ਨੌਜਵਾਨ ਫ਼ੌਜੀ ਦੀ ਅਚਾਨਕ ਹੋਈ ਮੌਤ, ਸਰਕਾਰੀ ਸਨਮਾਨਾਂ ਨਾਲ ਦਿੱਤੀ ਗਈ ਅੰਤਿਮ ਵਿਦਾਈ
Saturday, Jun 05, 2021 - 11:19 AM (IST)
ਸਾਦਿਕ (ਪਰਮਜੀਤ): ਸਾਦਿਕ ਨੇੜੇ ਪਿੰਡ ਮਾਨੀ ਸਿੰਘ ਵਾਲਾ ਦੇ ਨੌਜਵਾਨ ਫੌਜੀ ਦੀ ਅਚਾਨਕ ਮੌਤ ਹੋ ਜਾਣ ਨਾਲ ਇਲਾਕੇ ਵਿੱਚ ਸੋਗ ਦੀ ਲਹਿਰ ਦੌੜ ਗਈ। ਮਿਲੀ ਜਾਣਕਾਰੀ ਮੁਤਾਬਕ ਸਾਦਿਕ ਵਿਖੇ ਫਰੀਦਕੋਟ ਰੋਡ ’ਤੇ ਰਹਿੰਦੇ ਰਣਧੀਰ ਸਿੰਘ ਧੀਰਾ ਪੁੱਤਰ ਸੁਖਦੇਵ ਸਿੰਘ ਗਿੱਲ (27) ਦੀ ਫੌਜ ਵਿੱਚ ਚੰਡੀਗੜ੍ਹ ਵਿਖੇ ਡਿਊਟੀ ਸੀ। ਕੁਝ ਦਿਨ ਪਹਿਲਾਂ ਉਸ ਦੀ ਅਚਾਨਕ ਸਿਹਤ ਖ਼ਰਾਬ ਹੋਣ ਉਪਰੰਤ ਚੰਡੀਗੜ੍ਹ ਦੇ ਹਸਪਤਾਲ ਵਿੱਚ ਮੌਤ ਹੋ ਗਈ।
ਇਹ ਵੀ ਪੜ੍ਹੋ: ਵਿਧਾਇਕ ਬਲਜਿੰਦਰ ਕੌਰ ਸਮੇਤ ਕਈ 'ਆਪ' ਆਗੂਆਂ 'ਤੇ ਮਾਮਲਾ ਦਰਜ, ਲੰਬੀ ਥਾਣੇ ਸਾਹਮਣੇ ਦਿੱਤਾ ਸੀ ਧਰਨਾ
ਮੌਤ ਦੀ ਖ਼ਬਰ ਸੁਣ ਕੇ ਉਸ ਦੀ ਪਤਨੀ ਦੀ ਸਿਹਤ ਅਚਾਨਕ ਵਿਗੜ ਗਈ ਤੇ ਉਸ ਨੂੰ ਹਸਪਾਤਲ ਲਿਜਾਇਆ ਗਿਆ ਜਿਥੇ ਉਸ ਨੂੰ ਇਲਾਜ ਉਪਰੰਤ ਛੁੱਟੀ ਦੇ ਦਿੱਤੀ ਗਈ। ਉਸ ਦੀ ਮ੍ਰਿਤਕ ਦੇਹ ਨੂੰ ਪਿੰਡ ਲਿਆਂਦਾ ਗਿਆ। ਫੌਜ ਦੀ ਟੁਕੜੀ ਵੱਲੋਂ ਮਾਤਮੀ ਧੁਨ ਵਜਾ ਕੇ ਅੰਤਿਮ ਵਿਦਾਇਗੀ ਦਿੱਤੀ ਗਈ। ਫੌਜ ਦੇ ਉੱਚ ਅਧਿਕਾਰੀਆਂ, ਸਰਪੰਚ ਹਰਮੇਸ਼ ਸਿੰਘ ਬਰਾੜ, ਦੀਪਕ ਕੁਮਾਰ ਸੋਨੂੰ ਚੇਅਰਮੈਨ ਮਾਰਕੀਟ ਕਮੇਟੀ ਸਾਦਿਕ ਅਤੇ ਮ੍ਰਿਤਕ ਦੇ 4 ਸਾਲ ਦੇ ਪੁੱਤਰ ਵੱਲੋਂ ਮ੍ਰਿਤਕ ਦੇਹ 'ਤੇ ਫੁੱਲ ਮਾਲਾਵਾਂ ਚੜ੍ਹਾਈਆਂ ਗਈਆਂ। ਦੇਰ ਰਾਤ ਧੀਰਾ ਦਾ ਸਰਕਾਰੀ ਸਨਮਾਨਾਂ ਨਾਲ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਮ੍ਰਿਤਕ ਆਪਣੇ ਪਿੱਛੇ ਮਾਪੇ, ਪਤਨੀ ਤੇ ਇੱਕ ਚਾਰ ਸਾਲ ਦੇ ਪੁੱਤਰ ਨੂੰ ਰੋਂਦਿਆਂ ਛੱਡ ਗਿਆ।
ਇਹ ਵੀ ਪੜ੍ਹੋ: ਸ਼ੇਰਪੁਰ ਦੀ ਧੀ ਨੇ ਆਸਟਰੇਲੀਆ ’ਚ ਰੌਸ਼ਨ ਕੀਤਾ ਪੰਜਾਬ ਦਾ ਨਾਂ, ਪ੍ਰਾਪਤ ਕੀਤੀ ਲਾਅ 'ਚ ਪ੍ਰੈਕਟਿਸ ਕਰਨ ਦੀ ਡਿਗਰੀ