ਟੀਕਾ ਲਗਾਉਣ ਉਪਰੰਤ ਨੌਜਵਾਨ ਦੀ ਮੌਤ, 2 ਨਾਮਜ਼ਦ
Tuesday, Jun 29, 2021 - 06:07 PM (IST)

ਗੁਰਦਾਸਪੁਰ (ਹਰਮਨ) : ਥਾਣਾ ਸਿਟੀ ਗੁਰਦਾਸਪੁਰ ਦੀ ਪੁਲਸ ਨੇ ਦੋਸਤਾਂ ਵੱਲੋਂ ਲਗਾਏ ਟੀਕੇ ਉਪਰੰਤ ਲੜਕੇ ਦੀ ਹੋਈ ਮੌਤ ਜਾਣ ਕਾਰਨ ਦੋਵਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਪੁਲਸ ਨੂੰ ਦਿੱਤੇ ਬਿਆਨਾਂ ਵਿੱਚ ਰਮਾ ਰਾਣੀ ਪਤਨੀ ਰਾਮ ਸਰੂਪ ਵਾਸੀ ਨੰਗਲ ਕੋਟਲੀ ਗੁਰਦਾਸਪੁਰ ਨੇ ਦੱਸਿਆ ਕਿ ਉਸਦਾ ਲੜਕਾ ਰਾਹੁਲ ਉਰਫ ਲੱਲਾ ਆਪਣੇ ਦੋਸਤ ਗੁਰਦੀਪ ਸਿੰਘ ਉਰਫ ਗੱਗੂ ਨਾਲ ਕਿਸੇ ਕੰਮ ਬਟਾਲਾ ਗਿਆ ਸੀ। ਉਨ੍ਹਾਂ ਦੋਵਾਂ ਦਾ ਕਿਸੇ ਨਾ-ਮਲੂਮ ਵਹੀਕਲ ਨਾਲ ਐਕਸੀਡੈਂਟ ਹੋ ਗਿਆ ਸੀ ਅਤੇ ਜਿਸ ਕਾਰਨ ਉਸ ਨੂੰ ਸਿਵਲ ਹਸਪਤਾਲ ਗੁਰਦਾਸਪੁਰ ਵਿਖੇ ਦਾਖ਼ਲ ਕਰਵਾਇਆ ਸੀ।
ਉਨ੍ਹਾਂ ਦੱਸਿਆ ਕਿ ਉਹ ਰਾਹੁਲ ਨੂੰ ਹਸਪਤਾਲ ਤੋਂ ਆਪਣੇ ਘਰ ਲੈ ਆਏ ਸਨ ਕਿ ਉਸ ਦਾ ਦੋਸਤ ਗੁਰਦੀਪ ਸਿੰਘ ਅਤੇ ਮੋਟਾ ਵਾਸੀ ਗੁਰਦਾਸਪੁਰ ਉਨ੍ਹਾਂ ਦੇ ਘਰ ਆਏ ਜਿਨ੍ਹਾਂ ਨੇ ਰਾਹੁਲ ਦੇ ਟੀਕਾ ਲਗਾਉਣ ਦੀ ਕੋਸ਼ਿਸ਼ ਕੀਤੀ। ਬਿਆਨਕਰਤਾ ਨੇ ਦੱਸਿਆ ਕਿ ਜਦੋਂ ਉਸ ਨੇ ਇਨ੍ਹਾਂ ਨੂੰ ਪੁੱਛਿਆ ਕਿ ਕਿਹੜਾ ਟੀਕਾ ਲਗਾ ਰਹੇ ਹੋ ਤਾਂ ਉਨ੍ਹਾਂ ਕਿਹਾ ਕਿ ਇਹ ਦਰਦ ਦਾ ਟੀਕਾ ਹੈ ਜਿਸ ਦੇ ਗੁਰਦੀਪ ਸਿੰਘ ਨੇ ਰਾਹੁਲ ਦੇ ਟੀਕਾ ਲਗਾ ਦਿੱਤਾ ਅਤੇ ਕੁਝ ਦੇਰ ਬਾਅਦ ਉਹ ਚਲੇ ਗਏ। ਉਪਰੰਤ ਰਾਹੁਲ ਦੀ ਹਾਲਤ ਖਰਾਬ ਹੋ ਗਈ ਅਤੇ ਉਸ ਦੀ ਮੌਤ ਹੋ ਗਈ। ਪੁਲਸ ਨੇ ਬਿਆਨਾਂ ਦੇ ਆਧਾਰ ’ਤੇ ਉਕਤ ਦੋਵਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ।