ਪੈਰੋਲ ’ਤੇ ਆਏ ਨੌਜਵਾਨ ਨੂੰ ਪੁਲਸ ਨੇ ਜਬਰੀ ਚੁੱਕਿਆ
Sunday, Jul 22, 2018 - 05:06 AM (IST)

ਬਠਿੰਡਾ, (ਜ. ਬ., ਬਲਵਿੰਦਰ)- ਪਿੰਡ ਮੰਡੀ ਕਲਾਂ ਦਾ ਨੌਜਵਾਨ ਕੇਂਦਰੀ ਜੇਲ ਵਿਚ ਨਸ਼ੇ ਵਾਲੇ ਪਦਾਰਥਾਂ ਦੇ ਮਾਮਲੇ ਵਿਚ ਸਜ਼ਾ ਕੱਟ ਰਿਹਾ ਹੈ ਪਰ ਉਹ ਪੈਰੋਲ ’ਤੇ ਜਿਵੇਂ ਹੀ ਘਰ ਆਇਆ ਤਾਂ ਸਿਵਲ ਵਰਦੀ ਵਿਚ ਪੁਲਸ ਕਰਮਚਾਰੀਆਂ ਨੇ ਉਸਨੂੰ ਜਬਰੀ ਚੁੱਕਣ ਦੀ ਕੋਸ਼ਿਸ਼ ਕੀਤੀ ਤਾਂ ਪਰਿਵਾਰਕ ਮੈਂਬਰਾਂ ਦੇ ਵਿਰੋਧ ਕਰਨ ਦੇ ਬਾਵਜੂਦ ਪੁਲਸ ਫਿਰ ਵੀ ਉਸਨੂੰ ਲੈ ਗਈ। ਮਿਲੀ ਜਾਣਕਾਰੀ ਅਨੁਸਾਰ ਮੰਡੀ ਕਲਾਂ ਵਾਸੀ ਵਿਸ਼ਾਲ ਕੁਮਾਰ ਪੁੱਤਰ ਚਰਨ ਸਿੰਘ ਜੇਲ ’ਚ ਐੱਨ. ਡੀ. ਪੀ. ਸੀ. ਐਕਟ ਤਹਿਤ ਸਜ਼ਾ ਕੱਟ ਰਿਹਾ ਹੈ ਅਤੇ ਉਸਨੇ ਅਦਾਲਤ ਨੇ ਕਰੀਬ ਇਕ ਮਹੀਨੇ ਦੀ ਪੈਰੋਲ ’ਤੇ ਭੇਜਿਆ ਹੈ ਪਰ ਅਗਲੇ ਹੀ ਦਿਨ ਸੀ. ਆਈ. ਏ.-1 ਬਠਿੰਡਾ ਪੁਲਸ ਸਿਵਲ ਵਰਦੀ ਵਿਚ ਕੁਝ ਕਰਮਚਾਰੀਆਂ ਨਾਲ ਉਸਨੂੰ ਜਬਰੀ ਚੁੱਕ ਕੇ ਲਿਜਾਣ ਲੱਗੇ ਤਾਂ ਲਡ਼ਕੇ ਦੀ ਮਾਂ ਨੇ ਰੋਕਣ ਦੀ ਬਹੁਤ ਕੋਸ਼ਿਸ਼ ਕੀਤੀ ਇਥੋਂ ਤੱਕ ਕਿ ਉਸਦੇ ਕੱਪਡ਼ੇ ਵੀ ਪਾਟ ਗਏ। ਉਥੇ ਹੀ ਕਿਸੇ ਨੇ ਇਸ ਸਾਰੀ ਘਟਨਾ ਦੀ ਵੀਡੀਓ ਬਣਾ ਕੇ ਵਾਇਰਲ ਕਰ ਦਿੱਤੀ। ਲਡ਼ਕੇ ਦੇ ਪਰਿਵਾਰਕ ਮੈਂਬਰਾਂ ਨੇ ਆਪਣੇ ਵਕੀਲ ਰਾਹੀਂ ਤੁਰੰਤ ਜ਼ਿਲਾ ਸੈਸ਼ਨ ਜੱਜ ਨੂੰ ਸ਼ਿਕਾਇਤ ਦਿੱਤੀ, ਜਿਸ ’ਤੇ ਮਾਣਯੋਗ ਸੈਸ਼ਨ ਜੱਜ ਨੇ ਇਸ ਨੂੰ ਗੰਭੀਰਤਾ ਨਾਲ ਲੈਂਦਿਆਂ ਡਿਊਟੀ ਮੈਜਿਸਟ੍ਰੇਟ ਨੂੰ ਇਸ ਮਾਮਲੇ ਦੀ ਜਾਂਚ ਕਰਨ ਦੇ ਹੁਕਮ ਜਾਰੀ ਕਰ ਦਿੱਤੇ। ਡਿਊਟੀ ਮੈਜਿਸਟ੍ਰੇਟ ਨੇ ਜਿਵੇਂ ਹੀ ਸੀ. ਆਈ. ਏ.-1 ਵਿਚ ਛਾਪਾਮਾਰੀ ਕੀਤੀ ਤਾਂ ਇਸ ਦੀ ਭਣਕ ਪੁਲਸ ਥਾਣੇ ਨੂੰ ਲੱਗ ਚੁੱਕੀ ਸੀ ਅਤੇ ਪੀਡ਼ਤ ਨੂੰ ਪਹਿਲਾਂ ਹੀ ਭਜਾ ਦਿੱਤਾ ਗਿਆ। ਵਿਸ਼ਾਲ ਦੇ ਪਰਿਵਾਰਕ ਮੈਂਬਰਾਂ ਨੇ ਦੋਸ਼ ਲਾਇਆ ਕਿ ਪੁਲਸ ਨੇ ਉਸਦੇ ਬੇਟੇ ਨਾਲ ਅਣਮਨੁੱਖੀ ਵਰਤਾਅ ਕੀਤਾ। ਉਨ੍ਹਾਂ ਦੱਸਿਆ ਕਿ ਜਿਵੇਂ ਹੀ ਪੁਲਸ ਵਿਸ਼ਾਲ ਨੂੰ ਚੁੱਕਣ ਆਈ ਤਾਂ ਉਨ੍ਹਾਂ ਕਿਹਾ ਕਿ ਉਹ ਪੈਰੋਲ ’ਤੇ ਆਇਆ ਹੈ ਤੁਸੀਂ ਤਲਾਸ਼ੀ ਲੈ ਸਕਦੇ ਹੋ ਪਰ ਉਹ ਨਹੀਂ ਮੰਨੇ ਅਤੇ ਉਸਨੂੰ ਜਬਰੀ ਘਸੀਟਦਿਆਂ ਗੱਡੀ ਵੱਲ ਲੈ ਗਏ ਆਪਣੇ ਬਚਾਅ ’ਚ ਪੀਡ਼ਤ ਨੇ ਕਾਫੀ ਵਿਰੋਧ ਕੀਤਾ ਪਰ ਪੁਲਸ ਟਸ ਤੋਂ ਮਸ ਨਹੀਂ ਹੋਈ। ਇਸ ਮਾਮਲੇ ਦੀ ਪੂਰੀ ਵੀਡੀਓ ਸੋਸ਼ਲ ਮੀਡੀਆ ’ਤੇ ਵੀ ਵਾਇਰਲ ਹੋ ਚੁੱਕੀ ਹੈ।