ਸੰਗਰੂਰ ''ਚ ਦਲਿਤ ਨੌਜਵਾਨ ''ਤੇ ਹੋਏ ਜ਼ੁਲਮ ਦੀ ਸੁਖਬੀਰ ਬਾਦਲ ਵਲੋਂ ਨਿਖੇਧੀ

11/16/2019 6:40:34 PM

ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਇਕ ਦਲਿਤ ਨੌਜਵਾਨ 'ਤੇ ਕੀਤੇ ਜਾਬਰਾਨਾ ਅੱਤਿਆਚਾਰ ਦੀ ਨਿਖੇਧੀ ਕੀਤੀ ਹੈ। ਉਨ੍ਹਾਂ ਨੇ 37 ਸਾਲਾ ਦਲਿਤ ਮਜ਼ਦੂਰ ਦੀ ਮੌਤ 'ਤੇ ਦੁੱਖ ਪ੍ਰਗਟ ਕੀਤਾ। ਸੁਖਬੀਰ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ 'ਚ ਪੰਜਾਬ ਅੰਦਰ ਜੰਗਲ ਰਾਜ ਦਾ ਬੋਲਬਾਲਾ ਹੈ। ਦਲਿਤਾਂ 'ਤੇ ਅੱਤਿਆਚਾਰਾਂ ਦੀਆਂ ਘਟਨਾਵਾਂ ਵਾਰ-ਵਾਰ ਵਾਪਰ ਰਹੀਆਂ ਹਨ ਅਤੇ 37 ਸਾਲ ਦੇ ਸੰਗਰੂਰ ਵਾਸੀ ਜਗਮੇਲ ਦੇ ਤਾਜ਼ਾ ਮਾਮਲੇ ਨੇ ਹਰ ਸੰਵੇਦਨਸ਼ੀਲ ਪੰਜਾਬੀ ਦੇ ਜ਼ਮੀਰ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਉਨ੍ਹਾਂ ਕਿਹਾ ਕਿ ਜਗਮੇਲ ਨੂੰ ਇਕ ਖੰਭੇ ਨਾਲ ਬੰਨ੍ਹਣ ਮਗਰੋਂ ਕੁੱਝ ਲੋਕਾਂ ਨੇ ਉਸ 'ਤੇ ਅਣਮਨੁੱਖੀ ਅੱਤਿਆਚਾਰ ਕੀਤਾ। ਉਨ੍ਹਾਂ ਉਸ ਦੀ ਲੱਤਾਂ 'ਤੇ ਤੇਜ਼ਾਬ ਪਾ ਦਿੱਤਾ ਅਤੇ ਜਦੋਂ ਉਸ ਨੇ ਪਾਣੀ ਮੰਗਿਆ ਤਾਂ ਉਸ ਨੂੰ ਜ਼ਬਰਦਸਤੀ ਪਿਸ਼ਾਬ ਪਿਲਾਇਆ ਗਿਆ। ਬੁਰੀ ਤਰ੍ਹਾਂ ਜ਼ਖਮੀ ਹੋਣ ਕਰਕੇ ਜਗਮੇਲ ਦੀਆਂ ਲੱਤਾਂ ਨੂੰ ਕੱਟਣਾ ਪਿਆ ਅਤੇ ਅੱਜ ਪੀ. ਜੀ. ਆਈ. ਐੱਮ. ਈ. ਆਰ. ਵਿਖੇ ਜ਼ਖ਼ਮਾਂ ਦੀ ਤਾਬ ਨਾ ਝੱਲਦਿਆਂ ਉਸ ਨੇ ਦਮ ਤੋੜ ਦਿੱਤਾ।

ਸੁਖਬੀਰ ਨੇ ਕਿਹਾ ਕਿ ਸੂਬੇ ਅੰਦਰ ਪ੍ਰਸ਼ਾਸਨ ਨਾਂ ਦੀ ਕੋਈ ਚੀਜ਼ ਨਹੀਂ ਹੈ। ਉਨ੍ਹਾਂ ਕਿਹਾ ਕਿ ਕਿੰਨੇ ਦੁੱਖ ਦੀ ਗੱਲ ਹੈ ਕਿ ਜਦੋਂ ਸਮਾਜ ਦੇ ਸਾਰੇ ਵਰਗਾਂ ਦਾ ਜਿਊਣਾ ਦੁੱਭਰ ਹੋਇਆ ਪਿਆ ਹੈ ਤਾਂ ਅਜਿਹੇ ਸਮੇਂ 'ਚ ਮੁੱਖ ਮੰਤਰੀ ਛੁੱਟੀਆਂ ਮਨਾਉਣ ਯੂਰਪ ਚਲਾ ਗਿਆ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਦੀ ਲੋਕਾਂ ਪ੍ਰਤੀ ਇੰਨੀ ਲਾਪਰਵਾਹੀ ਹੈਰਾਨ ਕਰਦੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਜਗਮੇਲ ਦੇ ਹਮਲਾਵਰਾਂ ਖ਼ਿਲਾਫ ਕੋਈ ਵੀ ਕਾਰਵਾਈ ਕਰਨ ਵਿਚ ਨਾਕਾਮ ਰਹੀ ਹੈ ਅਤੇ ਨਾ ਹੀ ਇਹ ਜਗਮੇਲ ਦਾ ਸਹੀ ਢੰਗ ਨਾਲ ਇਲਾਜ ਕਰਵਾ ਪਾਈ ਹੈ। ਸੁਖਬੀਰ ਨੇ ਕਿਹਾ ਕਿ ਜਗਮੇਲ ਦਾ ਇਲਾਜ ਕਰਵਾਉਣ ਵਿਚ ਕੀਤੀ ਦੇਰੀ ਇਕ ਅਪਰਾਧਿਕ ਲਾਪਰਵਾਹੀ ਦੇ ਸਮਾਨ ਹੈ ,ਜਿਸ ਲਈ ਜ਼ਿੰਮੇਵਾਰੀ ਅਧਿਕਾਰੀਆਂ ਖ਼ਿਲਾਫ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਸੁਖਬੀਰ ਨੇ ਕਿਹਾ ਕਿ ਅਕਾਲੀ ਦਲ ਡਟ ਕੇ ਜਗਮੇਲ ਦੇ ਪਰਿਵਾਰ ਲਈ ਇਨਸਾਫ ਦੀ ਲੜਾਈ ਲੜੇਗਾ। ਉਨ੍ਹਾਂ ਇਹ ਵੀ ਮੰਗ ਕੀਤੀ ਕਿ ਜਗਮੇਲ ਦੇ ਪਰਿਵਾਰ ਨੂੰ ਢੁੱਕਵਾਂ ਮੁਆਵਜ਼ਾ ਅਤੇ ਇਕ ਮੈਂਬਰ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ।  


Gurminder Singh

Content Editor

Related News