ਸ਼ਗਨਾਂ ਵਾਲੇ ਦਿਨ ਬੁਝ ਗਿਆ ਘਰ ਦਾ ਚਿਰਾਗ, ''ਆ ਕੇ ਰੱਖੜੀ ਬੰਨ੍ਹਾਉਂਦਾ...'' ਕਹਿ ਕੇ ਗਿਆ ਮੁੜ ਨਾ ਆਇਆ ਨੌਜਵਾਨ
Tuesday, Aug 20, 2024 - 02:53 AM (IST)
ਨਿਹਾਲ ਸਿੰਘ ਵਾਲਾ (ਰਣਜੀਤ ਬਾਵਾ, ਗੋਪੀ ਰਾਊਕੇ, ਕਸ਼ਿਸ਼)- ਥਾਣਾ ਨਿਹਾਲ ਸਿੰਘ ਵਾਲਾ ਵਿਖੇ ਪਿਛਲੇ ਕੁਝ ਦਿਨਾਂ ਤੋਂ ਚੱਲ ਰਹੀਆਂ ਖੂਨੀ ਝੜਪਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ। ਇਸੇ ਦੌਰਾਨ ਉੱਥੇ ਅਜਿਹੀ ਇਕ ਹੋਰ ਤਾਜ਼ੀ ਘਟਨਾ ਸਾਹਮਣੇ ਆਈ ਹੈ, ਜਿੱਥੇ ਨਜ਼ਦੀਕੀ ਪਿੰਡ ਰਣਸੀਂਹ ਕਲਾਂ ਵਿਖੇ ਹੋਈ ਖੂਨੀ ਝੜਪ ਵਿੱਚ ਇੱਕ ਨੌਜਵਾਨ ਦਾ ਕਤਲ ਕਰ ਦਿੱਤਾ ਗਿਆ ਹੈ।
ਜਾਣਕਾਰੀ ਅਨੁਸਾਰ ਆਪਸੀ ਰੰਜਿਸ਼ ਦੇ ਚੱਲਦਿਆਂ ਦੋ ਧਿਰਾਂ ਵਿਚਾਲੇ ਟਕਰਾਅ ਹੋ ਗਿਆ, ਜਿਸ ਦੌਰਾਨ ਮੋਟਰਸਾਇਕਲ ਸਵਾਰ ਨੌਜਵਾਨ ਅਮਨਿੰਦਰ ਸਿੰਘ ਉਰਫ਼ ਜੱਸਾ ਪੁੱਤਰ ਨਿਰਮਲ ਸਿੰਘ ਵਾਸੀ ਰਣਸੀਂਹ ਕਲਾਂ ਦਾ ਕਤਲ ਕਰ ਦਿੱਤਾ ਗਿਆ। ਮ੍ਰਿਤਕ ਨੌਜਵਾਨ ਦਾ ਮੋਟਰਸਾਇਕਲ ਟੁੱਟਿਆ ਹੋਇਆ ਸੀ ਅਤੇ ਉਸ ਦੇ ਸਿਰ ਅਤੇ ਪੱਟ 'ਤੇ ਸੱਟਾਂ ਦੇ ਨਿਸ਼ਾਨ ਸਨ।
ਵਾਰਦਾਤ ਦਾ ਪਤਾ ਲੱਗਦਿਆਂ ਹੀ ਨਿਹਾਲ ਸਿੰਘ ਵਾਲਾ ਦੇ ਡੀ.ਐੱਸ.ਪੀ. ਅਨਵਰ ਅਲੀ, ਥਾਣਾ ਮੁੱਖ ਅਫ਼ਸਰ ਅਮਰਜੀਤ ਸਿੰਘ ਗਿੱਲ ਅਤੇ ਐਡੀਸ਼ਨਲ ਐੱਸ.ਐੱਚ.ਓ. ਪੂਰਨ ਸਿੰਘ ਦੀ ਅਗਵਾਈ ਹੇਠ ਵੱਡੀ ਗਿਣਤੀ 'ਚ ਪੁਲਸ ਫੋਰਸ ਪਹੁੰਚ ਗਈ। ਪੁਲਸ ਅਧਿਕਾਰੀਆਂ ਨੇ ਲਾਸ਼ ਨੂੰ ਕਬਜ਼ੇ 'ਚ ਲੈ ਲਿਆ ਹੈ ਅਤੇ ਦੱਸਿਆ ਕਿ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ- ਕੋਲਕਾਤਾ ਰੇਪ ਤੇ ਕਤਲ ਮਾਮਲੇ 'ਚ ਮਹਿਲਾ ਡਾਕਟਰ ਦੇ ਮਾਪਿਆਂ ਦਾ ਵੱਡਾ ਬਿਆਨ, ਕੀਤੇ ਕਈ ਅਹਿਮ ਖੁਲਾਸੇ
