ਭੇਤਭਰੇ ਹਾਲਾਤ ’ਚ ਨੌਜਵਾਨ ਦੀ ਮੌਤ, ਮੁਖ ਮੁਲਜ਼ਮ ਕਿੰਨਰ ਆਰਤੀ ਸਣੇ 2 ਨਾਮਜ਼ਦ

Tuesday, May 24, 2022 - 10:26 AM (IST)

ਅੰਮ੍ਰਿਤਸਰ (ਜਸ਼ਨ)- ਭੇਤਭਰੇ ਹਾਲਾਤ ਵਿਚ ਇਕ ਨੌਜਵਾਨ ਤਜਿੰਦਰ ਸਿੰਘ ਦੀ ਹੋਈ ਮੌਤ ਦਾ ਮਾਮਲਾ ਗਰਮਾ ਗਿਆ ਹੈ। ਇਸ ਸਬੰਧੀ ਥਾਣਾ ਮਕਬੂਲਪੁਰਾ ਦੀ ਪੁਲਸ ਨੇ ਧਾਰਾ-304, 34 ਆਈ. ਪੀ. ਸੀ. ਤਹਿਤ 2 ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ। ਮੁਲਜ਼ਮਾਂ ਦੀ ਪਛਾਣ ਮਨਜੀਤ ਸਿੰਘ ਵਾਸੀ ਪਿੰਡ ਧੂੜ, ਹਿਮਾਚਲ ਪ੍ਰਦੇਸ਼ ਅਤੇ ਆਰਤੀ ਕਿੰਨਰ ਵਾਸੀ ਨਕੋਦਰ ਵਜੋਂ ਹੋਈ ਹੈ। ਮੁਲਜ਼ਮ ਮਨਜੀਤ ਸਿੰਘ ਉਕਤ ਟਰਾਂਸਜੈਂਡਰ ਦੀ ਕਾਰ ਦਾ ਡਰਾਈਵਰ ਹੈ। ਫਿਲਹਾਲ ਪੁਲਸ ਨੇ ਮੁਲਜ਼ਮ ਕਾਰ ਚਾਲਕ ਮਨਜੀਤ ਸਿੰਘ ਨੂੰ ਗ੍ਰਿਫਤਾਰ ਕਰ ਕੇ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ, ਜਦੋਂਕਿ ਮਾਮਲੇ ਦੇ ਮੁੱਖ ਮੁਲਜ਼ਮ ਕਿੰਨਰ ਆਰਤੀ ਦੀ ਗ੍ਰਿਫ਼ਤਾਰੀ ਲਈ ਪੁਲਸ ਨੇ ਵੱਡੇ ਪੱਧਰ ’ਤੇ ਛਾਪੇਮਾਰੀ ਕਰਨੀ ਸ਼ੁਰੂ ਕਰ ਦਿੱਤੀ ਹੈ। 

ਪੜ੍ਹੋ ਇਹ ਵੀ ਖ਼ਬਰ: ਅੰਮ੍ਰਿਤਸਰ ’ਚ ਰੂਹ ਕੰਬਾਊ ਵਾਰਦਾਤ: ਬੀਮੇ ਦੇ ਪੈਸੇ ਲੈਣ ਦੀ ਖ਼ਾਤਰ ਪਤਨੀ ਨੇ ਬੇਰਹਿਮੀ ਨਾਲ ਕੀਤਾ ਪਤੀ ਦਾ ਕਤਲ

