ਪਿੰਡ ਦੇ ਵਿਅਕਤੀਆਂ ਨੇ ਕੁੱਟ-ਕੁੱਟ ਮਾਰ ਛੱਡਿਆ ਨੌਜਵਾਨ
Wednesday, May 26, 2021 - 05:36 PM (IST)
ਭਾਦਸੋਂ /ਨਾਭਾ (ਅਵਤਾਰ/ ਖੁਰਾਣਾ) : ਥਾਣਾ ਭਾਦਸੋਂ ਅਧੀਨ ਆਉਂਦੇ ਪਿੰਡ ਰਾਇਮਲ ਮਾਜਰੀ ਵਿਖੇ ਪਿੰਡ ਦੇ ਕੁਝ ਵਿਅਕਤੀਆਂ ਵਲੋਂ ਇਕ 40 ਸਾਲਾ ਨੌਜਵਾਨ ਦੀ ਜ਼ਬਰਦਸਤ ਕੁੱਟਮਾਰ ਕਰਨ ਉਪਰੰਤ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਹੈ। ਮਿਲੀ ਜਾਣਕਾਰੀ ਮੁਤਾਬਕ ਪਿੰਡ ਦਾ ਬਲਜਿੰਦਰ ਸਿੰਘ ਪੁੱਤਰ ਗੁਰਚਰਨ ਸਿੰਘ ਜੋ ਕਿ ਮਿਹਨਤ ਮਜ਼ਦੂਰੀ ਦਾ ਕੰਮ ਕਰਦਾ ਸੀ । ਬੀਤੇ ਦਿਨੀਂ ਪਿੰਡ ਦੇ ਕੁਝ ਵਿਅਕਤੀਆਂ ਗੁਰਪ੍ਰੀਤ ਸਿੰਘ ਪੁੱਤਰ ਚੰਦ ਸਿੰਘ, ਲਾਡੀ ਸਿੰਘ, ਬਲਵਿੰਦਰ ਸਿੰਘ ਬਗੈਰਾ ਨੇ ਉਸਦੀ ਡੰਡਿਆਂ, ਰਾਡਾਂ ਨਾਲ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਜਿਸਨੂੰ ਇਲਾਜ ਲਈ ਭਾਦਸੋਂ ਦੇ ਸਿਹਤ ਕੇਂਦਰ ਵਿਖੇ ਲਿਆਂਦਾ ਗਿਆ ਸੀ ਪਰ ਸੱਟਾਂ ਜ਼ਿਆਦਾ ਗੰਭੀਰ ਹੋਣ ਕਾਰਨ ਜ਼ਖਮੀ ਨੂੰ ਸਰਕਾਰੀ ਰਾਜਿੰਦਰਾ ਹਸਪਤਾਲ ਵਿਖੇ ਰੈਫਰ ਕਰ ਦਿੱਤਾ ਗਿਆ ਪਰ ਜ਼ਖਮੀ ਬਲਜਿੰਦਰ ਸਿੰਘ ਦੀ ਇਲਾਜ ਦੌਰਾਨ ਮੌਤ ਹੋ ਗਈ ।
ਮ੍ਰਿਤਕ ਦੀ ਪਤਨੀ ਸੁਖਵਿੰਦਰ ਕੌਰ, ਪੁੱਤਰ ਭੁਪਿੰਦਰ ਸਿੰਘ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕੁਝ ਦਿਨ ਪਹਿਲਾ ਇਨ੍ਹਾਂ ਵਿਅਕਤੀਆਂ ਵਲੋਂ ਉਨ੍ਹਾਂ ਦੇ ਘਰ ’ਤੇ ਹਮਲਾ ਵੀ ਕੀਤਾ ਸੀ, ਉਨ੍ਹਾਂ ਕਿਹਾ ਕਿ ਉਸ ਦੇ ਪਤੀ ਦੇ ਕਤਲ ਦੇ ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ। ਇਸ ਦੌਰਾਨ ਥਾਣਾ ਭਾਦਸੋਂ ਦੇ ਮੁਖੀ ਅ੍ਰਮਿਤਵੀਰ ਸਿੰਘ ਚਾਹਲ ਨੇ ਦੱਸਿਆ ਕਿ ਪੁਲਸ ਵਲੋਂ ਕਾਰਵਾਈ ਕਰਦੇ ਹੋਏ ਕਥਿਤ ਦੋਸ਼ੀਆਂ ਖ਼ਿਲਾਫ਼ ਆਈ. ਪੀ. ਸੀ. ਦੀ ਧਾਰਾ 302, 323, 341, 427, 148,149 ਤਹਿ ਮੁਕਦੱਮਾ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਹੈ।