2 ਭੈਣਾਂ ਦੇ ਇਕਲੌਤੇ ਭਰਾ ਦੀ ਕਰੰਟ ਲੱਗਣ ਨਾਲ ਮੌਤ
Tuesday, Oct 22, 2019 - 06:50 PM (IST)

ਕਾਠਗੜ੍ਹ,(ਰਾਜੇਸ਼/ਬੈਂਸ): ਸ਼ਹਿਰ 'ਚ ਇਕ ਨੌਜਵਾਨ ਦੀ ਕਰੰਟ ਲੱਗਣ ਨਾਲ ਮੌਤ ਹੋ ਜਾਣ ਦਾ ਸਮਾਚਾਰ ਮਿਲਿਆ ਹੈ। ਟਿੱਪਰ 'ਤੇ ਤਿਰਪਾਲ ਪਾਉਂਦੇ ਸਮੇਂ ਕਰੰਟ ਲੱਗਣ ਨਾਲ ਇਕ ਨੌਜਵਾਨ ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਮੁਤਾਬਕ ਪਿੰਡ ਰੈਲ ਮਾਜਰਾ ਦਾ 24-25 ਸਾਲਾ ਨੌਜਵਾਨ ਜੋਬਨਪ੍ਰੀਤ ਪਿਤਾ ਪਿਆਰਾ ਸਿੰਘ ਡਰਾਇਵਰੀ ਕਰਦਾ ਸੀ। ਜੋਬਨਪ੍ਰੀਤ ਪਿੰਡ ਹਸਨਪੁਰ ਦੇ ਵਸਨੀਕ ਮਨਜੀਤ ਚੌਹਾਨ ਦਾ ਟਿੱਪਰ ਚਲਾਉਂਦਾ ਸੀ ਤੇ ਉਹ ਅੱਜ ਵੀ ਟਿੱਪਰ ਲੋਡ ਕਰਕੇ ਉਸ ਉੱਪਰ ਜਦ ਤਿਰਪਾਲ ਪਾਉਣ ਲੱਗਾ ਤਾਂ ਅਚਾਨਕ ਉੱਪਰੋਂ ਲੰਘਦੀਆਂ ਹਾਈਵੋਲਟੇਜ਼ ਤਾਰਾਂ ਨਾਲ ਉਸਦਾ ਸਰੀਰ ਟੱਚ ਹੋ ਗਿਆ। ਜਿਸ ਨਾਲ ਉਸ ਨੂੰ ਜ਼ੋਰਦਾਰ ਕਰੰਟ ਲੱਗਾ ਤੇ ਉਹ ਗੰਭੀਰ ਜ਼ਖ਼ਮੀ ਹੋ ਕੇ ਡਿਗ ਪਿਆ। ਉਸ ਨੂੰ ਟਿੱਪਰ ਮਾਲਕ ਤੁਰੰਤ ਇਲਾਜ ਲਈ ਬਲਾਚੌਰ ਦੇ ਸਿਵਲ ਹਸਪਤਾਲ ਲੈ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਜ਼ਿਕਰਯੋਗ ਹੈ ਕਿ ਨੌਜਵਾਨ 2 ਭੈਣਾਂ ਦਾ ਇਕਲੌਤਾ ਭਰਾ ਸੀ ਤੇ ਉਹ ਬਹੁਤ ਹੀ ਗਰੀਬ ਪਰਿਵਾਰ ਨਾਲ ਸਬੰਧ ਰੱਖਦਾ ਹੈ। ਨੌਜਵਾਨ ਦੇ ਮਾਪੇ ਬਜ਼ੁਰਗ ਹਨ ਤੇ ਉਹ ਇੱਕਲਾ ਹੀ ਪੂਰੇ ਪਰਿਵਾਰ ਦਾ ਖਰਚਾ ਚਲਾ ਰਿਹਾ ਸੀ। ਜਿਸ ਦੀ ਮੌਤ ਨਾਲ ਪੂਰੇ ਪਿੰਡ 'ਚ ਸਨਾਟਾ ਛਾ ਗਿਆ। ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਕਾਠਗੜ੍ਹ ਦੇ ਐੱਸ. ਐੱਚ. ਓ. ਪਰਮਿੰਦਰ ਸਿੰਘ ਆਪਦੀ ਪੁਲਸ ਪਾਰਟੀ ਨਾਲ ਬਲਾਚੌਰ ਹਸਪਤਾਲ ਪਹੁੰਚ ਗਏ, ਜਿੱਥੇ ਉਨ੍ਹਾਂ ਨੇ 174 ਦੀ ਕਾਰਵਾਈ ਕਰਦੇ ਹੋਏ ਮ੍ਰਿਤਕ ਦਾ ਪੋਸਟਮਾਰਟਮ ਕਰਵਾ ਦਿੱਤਾ ਹੈ।