ਵਿਦੇਸ਼ ''ਚ 4 ਭੈਣਾਂ ਦਾ ਇਕਲੌਤਾ ਭਰਾ ਸ਼ੱਕੀ ਹਾਲਤ ''ਚ ਲਾਪਤਾ

05/16/2020 12:26:30 AM

ਹੁਸ਼ਿਆਰਪੁਰ,(ਅਮਰਿੰਦਰ)- ਘਰ ਦੀ ਗਰੀਬੀ ਦੂਰ ਕਰਨ ਲਈ ਹੁਸ਼ਿਆਰਪੁਰ-ਟਾਂਡਾ ਰੋਡ 'ਤੇ ਸਥਿਤ ਲਾਚੋਵਾਲ ਪਿੰਡ ਤੋਂ 26 ਸਾਲ ਦਾ ਰਾਜ ਕੁਮਾਰ ਦੋਹਾ ਕਤਰ ਕਮਾਈ ਕਰਨ ਲਈ ਨਿਕਲਿਆ ਸੀ। ਪਿਛਲੇ ਇਕ ਸਾਲ ਤੋਂ ਰਾਜਕੁਮਾਰ ਦੇ ਦੋਹਾ ਕਤਰ 'ਚ ਭੇਦਭਰੀ ਹਾਲਾਤ ਵਿਚ ਲਾਪਤਾ ਹੋ ਜਾਣ ਤੋਂ ਬਾਅਦ ਪਰਿਵਾਰਕ ਮੈਂਬਰ ਉਸਦੀ ਭਾਲ 'ਚ ਦਰ-ਦਰ ਦੀਆਂ ਠੋਕਰਾਂ ਖਾਣ ਲਈ ਮਜ਼ਬੂਰ ਹਨ। 4 ਭੈਣਾਂ ਦੇ ਇਕਲੌਤੇ ਭਰਾ ਰਾਜ ਕੁਮਾਰ ਦੀ ਖੋਜ-ਖਬਰ ਲੈਣ ਲਈ ਆਪਣੇ ਮਾਤਾ-ਪਿਤਾ ਦੇ ਨਾਲ ਚਾਰੇ ਭੈਣਾਂ ਨੇਤਾਵਾਂ ਤਕ ਦੇ ਦਰਵਾਜੇ ਖੜਕਾ ਚੁਕੀਆਂ ਹਨ ਪਰ ਰਾਜ ਕੁਮਾਰ ਦਾ ਕੋਈ ਸੁਰਾਗ ਨਹੀਂ ਮਿਲਣ ਕਰਕੇ ਅੱਜ ਵੀ ਪਰਿਵਾਰ ਪਥਰਾਈਆਂ ਅੱਖਾਂ ਨਾਲ ਆਪਣੇ ਜਿਗਰ ਦੇ ਟੁਕੜੇ ਦੇ ਸੁਰੱਖਿਅਤ ਘਰ ਪਰਤਣ ਦਾ ਇੰਤਜਾਰ ਕਰ ਰਿਹਾ ਹੈ।

1 ਨਵੰਬਰ 2018 ਨੂੰ ਪਿੰਡ ਤੋਂ ਗਿਆ ਸੀ ਦੋਹਾ ਕਤਰ
ਲਾਚੋਵਾਲ ਪਿੰਡ ਵਿਚ ਅੱਜ ਦੁਪਹਿਰ ਬਾਅਦ ਦੋਹਾ ਕਤਰ 'ਚ ਭੇਦਭਰੀ ਹਾਲਾਤ ਵਿਚ ਲਾਪਤਾ ਚੱਲ ਰਹੇ ਰਾਜਕੁਮਾਰ ਦੇ ਪਿਤਾ ਦੇਵਰਾਜ, ਮਾਂ ਤੀਰਥ ਕੌਰ ਦੇ ਨਾਲ ਚਾਰੇ ਭੈਣਾਂ ਊਸ਼ਾ ਰਾਣੀ, ਆਸ਼ਾ ਰਾਣੀ, ਰਾਜ ਕੁਮਾਰੀ ਅਤੇ ਕਮਲਜੀਤ ਕੌਰ ਨੇ ਰੋਂਦੇ ਹੋਏ ਦੱਸਿਆ ਕਿ ਬਾਰ੍ਹਵੀਂ ਤੱਕ ਪੜ੍ਹਾਈ ਕਰਨ ਤੋਂ ਬਾਅਦ ਰਾਜ ਕੁਮਾਰ ਘਰ ਦੀ ਬਿਹਤਰੀ ਲਈ 1 ਨਵੰਬਰ 2018 ਨੂੰ ਦੋਹਾ ਕਤਰ ਲਈ ਘਰ ਵੱਲੋਂ ਨਿਕਲਿਆ ਸੀ। ਦੋਹਾ ਕਤਰ 'ਚ ਬਿਲਡਿੰਗ ਕੰਸਟਰਕਸ਼ਨ ਕੰਪਨੀ 'ਚ ਕੰਮ ਕਰਦੇ ਹੋਏ ਘਰ ਪੈਸੇ ਵੀ ਭੇਜਦਾ ਸੀ ਪਰ ਮਈ 2019 ਦੇ ਸ਼ੁਰੂਆਤ ਵਿਚ ਇਕ ਦਿਨ ਰਾਜ ਕੁਮਾਰ ਨੇ ਫੋਨ 'ਤੇ ਦੱਸਿਆ ਕਿ ਉਹ ਹੁਣ ਦੋਹਾ ਕਤਰ ਵਿਚ ਹੀ ਜੇ. ਸੀ. ਬੀ. ਮਸ਼ੀਨ ਸਿੱਖਣ ਦਾ ਕੰਮ ਕਰੇਗਾ, ਕੁੱਝ ਸਮੇ ਲਈ ਉਹ ਪੈਸੇ ਘਰ ਨਹੀਂ ਭੇਜੇਗਾ। ਇਸ ਦੌਰਾਨ 8 ਮਈ 2019 ਨੂੰ
ਉਸਦਾ ਫੋਨ ਵੀ ਆਇਆ ਸੀ ਪਰ ਉਸਤੋਂ ਬਾਅਦ ਫੋਨ ਆਉਣਾ ਬੰਦ ਹੋ ਗਿਆ।

