ਗਿੱਦੜਬਾਹਾ : ਦੋ ਧੜਿਆਂ ''ਚ ਖੂਨੀ ਭੇੜ, 200 ਤੋਂ ਵਧੇਰੇ ਨੌਜਵਾਨਾਂ ਨੇ ਚਲਾਏ ਬੇਸ ਬੈਟ, ਹਾਕੀਆਂ ਤੇ ਗੋਲੀਆਂ
Friday, Aug 14, 2020 - 06:40 PM (IST)

ਗਿੱਦੜਬਾਹਾ (ਜ.ਬ) : ਨੇੜਲੇ ਪਿੰਡ ਹੁਸਨਰ ਅਤੇ ਗੁਰੂਸਰ ਜਾਂਦੀ ਸੜਕ ਦੇ ਨੌਜਵਾਨਾਂ ਦੇ ਦੋ ਧੜਿਆਂ ਵਿਚ ਜ਼ਬਰਦਸਤ ਖੂਨੀ ਝੜਪ ਹੋ ਗਈ। ਇਸ ਝੜਪ 'ਚ 7 ਨੌਜਵਾਨ ਗੰਭੀਰ ਜ਼ਖਮੀ ਹੋ ਗਏ। ਇਨ੍ਹਾਂ ਵਿਚ ਦੋ ਨੌਜਵਾਨਾਂ ਦੀ ਹਾਲਤ ਵਧੇਰੇ ਗੰਭੀਰ ਹੈ, ਜਿਨ੍ਹਾਂ ਨੂੰ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਫਰੀਦਕੋਟ ਅਤੇ ਇਕ ਨੂੰ ਬਠਿੰਡਾ ਰੈਫਰ ਕੀਤਾ ਗਿਆ ਹੈ। ਜਾਣਕਾਰੀ ਅਨੁਸਾਰ ਇਨ੍ਹਾਂ ਨੌਜਵਾਨਾਂ ਵਿਚ ਬੀਤੇ ਕੱਲ ਵੀ ਕਿਸੇ ਗੱਲ ਨੂੰ ਲੈ ਕੇ ਤਕਰਾਰ ਹੋਈ ਸੀ। ਜਿਸ ਉਪਰੰਤ ਦੋਵਾਂ ਧਿਰਾਂ ਦੇ ਨੌਜਵਾਨਾਂ ਨੇ ਸਮਾਂ ਅਤੇ ਸਥਾਨ ਨਿਸ਼ਚਿਤ ਕਰਕੇ ਵੀਰਵਾਰ ਸ਼ਾਮ ਪਿੰਡ ਹੁਸਨਰ ਤੋਂ ਪਿੰਡ ਗੁਰੂਸਰ ਨੂੰ ਜਾਂਦੀ ਸੜਕ 'ਤੇ ਨਹਿਰਾਂ ਦੇ ਪੁਲ ਨੇੜੇ ਆਬਾਦੀ ਤੋਂ ਦੂਰ ਆਪਣੇ-ਆਪਣੇ ਹਮਾਇਤੀਆਂ ਨਾਲ ਸੈਂਕੜਿਆ ਦੀ ਗਿਣਤੀ ਵਿਚ ਇਕੱਠੇ ਹੋ ਆਹਮੋ-ਸਾਹਮਣੀ ਲੜਾਈ ਵਿਚ ਇਕ-ਦੂਜੇ 'ਤੇ ਫਾਇਰਿੰਗ ਅਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕੀਤਾ।
ਇਹ ਵੀ ਪੜ੍ਹੋ : ਆਜ਼ਾਦੀ ਦਿਹਾੜੇ ਤੋਂ ਇਕ ਦਿਨ ਪਹਿਲਾਂ ਮੋਗਾ ਦੇ ਡੀ. ਸੀ. ਦਫ਼ਤਰ 'ਤੇ ਲਹਿਰਾਇਆ ਖਾਲਿਸਤਾਨ ਦਾ ਝੰਡਾ
