ਰੇਲਵੇ ਤਾਰਾਂ ਦੀ ਨਿਗਰਾਨੀ ਕਰ ਰਹੇ ਦੋ ਨੌਜਵਾਨਾਂ ਦੀ ਡੀਜ਼ਲ ਇੰਜਣ ਹੇਠ ਆਉਣ ਕਾਰਨ ਮੌਤ

Monday, Oct 30, 2023 - 06:06 PM (IST)

ਰੇਲਵੇ ਤਾਰਾਂ ਦੀ ਨਿਗਰਾਨੀ ਕਰ ਰਹੇ ਦੋ ਨੌਜਵਾਨਾਂ ਦੀ ਡੀਜ਼ਲ ਇੰਜਣ ਹੇਠ ਆਉਣ ਕਾਰਨ ਮੌਤ

ਕੋਟਕਪੂਰਾ (ਨਰਿੰਦਰ ਬੈੜ੍ਹ) : ਅੱਜ ਸਵੇਰੇ ਸ੍ਰੀ ਮੁਕਤਸਰ ਸਾਹਿਬ ਤੋਂ ਕੋਟਕਪੂਰਾ ਆ ਰਹੀ ਪਾਵਰ (ਡੀਜ਼ਲ ਇੰਜਣ) ਹੇਠਾਂ ਆਉਣ ਕਾਰਨ ਦੋ ਨੌਜਵਾਨਾਂ ਦੀ ਮੌਤ ਹੋ ਜਾਣ ਦਾ ਪਤਾ ਲੱਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਰੇਲਵੇ ਦੀਆਂ ਪੈ ਰਹੀਆਂ ਤਾਰਾਂ ਦੀ ਨਿਗਰਾਨੀ ਕਰ ਰਹੇ ਦੋ ਨੌਜਵਾਨ ਖੇਮ ਚੰਦ (31) ਪੁੱਤਰ ਪ੍ਰਿਥੀ ਰਾਜ ਅਤੇ ਪਵਨ ਕੁਮਾਰ (21) ਪੁੱਤਰ ਜਗਦੀਸ਼ ਕੁਮਾਰ ਵਾਸੀਆਨ ਨਹਿਰੂ ਬਸਤੀ, ਬਰੀਵਾਲਾ ਲਾਈਨਾਂ ਦੇ ਵਿਚਕਾਰ ਆ ਰਹੇ ਸਨ ਕਿ ਇਸ ਦੌਰਾਨ ਸਵੇਰੇ 5:45 ਵਜੇ ਦੇ ਕਰੀਬ ਪਿੰਡ ਵਾਂਦਰ ਜਟਾਣਾ ਕਿਲੋਮੀਟਰ ਨੰਬਰ-7 ਨੇੜੇ ਆ ਰਹੀ ਪਾਵਰ ਹੇਠਾਂ ਆ ਗਏ, ਜਿਸ ਕਾਰਨ ਦੋਵਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ। 

ਇਸ ਸਬੰਧ ਵਿਚ ਜਾਣਕਾਰੀ ਦਿੰਦੇ ਹੋਏ ਰੇਲਵੇ ਦੀ ਜੀ. ਆਰ. ਪੀ. ਚੌਂਕੀ ਕੋਟਕਪੂਰਾ ਦੇ ਇੰਚਾਰਜ ਰਜਿੰਦਰ ਸਿੰਘ ਬਰਾੜ ਨੇ ਦੱਸਿਆ ਕਿ ਇਹ ਦੋਵੇਂ ਵਿਅਕਤੀ ਜੀ.ਆਈ. ਗਰੁੱਪ ਵੱਲੋਂ ਪਾਈਆਂ ਜਾ ਰਹੀਆਂ ਬਿਜਲੀ ਦੀਆਂ ਤਾਰਾਂ ਦੀ ਨਿਗਰਾਨੀ ਕਰਦੇ ਹੋਏ ਡਿਊਟੀ ਕਰ ਰਹੇ ਸਨ ਕਿ ਸਵੇਰੇ 5:45 ਵਜੇ ਦੇ ਕਰੀਬ ਹਨੇਰਾ ਹੋਣ ਕਾਰਨ ਇਨ੍ਹਾਂ ਨੂੰ ਆ ਰਹੀ ਪਾਵਰ (ਡੀਜ਼ਲ ਇੰਜਣ) ਦਾ ਪਤਾ ਨਹੀਂ ਲੱਗਿਆ ਅਤੇ ਦੋਵੇਂ ਹਾਦਸੇ ਦਾ ਸ਼ਿਕਾਰ ਹੋ ਗਏ। ਉਨ੍ਹਾਂ ਦੱਸਿਆ ਕਿ ਇਹ ਦੋਵੇਂ ਨੌਜਵਾਨ ਵਿਅਕਤੀ ਆਪਸ ਵਿਚ ਰਿਸ਼ਤੇਦਾਰ ਹਨ। ਉਨ੍ਹਾਂ ਦੱਸਿਆ ਕਿ ਦੋਵਾਂ ਮ੍ਰਿਤਕ ਨੌਜਵਾਨਾਂ ਦਾ ਪੋਸਟ ਮਾਰਟਮ ਕਰਵਾਇਆ ਜਾ ਰਿਹਾ ਹੈ ਅਤੇ ਪੋਸਟ ਮਾਰਟਮ ਕਰਵਾਉਣ ਤੋਂ ਬਾਅਦ ਲਾਸ਼ਾਂ ਨੂੰ ਮ੍ਰਿਤਕਾਂ ਦੇ ਵਾਰਸਾਂ ਦੇ ਹਵਾਲੇ ਕਰ ਦਿੱਤਾ ਜਾਵੇਗਾ।


author

Gurminder Singh

Content Editor

Related News