ਨੇ ਧਰਮਕੋਟ ਚੌਂਕ ਫਤਿਹਗੜ੍ਹ ਪੰਜਤੂਰ ਦੇ ਕੋਲ ਉਨ੍ਹਾਂ ਦੀ ਕਾਰ ਨੂੰ ਟੱਕਰ ਮਾਰੀ, ਜਿਸ ’ਤੇ ਅਸੀਂ ਕਾਰ ਰੋਕੀ ਤਾਂ ਉਨ੍ਹਾਂ ਜਾਨਲੇਵਾ ਹਮਲਾ ਕਰਦੇ ਹੋਏ ਕਾਰ ਦੇ ਸ਼ੀਸ਼ੇ ਤੋੜ ਦਿੱਤੇ।
ਉਕਤ ਨੇ ਦੱਸਿਆ ਕਿ ਜਦੋਂ ਮੇਰੇ ਦੋਸਤ ਗੁਰਪ੍ਰੀਤ ਸਿੰਘ ਨੇ ਗੱਡੀ ਭਜਾਉਣ ਦਾ ਯਤਨ ਕੀਤਾ ਤਾਂ ਇੰਦਰਜੀਤ ਸਿੰਘ ਅਤੇ ਭੁਪਿੰਦਰ ਸਿੰਘ ਨੇ ਮਾਰ ਦੇਣ ਦੀ ਨੀਅਤ ਨਾਲ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ, ਜੋ ਸਾਡੀ ਕਾਰ ਵਿਚ ਲੱਗੀਆਂ ਅਤੇ ਇਕ ਗੋਲੀ ਰਵੀ ਕੁਮਾਰ ਦੇ ਮੋਢੇ ਦੇ ਹੇਠਾਂ ਲੱਗੀ। ਇਸ ਦੌਰਾਨ ਸਾਰੇ ਹਮਲਾਵਰ ਧਮਕੀਆਂ ਦਿੰਦੇ ਹੋਏ ਉਥੋਂ ਭੱਜ ਗਏ। ਅਸੀਂ ਆਪਣੇ ਸਾਥੀ ਨੂੰ ਕੋਟ ਈਸੇ ਖਾਂ ਦੇ ਪ੍ਰਾਈਵੇਟ ਹਸਪਤਾਲ ਵਿਚ ਦਾਖਲ ਕਰਵਾਇਆ ਅਤੇ ਪੁਲਸ ਨੂੰ ਸੂਚਿਤ ਕੀਤਾ। ਉਸ ਨੇ ਕਿਹਾ ਕਿ ਕੁਝ ਸਮਾਂ ਪਹਿਲਾਂ ਕਥਿਤ ਦੋਸ਼ੀਆਂ ਨਾਲ ਸਾਡਾ ਝਗੜਾ ਹੋਇਆ ਸੀ, ਜਿਸ ਕਾਰਣ ਉਨ੍ਹਾਂ ਨੇ ਹਮਲਾ ਕੀਤਾ। ਥਾਣਾ ਮੁਖੀ ਨੇ ਕਿਹਾ ਕਿ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਜਾਂਚ ਕਰ ਰਹੇ ਹਾਂ ਕਥਿਤ ਦੋਸ਼ੀਆਂ ਦੀ ਗ੍ਰਿਫਤਾਰੀ ਬਾਕੀ ਹੈ।