ਨਸ਼ੇ ਦੀ ਭੇਂਟ ਚੜ੍ਹਿਆ ਨੌਜਵਾਨ, ਓਵਰਡੋਜ਼ ਨਾਲ ਹੋਈ ਮੌਤ

Tuesday, Aug 01, 2017 - 07:23 PM (IST)

ਨਸ਼ੇ ਦੀ ਭੇਂਟ ਚੜ੍ਹਿਆ ਨੌਜਵਾਨ, ਓਵਰਡੋਜ਼ ਨਾਲ ਹੋਈ ਮੌਤ

ਜਲਾਲਾਬਾਦ (ਸੇਤੀਆ) : ਬੀਤੇ ਦਿਨੀ ਉਪਮੰਡਲ ਦੇ ਅਧੀਨ ਪੈਂਦੇ ਪਿੰਡ ਢਾਬ ਖੁਸ਼ਹਾਲ ਜੋਈਆ 'ਚ ਨਸ਼ੇ ਦੇ ਕਾਰਨ ਇਕ ਨੌਜਵਾਨ ਦੀ ਮੌਤ ਹੋ ਜਾਣ ਦਾ ਸਮਾਚਾਰ ਮਿਲਿਆ ਹੈ ਜਦਕਿ ਇਸ ਮਾਮਲੇ ਸਬੰਧੀ ਥਾਣਾ ਸਦਰ ਦੀ ਪੁਲਸ ਨੂੰ ਜਾਣਕਾਰੀ ਨਹੀਂ ਹੈ। ਉਧਰ ਨਸ਼ੇ ਦੇ ਕਾਰਨ ਹੋਈ ਇਸ ਮੌਤ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਸਰਕਾਰ ਦੀ ਕਾਰਜਪ੍ਰਣਾਲੀ ਨੂੰ ਲੈ ਕੇ ਸਿਆਸੀ ਵਰਕਰਾਂ ਵਲੋਂ ਇਕ-ਦੂਜੇ 'ਤੇ ਤਿੱਖੇ ਹਮਲੇ ਕੀਤੇ ਗਏ।
ਜਾਣਕਾਰੀ ਅਨੁਸਾਰ ਪਿੰਡ ਢਾਬ ਖੁਸ਼ਹਾਲ ਜੋਈਆ ਨਿਵਾਸੀ ਰਾਜੂ (17) ਪੁਤਰ ਬਗੀਚਾ ਸਿੰਘ ਦੀ ਮੌਤ ਹੋ ਗਈ ਜਦਕਿ ਇਸ ਗੱਲ ਦੀ ਇਲਾਕੇ ਅਤੇ ਸੋਸ਼ਲ ਮੀਡੀਆ 'ਤੇ ਪੂਰੀ ਚਰਚਾ ਹੈ ਕਿ ਇਹ ਮੌਤ ਚਿੱਟੇ ਦੇ ਨਸ਼ੇ ਕਾਰਨ ਹੋਈ ਹੈ ਜਦਕਿ ਦੂਜੇ ਪਾਸੇ ਪੁਲਸ ਨੂੰ ਇਸ ਮਾਮਲੇ ਵਿਚ ਜਾਣਕਾਰੀ ਨਹੀਂ ਹੈ।ਇਸ ਸਬੰਧੀ ਜਦੋਂ ਥਾਣਾ ਸਦਰ ਮੁਖੀ ਜੇਜੇ ਅਟਵਾਲ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਇਸ ਸਬੰਧੀ ਕੋਈ ਜਾਣਕਾਰੀ ਨਹੀਂ ਹੈ ਜਦਕਿ ਮੀਡੀਆ ਵਲੋਂ ਹੀ ਉਨ੍ਹਾਂ ਨੂੰ ਪਤਾ ਲੱਗਾ ਹੈ।
ਉਧਰ ਇਸ ਘਟਨਾ ਸੰਬੰਧੀ ਜਦੋਂ 'ਆਪ' ਪਾਰਟੀ ਦੇ ਆਗੂ ਮਹਿੰਦਰ ਸਿੰਘ ਕਚੂਰਾ ਵਲੋਂ ਫੇਸਬੁੱਕ ਤੇ ਪਿੰਡ ਢਾਬ ਖੁਸ਼ਹਾਲ 'ਚ 17 ਸਾਲ ਨੌਜਵਾਨ ਚੜ੍ਹਿਆ ਚਿੱਟੇ ਦੀ ਭੇਂਟ ਸਬੰਧੀ ਪੋਸਟ ਪਾਈ ਗਈ ਤਾਂ ਗੱਲਬਾਤ 'ਚ ਉਨ੍ਹਾਂ ਦੱਸਿਆ ਕਿ ਮੈਂ ਪਿੰਡ 'ਚ ਲੰਘ ਰਿਹਾ ਸੀ ਕਿ ਉਥੇ ਇਕੱਠ ਦੇਖ ਰੁੱਕ ਗਿਆ ਅਤੇ ਪਤਾ ਲੱਗਾ ਕਿ ਨੌਜਵਾਨ ਦੀ ਨਸ਼ੇ ਦਾ ਟੀਕਾ ਲਗਾਉਂਦੇ ਸਮੇਂ ਮੌਤ ਹੋਈ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਹੱਥ 'ਚ ਗੁਟਕਾ ਸਾਹਿਬ ਲੈ ਕੇ ਸਹੁੰ ਚੁੱਕ ਕੇ ਸੂਬੇ ਦੀ ਜਨਤਾ ਨਾਲ ਵਾਅਦਾ ਕੀਤਾ ਸੀ ਕਿ ਸੂਬੇ 'ਚ 4 ਹਫਤਿਆਂ ਵਿਚ ਚਿੱਟੇ ਦਾ ਖਾਤਮਾ ਕੀਤਾ ਜਾਵੇਗਾ ਪਰ ਜਿਸ ਤਰ੍ਹਾਂ ਦੇ ਹਾਲਾਤ ਹਨ ਚਿੱਟੇ ਦੀ ਵਿਕ੍ਰੀ ਅਜੇ ਵੀ ਜਾਰੀ ਹੈ।


Related News