ਇਹ ਸਾਰਾ ਮਾਮਲਾ ਮ੍ਰਿਤਕ ਨੌਜਵਾਨ ਤਜਿੰਦਰ ਸਿੰਘ ਦੀ ਮਾਤਾ ਬਲਜੀਤ ਕੌਰ ਦੇ ਬਿਆਨਾਂ ’ਤੇ ਦਰਜ ਕੀਤਾ ਗਿਆ ਹੈ। ਇਸ ਸਬੰਧ ਵਿਚ ਉਨ੍ਹਾਂ ਦੱਸਿਆ ਕਿ ਮੁੱਖ ਮੁਲਜ਼ਮ ਕਿੰਨਰ ਆਰਤੀ ਨੇ ਚੰਡੀਗੜ੍ਹ ਤੋਂ ਇਕ ਕਾਰ ਨੂੰ ਕਿਰਾਏ ’ਤੇ ਲਿਆ ਅਤੇ ਉਸ ਨੂੰ ਲੈ ਕੇ ਰਾਤ ਅੰਮ੍ਰਿਤਸਰ ਆਏ। ਇੱਥੋਂ ਉਸ ਨੇ ਬਲਜੀਤ ਕੌਰ ਨੂੰ ਨਾਲ ਲੈ ਕੇ ਉਸ ਦੀ ਮਾਂ ਜੋਗਿੰਦਰ ਕੌਰ ਵਾਸੀ ਕਰਾਤਪੁਰ ਕੋਲ ਗਏ ਅਤੇ ਉਨ੍ਹਾਂ ਨੇ ਇਸ ਦੌਰਾਨ ਭਵਾਨੀਪੁਰ, ਕਪੂਰਥਲਾ ਜਾ ਕੇ ਸ਼ਾਪਿੰਗ ਵੀ ਕੀਤੀ। ਇੱਥੇ ਤਾਂ ਸਭ ਕੁਝ ਠੀਕ-ਠਾਕ ਚੱਲ ਰਿਹਾ ਸੀ। ਇਸ ਤੋਂ ਬਾਅਦ ਅਗਲੇ ਦਿਨ ਉਕਤ ਦੋਵੇਂ ਮੁਲਜ਼ਮ ਪੀੜਤ ਬਲਜੀਤ ਕੌਰ ਦੇ ਲੜਕੇ ਤਜਿੰਦਰ ਸਿੰਘ ਨੂੰ ਨਾਲ ਲੈ ਕੇ ਕਾਰ ਸਮੇਤ ਨਕੋਦਰ ਵੱਲ ਚਲੇ ਗਏ ਅਤੇ ਰਾਤ ਤੱਕ ਆਉਣ ਨੂੰ ਕਿਹਾ।

ਪੜ੍ਹੋ ਇਹ ਵੀ ਖ਼ਬਰ: ਭਿੱਖੀਵਿੰਡ ’ਚ ਸੁਨਿਆਰੇ ਨੂੰ ਅਗਵਾ ਕਰ ਬੇਰਹਿਮੀ ਨਾਲ ਕੀਤਾ ਕਤਲ, ਪਿੰਡ ਰੈਸ਼ੀਆਣਾ ਨੇੜਿਓ ਬਰਾਮਦ ਹੋਈ ਲਾਸ਼

ਬਲਜੀਤ ਕੌਰ ਨੇ ਦੱਸਿਆ ਕਿ ਜਦੋਂ ਰਾਤ ਦੇ 10-11 ਵਜੇ ਤੱਕ ਉਸ ਦਾ ਲੜਕਾ ਤਜਿੰਦਰ ਸਿੰਘ ਘਰ ਨਹੀਂ ਪੁੱਜਾ ਤਾਂ ਉਸ ਨੇ ਤਜਿੰਦਰ ਦੇ ਮੋਬਾਇਲ ਨੰਬਰ ’ਤੇ ਕਾਲ ਕੀਤੀ ਤਾਂ ਅੱਗੋਂ ਤਜਿੰਦਰ ਬੋਲਿਆ ਕਿ ਮੁਲਜ਼ਮ ਕਾਰ ਡਰਾਈਵਰ ਮਨਜੀਤ ਸਿੰਘ ਨਕੋਦਰ ਪਾਸੇ ਕਿਸੇ ਸਥਾਨ ’ਤੇ ਲੈ ਕੇ ਆਇਆ ਹੈ। ਇਸ ਤੋਂ ਬਾਅਦ ਤਜਿੰਦਰ ਦਾ ਫੋਨ ਸਵਿੱਚ ਆਫ ਹੋ ਗਿਆ। ਅਗਲੇ ਦਿਨ ਫਿਰ ਬਲਜੀਤ ਨੇ ਮੁਲਜ਼ਮ ਕਿੰਨਰ ਆਰਤੀ ਨੂੰ ਫੋਨ ਕੀਤਾ ਤਾਂ ਉਸ ਨੇ ਕਿਹਾ ਕਿ ਉਸ ਦਾ ਪੁੱਤਰ ਠੀਕ ਨਹੀਂ ਹੈ ਅਤੇ ਡਰਾਈਵਰ ਮਨਜੀਤ ਸਿੰਘ ਉਸ ਨੂੰ ਕਾਰ ਵਿਚ ਲੈ ਕੇ ਆ ਰਿਹਾ ਹੈ।

