ਚਿੱਟੇ ਨਾਲ ਨੌਜਵਾਨ ਦੀ ਮੌਤ ਤੋਂ ਬਾਅਦ ਪੁਲਸ ਨੇ ਦੋ ਸਮੱਗਲਰ ਭਰਾਵਾਂ ਵਿਰੁੱਧ ਮਾਮਲਾ ਕੀਤਾ ਦਰਜ

Saturday, Jun 08, 2024 - 05:27 PM (IST)

ਚਿੱਟੇ ਨਾਲ ਨੌਜਵਾਨ ਦੀ ਮੌਤ ਤੋਂ ਬਾਅਦ ਪੁਲਸ ਨੇ ਦੋ ਸਮੱਗਲਰ ਭਰਾਵਾਂ ਵਿਰੁੱਧ ਮਾਮਲਾ ਕੀਤਾ ਦਰਜ

ਮਲੋਟ (ਜੁਨੇਜਾ) : ਥਾਣਾ ਸਦਰ ਮਲੋਟ ਦੇ ਪਿੰਡ ਸ਼ੇਰਗੜ੍ਹ ਗਿਆਨ ਸਿੰਘ ਵਾਲਾ ਵਿਖੇ 23 ਸਾਲਾ ਦੇ ਨੌਜਵਾਨ ਦੀ ਨਸ਼ੇ ਦੀ ਓਵਰਡੋਜ਼ ਨਾਲ ਮੌਤ ਹੋ ਜਾਣ ਤੋਂ ਬਾਅਦ ਸਦਰ ਮਲੋਟ ਪੁਲਸ ਨੇ ਮ੍ਰਿਤਕ ਦੇ ਪਿਤਾ ਦੇ ਬਿਆਨਾਂ ’ਤੇ ਨਸ਼ੇ ਦੀ ਵਿਕਰੀ ਦੇ ਧੰਦੇ ਨਾਲ ਜੁੜੇ ਦੋ ਭਰਾਵਾਂ ਵਿਰੁੱਧ ਮਾਮਲਾ ਦਰਜ ਕਰ ਲਿਆ ਹੈ। ਪੁਲਸ ਵੱਲੋਂ ਇਕ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜ਼ਿਕਰਯੋਗ ਹੈ ਕਿ ਕੱਲ੍ਹ ਪਿੰਡ ਸ਼ੇਰਗੜ੍ਹ ਵਿਖੇ 23 ਸਾਲਾ ਜਗਮੀਤ ਸਿੰਘ ਦੀ ਮੌਤ ਹੋ ਗਈ। ਇਸ ਮਾਮਲੇ ’ਤੇ ਪਿੰਡ ਵਾਸੀਆਂ ਵਿਚ ਭਾਰੀ ਗੁੱਸੇ ਵਿਚ ਹਨ। ਪਿੰਡ ਵਾਸੀਆਂ ਦਾ ਦੋਸ਼ ਹੈ ਕਿ ਸ਼ੇਰਗੜ੍ਹ ਵਿਖੇ ਦੋ ਭਰਾ ਲਗਾਤਾਰ ਚਿੱਟੇ ਦਾ ਧੰਦਾ ਕਰਦੇ ਹਨ ਅਤੇ ਇਸ ਨਾਲ ਪਿਛਲੇ ਸਮੇਂ ਵਿਚ 3 ਨੌਜਵਾਨਾਂ ਦੀਆਂ ਮੌਤਾਂ ਹੋ ਗਈਆਂ ਹਨ। ਇਸ ਸਬੰਧੀ ਮ੍ਰਿਤਕ ਦੇ ਪਿਤਾ ਸੁਰਜੀਤ ਸਿੰਘ ਨੇ ਪੁਲਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨ੍ਹਾਂ ਦਾ ਲੜਕਾ ਜਗਮੀਤ ਸਿੰਘ ਚਿੱਟੇ ਦੇ ਨਸ਼ੇ ਦਾ ਆਦੀ ਸੀ। ਪਿੰਡ ਵਿਚ ਪ੍ਰੇਮ ਰਾਮ ਪੁੱਤਰ ਬਹਾਦਰ ਰਾਮ ਅਤੇ ਉਸਦਾ ਭਰਾ ਬੂਟਾ ਰਾਮ ਚਿੱਟੇ ਦਾ ਨਸ਼ੇ ਵੇਚਣ ਦਾ ਕੰਮ ਕਰਦੇ ਹੈ। 