ਇਨ੍ਹਾਂ ਨੌਜਵਾਨਾਂ ਵਿਚ ਪਿੰਡ ਗੁਰੂਸਰ, ਹੁਸਨਰ, ਮਧੀਰ ਆਦਿ ਪਿੰਡਾਂ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਪਿੰਡਾਂ ਦੇ ਨੌਜਵਾਨ ਸ਼ਾਮਲ ਦੱਸੇ ਜਾ ਰਹੇ ਹਨ। ਸਿਵਲ ਹਸਪਤਾਲ ਦੇ ਡਿਊਟੀ ਡਾਕਟਰ ਧਰਿੰਦਰ ਗਰਗ ਨੇ ਦੱਸਿਆ ਕਿ 7 ਜ਼ਖਮੀਆਂ ਵਿਚੋਂ ਇਕ ਗੰਭੀਰ ਜ਼ਖਮੀਂ ਗੋਰਾ ਸਿੰਘ ਵਾਸੀ ਗੁਰੂਸਰ ਜਿਸ ਦੇ ਪੇਟ ਵਿਚ ਗੋਲੀ ਵੱਜੀ ਹੈ ਨੂੰ ਮੁੱਢਲੀ ਸਹਾਇਤਾ ਉਪਰੰਤ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਫਰੀਦਕੋਟ ਵਿਖੇ ਰੈਫਰ ਕਰ ਦਿੱਤਾ ਗਿਆ ਹੈ। ਜਦਕਿ ਗੁਰਸੇਵਕ ਸਿੰਘ ਵਾਸੀ ਹੁਸਨਰ ਜੋਕਿ ਤੇਜ਼ਧਾਰ ਹਥਿਆਰਾਂ ਨਾਲ ਗੰਭੀਰ ਰੂਪ ਵਿਚ ਜ਼ਖਮੀ ਸੀ ਨੂੰ ਵੀ ਮੁੱਢਲੀ ਸਹਾਇਤਾ ਉਪਰੰਤ ਬਠਿੰਡਾ ਲਈ ਰੈਫਰ ਕਰ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ : 40 ਲੱਖ ਲਗਾ ਅਮਰੀਕਾ ਤੋਂ ਡਿਪੋਰਟ ਹੋਏ 123 ਮੁੰਡੇ-ਕੁੜੀਆਂ, ਅੱਖਾਂ 'ਚ ਹੰਝੂ ਲੈ ਬਿਆਨ ਕੀਤਾ ਦਰਦ
ਇਸ ਤੋਂ ਇਲਾਵਾ ਜ਼ਖਮੀ ਜਿਨ੍ਹਾਂ ਵਿਚ ਵਰਿੰਦਰ ਸਿੰਘ ਵਾਸੀ ਮਧੀਰ, ਬਲਜੀਤ ਸਿੰਘ ਵਾਸੀ ਔਲਖ, ਲਭਦੀਪ ਸਿੰਘ ਵਾਸੀ ਗਿੱਦੜਬਾਹਾ, ਮਨਪ੍ਰੀਤ ਸਿੰਘ ਵਾਸੀ ਲਾਲਬਾਈ, ਅਜੈਪਾਲ ਸਿੰਘ ਵਾਸੀ ਗੁਰੂਸਰ ਸਿਵਲ ਹਸਪਤਾਲ ਗਿੱਦੜਬਾਹਾ ਵਿਖੇ ਜ਼ੇਰੇ ਇਲਾਜ਼ ਹਨ। ਘਟਨਾ ਸਥਾਨ 'ਤੇ ਪਹੁੰਚੇ ਥਾਣਾ ਗਿੱਦੜਬਾਹਾ ਦੇ ਮੁੱਖ ਅਫਸਰ ਪਰਮਜੀਤ ਸਿੰਘ ਨੇ ਦੱਸਿਆ ਕਿ ਲੜਾਈ ਦੇ ਕਾਰਣਾਂ ਦਾ ਅਜੇ ਤੱਕ ਕੋਈ ਪਤਾ ਨਹੀਂ ਲੱਗ ਸਕਿਆ ਅਤੇ ਜ਼ਖਮੀਆਂ ਅਤੇ ਅੱਖੀਂ ਦੇਖਣ ਵਾਲਿਆਂ ਦੇ ਬਿਆਨ ਦਰਜ ਕਰਕੇ ਘਟਨਾਂ ਦੀ ਜਾਂਚ ਉਪਰੰਤ ਬਣਦੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।
ਇਹ ਵੀ ਪੜ੍ਹੋ : ਮੌਸਮ ਵਿਭਾਗ ਦੀ ਚਿਤਾਵਨੀ, ਭਲਕੇ ਪਵੇਗਾ ਭਾਰੀ ਮੀਂਹ