ਪੜ੍ਹੋ ਇਹ ਵੀ ਖ਼ਬਰ: ਤਰਨਤਾਰਨ ਵਿਖੇ ਪ੍ਰੇਮੀ ਜੋੜੇ ਨੇ ਕੀਤੀ ਖ਼ੁਦਕੁਸ਼ੀ, ਨੌਜਵਾਨ ਦਾ ਡੇਢ ਮਹੀਨਾ ਪਹਿਲਾਂ ਹੋਇਆ ਸੀ ਵਿਆਹ

ਇਸ ਤੋਂ ਬਾਅਦ ਮੁਲਜ਼ਮ ਮਨਜੀਤ ਸਿੰਘ ਨੇ ਬਲਜੀਤ ਕੌਰ ਨੂੰ ਫੋਨ ਕਰ ਕੇ ਕਿਹਾ ਕਿ ਉਹ ਗੋਲਡਨ ਗੇਟ ਕੋਲ ਖੜ੍ਹਾ ਹੈ। ਜਦੋਂ ਬਲਜੀਤ ਕੌਰ ਅਤੇ ਉਸ ਦੇ ਪਰਿਵਾਰ ਦੇ ਹੋਰ ਮੈਂਬਰ ਗੋਲਡਨ ਗੇਟ ਪੁੱਜੇ ਤਾਂ ਦੇਖਿਆ ਕਿ ਉਸ ਦਾ ਲੜਕਾ ਤਜਿੰਦਰ ਕਾਰ ਦੀ ਪਿਛਲੀ ਸੀਟ ’ਤੇ ਮ੍ਰਿਤਕ ਹਾਲਤ ਵਿਚ ਪਿਆ ਹੋਇਆ ਸੀ। ਇਸ ਦੌਰਾਨ ਬਲਜੀਤ ਕੌਰ ਨੇ ਪੁਲਸ ਨੂੰ ਸ਼ੱਕ ਜਤਾਉਂਦੇ ਕਿਹਾ ਕਿ ਉਸ ਦੇ ਲੜਕੇ ਨੂੰ ਡਰਾਈਵਰ ਮਨਜੀਤ ਸਿੰਘ ਅਤੇ ਕਿੰਨਰ ਆਰਤੀ ਨੇ ਕੋਈ ਜ਼ਹਿਰੀਲੀ ਚੀਜ਼ ਖਵਾ ਕੇ ਮਾਰਿਆ ਹੈ। ਪੁਲਸ ਨੇ ਇਸ ਖ਼ਿਲਾਫ਼ ਕੇਸ ਦਰਜ ਕਰ ਕੇ ਕਾਰ ਡਰਾਈਵਰ ਮਨਜੀਤ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਅਤੇ ਇਸ ਕੇਸ ਦੀ ਮੁੱਖ ਮੁਲਜ਼ਮ ਕਿੰਨਰ ਆਰਤੀ ਨੂੰ ਕਾਬੂ ਕਰਨ ਲਈ ਪੁਲਸ ਛਾਪੇਮਾਰੀ ਕਰ ਰਹੀ ਹੈ। ਜਾਂਚ ਅਧਿਕਾਰੀ ਏ. ਐੱਸ. ਆਈ. ਅਵਤਾਰ ਸਿੰਘ ਨੇ ਕਿਹਾ ਕਿ ਮੁਲਜ਼ਮ ਕਿੰਨਰ ਆਰਤੀ ਜਲਦ ਪੁਲਸ ਦੀ ਗ੍ਰਿਫਤ ਵਿਚ ਹੋਵੇਗੀ ਅਤੇ ਉਸ ਤੋਂ ਇਸ ਸਾਰੇ ਮਾਮਲੇ ਬਾਰੇ ਠੀਕ ਖੁਲਾਸਾ ਹੋਵੇਗਾ।

ਪੜ੍ਹੋ ਇਹ ਵੀ ਖ਼ਬਰ: ਦੁਖਦ ਖ਼ਬਰ: ਪਿਤਾ ਤੇ ਤਾਏ ਦੀ ਮੌਤ ਦਾ ਸਦਮਾ ਨਾ ਸਹਾਰ ਸਕਿਆ 16 ਸਾਲਾ ਨੌਜਵਾਨ, ਇੰਝ ਲਾਇਆ ਮੌਤ ਨੂੰ ਗਲ

 

 

 


rajwinder kaur

Content Editor

Related News