ਪਿੰਡ ਦੇ ਦਰਜਨਾਂ ਨੌਜਵਾਨ ਸ਼ਮਸ਼ਾਨਘਾਟ ਵਿਚ ਬੈਠ ਕੇ ਨਸ਼ੇ ਦਾ ਸੇਵਨ ਕਰਦੇ ਹਨ। ਜੇ ਕੋਈ ਸਧਾਰਨ ਵਿਅਕਤੀ ਉਸ ਪਾਸੇ ਚਲਾ ਵੀ ਜਾਵੇ ਤਾਂ ਉਸਨੂੰ ਧਮਕੀਆਂ ਦਿੱਤੀਆਂ ਜਾਂਦੀਆਂ ਹਨ। ਕੱਲ ਉਹ ਪਰਵਿੰਦਰ ਸਿੰਘ ਸੀਪਾ ਅਤੇ ਜਸਵੰਤ ਸਿੰਘ ਮੋਟਰਸਾਈਕਲ 'ਤੇ ਬੈਠ ਕੇ ਗਿਆ ਅਤੇ ਵਾਪਸ ਘਰ ਨਹੀਂ ਆਇਆ। ਮ੍ਰਿਤਕ ਦੇ ਭਰਾ ਜਸਮੇਲ ਸਿੰਘ ਨੇ ਜਾ ਕੇ ਵੇਖਿਆ ਤਾਂ ਉਹ ਸਰਿੰਜ ਲਗਾ ਕੇ ਮਰਿਆ ਪਿਆ ਸੀ। ਸੁਰਜੀਤ ਸਿੰਘ ਦਾ ਕਹਿਣਾ ਹੈ ਕਿ ਉਸਦਾ ਲੜਕਾ ਪ੍ਰੇਮ ਰਾਮ ਅਤੇ ਬੂਟਾ ਰਾਮ ਤੋਂ ਨਸ਼ਾ ਲੈ ਕੇ ਆਇਆ ਸੀ ਜਿਸ ਤੋਂ ਬਾਅਦ ਉਸਦੀ ਮੌਤ ਹੋ ਗਈ। ਜਸਮੇਲ ਨੇ ਕਿਹਾ ਕਿ ਪ੍ਰੇਮ ਤੇ ਉਸਦੇ ਭਰਾ ਬੂਟੇ ਕਾਰਨ ਪਿੰਡ ਦੇ ਦਰਜਨ ਭਰ ਨੌਜਵਾਨ ਚਿੱਟੇ ਦੀ ਲਪੇਟ ਵਿਚ ਹਨ । ਇਸ ਮਾਮਲੇ 'ਤੇ ਸਦਰ ਮਲੋਟ ਪੁਲਸ ਨੇ ਉਕਤ ਬਿਆਨਾਂ ਦੇ ਆਧਾਰ 'ਤੇ ਪ੍ਰੇਮ ਰਾਮ ਪੁੱਤਰ ਬਹਾਦਰ ਰਾਮ ਅਤੇ ਉਸਦੇ ਭਰਾ ਬੂਟਾ ਰਾਮ ਵਾਸੀਅਨ ਸ਼ੇਰਗੜ੍ਹ ਵਿਰੁੱਧ ਧਾਰਾ 304 ਅਤੇ 34 ਆਈਪੀਸੀ ਦੇ ਤਹਿਤ ਮੁਕੱਦਮਾ ਦਰਜ ਕਰਕੇ ਕਾਰਵਾਈ ਕੀਤੀ ਜਾ ਰਹੀ ਹੈ। ਪੁਲਸ ਵੱਲੋਂ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਅਦਾਲਤ ਵਿਚ ਪੇਸ਼ ਕੀਤਾ ਜਾ ਰਿਹਾ ਹੈ। 


author

Gurminder Singh

Content Editor

Related News