ਮ੍ਰਿਤਕ ਨੌਜਵਾਨ ਅਮਨਿੰਦਰ ਸਿੰਘ ਉਰਫ਼ ਜੱਸਾ ਦੇ ਭਰਾ ਬੂਟਾ ਸਿੰਘ ਪੁੱਤਰ ਨਿਰਮਲ ਸਿੰਘ ਵਾਸੀ ਰਣਸੀਂਹ ਕਲਾਂ ਨੇ ਦੱਸਿਆ ਕਿ ਇਹ ਸਾਰਾ ਮਾਮਲਾ ਪੁਰਾਣੀ ਰੰਜਿਸ਼ ਦਾ ਹੈ। ਉਸ ਨੇ ਦੱਸਿਆ ਕਿ ਮ੍ਰਿਤਕ ਅਮਨਿੰਦਰ ਸਿੰਘ ਦੀ ਪਿੰਡ ਦੇ ਕੁਝ ਵਿਅਕਤੀਆਂ ਨਾਲ ਆਪਣੀ ਰੰਜਿਸ਼ ਚੱਲ ਰਹੀ ਸੀ, ਜਿਸ ਨੂੰ ਕੁਝ ਦਿਨ ਪਹਿਲਾਂ ਪਿੰਡ ਦੇ ਸਰਪੰਚ ਨਾਲ ਗੱਲਬਾਤ ਰਾਹੀਂ ਹੱਲ ਕਰ ਲਿਆ ਗਿਆ ਸੀ।
ਪਰ ਦੂਜੀ ਧਿਰ ਦੇ ਮੁੰਡਿਆਂ ਨੇ ਇਸ ਲੜਾਈ ਨੂੰ ਮੁੜ ਛੇੜ ਕੇ ਉਸ ਦੇ ਭਰਾ ਅਮਨਿੰਦਰ ਸਿੰਘ ਉਰਫ਼ ਜੱਸਾ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਅੱਜ ਰੱਖੜੀ ਵਾਲਾ ਦਿਨ ਹੋਣ ਕਰਕੇ ਉਹ ਦੋਵੇਂ ਭਰਾ ਘਰ ਹੀ ਸੀ, ਪਰ ਅਮਨਿੰਦਰ ਸਿੰਘ ਘਰੋਂ ਇਹ ਕਹਿ ਕੇ ਬਾਹਰ ਚਲਾ ਗਿਆ ਕਿ ਮੈਂ ਆ ਕੇ ਰੱਖੜੀ ਬੰਨਾਉਦਾ ਹਾਂ, ਪਰ ਬਾਅਦ ਵਿੱਚ ਉਸ ਦੇ ਕਤਲ ਦੀ ਖ਼ਬਰ ਆ ਗਈ। ਉਨ੍ਹਾਂ ਪੁਲਸ ਪ੍ਰਸ਼ਾਸਨ ਅੱਗੇ ਗੁਹਾਰ ਲਗਾਉਂਦਿਆਂ ਇਨਸਾਫ਼ ਦੀ ਮੰਗ ਕੀਤੀ ਹੈ ਤੇ ਕਿਹਾ ਕਿ ਉਸ ਦੇ ਭਰਾ ਨੂੰ ਮੌਤ ਦੇ ਘਾਟ ਉਤਾਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ।
ਇਹ ਵੀ ਪੜ੍ਹੋ- ਸੁਖਬੀਰ ਬਾਦਲ ਨੇ ਵਿਸ਼ਾਲ ਇਕੱਠ ਨੂੰ ਕੀਤਾ ਸੰਬੋਧਨ, ਕਿਹਾ- 'ਖਾਲਸਾ ਪੰਥ ਦੇ ਹਿੱਤਾਂ ਨਾਲ ਕਦੇ ਨਹੀਂ ਕਰਾਂਗੇ ਸਮਝੌਤਾ...'
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e