ਕੰਪਨੀ ਵਾਲਿਆਂ ਨੇ ਦੱਸਿਆ ਕਿ ਰਾਜ ਕੁਮਾਰ ਪਰਤ ਚੁੱਕਾ ਹੈ ਭਾਰਤ
ਲਾਚੋਵਾਲ 'ਚ ਮੀਡੀਆ ਨਾਲ ਗੱਲਬਾਤ ਦੌਰਾਨ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ 8 ਮਈ 2019 ਦੇ ਬਾਅਦ ਫੋਨ ਬੰਦ ਹੋ ਜਾਣ ਦੇ ਬਾਅਦ ਜਦੋਂ ਉਸਨੇ ਟਰੈਵਲ ਏਜੈਂਟ ਦੇ ਜਰੀਏ ਕੰਪਨੀ ਵਾਲਿਆਂ ਨਾਲ ਗੱਲ ਕੀਤੀ ਤਾਂ ਕੰਪਨੀ ਨੇ ਦੱਸਿਆ ਕਿ ਰਾਜ ਕੁਮਾਰ ਤਾਂ ਭਾਰਤ ਵਾਪਸ ਚਲਾ ਗਿਆ ਹੈ। ਫੋਨ 'ਤੇ ਕੰਪਨੀ ਵਾਲਿਆਂ ਨੇ ਉਸਦੇ ਟਿਕਟ ਦੀ ਵੀ ਜਾਣਕਾਰੀ ਦਿੱਤੀ। ਇਹ ਸੁਣ ਅਸੀਂ ਲੋਕ ਦਿੱਲੀ ਏਅਰਪੋਰਟ ਵੀ ਰਾਜ ਕੁਮਾਰ ਦੀ ਤਲਾਸ਼ ਵਿਚ ਗਏ ਪਰ ਏਅਰਪੋਰਟ 'ਤੇ ਰਾਜ ਕੁਮਾਰ ਦੇ ਦੋਹੇ ਕਤਰ ਤੋਂ ਪਰਤਣ ਦੀ ਕੋਈ ਜਾਣਕਾਰੀ ਨਹੀਂ ਮਿਲੀ।

ਮੋਦੀ ਸਾਹਿਬ, ਮੇਰੇ ਰਾਜ ਕੁਮਾਰ ਦੀ ਭਾਲ ਕਰਨ 'ਚ ਕਰੋ ਮਦਦ
ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਦਿੱਲੀ ਏਅਰਪੋਰਟ ਤੋਂ ਪਰਤਣ ਤੋਂ ਬਾਅਦ ਅਸੀਂ ਲੋਕ ਰਾਜ ਕੁਮਾਰ ਦੀ ਤਲਾਸ਼ 'ਚ ਜ਼ਿਲਾ ਪ੍ਰਸ਼ਾਸਨ ਦੇ ਨਾਲ-ਨਾਲ ਹੁਸ਼ਿਆਰਪੁਰ ਦੇ ਰਾਜਨੇਤਾਵਾਂ ਤੋਂ ਇਲਾਵਾ ਰਾਮੂਵਾਲੀਆ, ਭਗਵੰਤ ਮਾਨ ਨਾਲ ਵੀ ਮਿਲ ਚੁੱਕੇ ਹਾਂ ਪਰ ਪਿਛਲੇ ਇਕ ਸਾਲ ਤੋਂ ਸਾਨੂੰ ਕਿਸੇ ਨੇ ਕੋਈ ਮਦਦ ਨਹੀਂ ਕੀਤੀ ਹੈ। ਅਜਿਹੇ ਵਿਚ ਹੁਣ ਸਾਡੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਅਪੀਲ ਕੀਤੀ ਹੈ ਕਿ ਉਹ ਰਾਜ ਕੁਮਾਰ ਦੀ ਭਾਲ 'ਚ ਮਦਦ ਕਰਨ।


Deepak Kumar

Content Editor

Related News